ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਨੇ ਕੇਂਦਰੀ ਵਿੱਤ ਮੰਤਰੀ ਅਤੇ ਜਾਂਚ ਏਜੰਸੀਆਂ ਦੀ ਖਾਮੋਸ਼ੀ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਅਡਾਨੀ ਗਰੁੱਪ ’ਚ ਪੈਸਾ ਲੱਗਾ ਹੋਣ ਕਾਰਨ ਐੱਲਆਈਸੀ ਅਤੇ ਐੱਸਬੀਆਈ ਨੂੰ ਸ਼ੇਅਰ ਬਾਜ਼ਾਰ ’ਚ 78 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਗੁਆਉਣੀ ਪਈ ਹੈ। ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਐੱਲਆਈਸੀ ਅਤੇ ਐੱਸਬੀਆਈ ਨੇ ਅਡਾਨੀ ਗਰੁੱਪ ’ਚ ਨਿਵੇਸ਼ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ,‘‘ਐੱਲਆਈਸੀ ’ਚ ਲੋਕਾਂ ਦਾ ਪੈਸਾ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਐੱਲਆਈਸੀ ਦਾ ਨਿਵੇਸ਼ 77 ਹਜ਼ਾਰ ਕਰੋੜ ਸੀ ਜੋ ਰਿਪੋਰਟ ਆਉਣ ਮਗਰੋਂ ਘੱਟ ਕੇ 53 ਹਜ਼ਾਰ ਕਰੋੜ ਰੁਪਏ ਰਹਿ ਗਿਆ ਯਾਨੀ ਐੱਲਆਈਸੀ ਨੂੰ 23,500 ਕਰੋੜ ਰੁਪਏ ਦਾ ਘਾਟਾ ਪਿਆ। ਪਤਾ ਨਹੀ ਐੱਲਆਈਸੀ ਅਜੇ ਵੀ ਅਡਾਨੀ ਗਰੁੱਪ ’ਚ ਨਿਵੇਸ਼ ਕਿਉਂ ਕਰ ਰਹੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਰਿਪੋਰਟ ਆਉਣ ਮਗਰੋਂ ਐੱਸਬੀਆਈ ਸ਼ੇਅਰਾਂ ਦੀ ਪੂੰਜੀ 54,618 ਕਰੋੜ ਰੁਪਏ ਤੱਕ ਘੱਟ ਗਈ।