ਪਾਕਿਸਤਾਨ ਲਈ ਜ਼ਰੂਰੀ ਹੈ ਕਿ ਉਹ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੀਆਂ ਸਾਰੀਆਂ ਸਿਫ਼ਾਰਸ਼ਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰੇ। ਉਹ ਹਰ ਹਾਲ ਵਿਚ ਅੱਤਵਾਦੀਆਂ ਨੂੰ ਮਿਲਣ ਵਾਲੇ ਧਨ ਦਾ ਪ੍ਰਵਾਹ ਰੋਕੇ। ਇਹ ਗੱਲ ਦੱਖਣੀ ਏਸ਼ੀਆ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਐਲਿਸ ਵੇਲ ਨੇ ਕਹੀ ਹੈ। ਐੱਫਏਟੀਐੱਫ ਅੱਤਵਾਦੀਆਂ ਅਤੇ ਅਪਰਾਧੀਆਂ ਨੂੰ ਮਿਲਣ ਵਾਲੇ ਧਨ ‘ਤੇ ਨਜ਼ਰ ਰੱਖਦਾ ਹੈ ਅਤੇ ਉਸ ਨੂੰ ਰੋਕਣ ਲਈ ਦੇਸ਼ਾਂ ਨੂੰ ਉਪਾਅ ਦੱਸਦਾ ਹੈ।
ਐੱਫਏਟੀਐੱਫ ਦੀਆਂ ਸਿਫ਼ਾਰਸ਼ਾਂ ‘ਤੇ ਅਮਲ ਲਈ ਅੱਤਵਾਦੀ ਜਮਾਤਾਂ ‘ਤੇ ਕਾਰਵਾਈ ਦੀ ਰਿਪੋਰਟ ਜਿਵੇਂ-ਜਿਵੇਂ ਸਾਹਮਣੇ ਆਏਗੀ, ਅਮਰੀਕਾ ਨੂੰ ਪਾਕਿਸਤਾਨ ਵਿਚ ਯਾਤਰਾ ਲਈ ਸਲਾਹ ਦੇ ਪੱਧਰ ਵਿਚ ਸੁਧਾਰ ਦਾ ਮੌਕਾ ਮਿਲੇਗਾ। ਅਜੇ ਪਾਕਿਸਤਾਨ ਦੀਆਂ ਖ਼ਤਰਨਾਕ ਸਥਿਤੀਆਂ ਕਾਰਨ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਉਥੇ ਦੀ ਯਾਤਰਾ ਲਈ ਆਪਣੇ ਨਾਗਰਿਕਾਂ ਨੂੰ ਸਾਵਧਾਨ ਕਰ ਰੱਖਿਆ ਹੈ। ਇਸ ਕਾਰਨ ਘੱਟ ਗਿਣਤੀ ਵਿਚ ਵਿਦੇਸ਼ੀ ਨਾਗਰਿਕ ਪਾਕਿਸਤਾਨ ਆਉਂਦੇ ਹਨ ਅਤੇ ਉਸ ਨਾਲ ਪਾਕਿਸਤਾਨ ਦੀ ਸੈਰ-ਸਪਾਟਾ ਸਨਅਤ ਅਤੇ ਉਥੋਂ ਦੀ ਅਰਥ-ਵਿਵਸਥਾ ‘ਤੇ ਅਸਰ ਪੈਂਦਾ ਹੈ। ਕਾਨੂੰਨ ਵਿਵਸਥਾ ਦੀ ਖ਼ਰਾਬ ਸਥਿਤੀ ਦਰਸਾਉਣ ਵਾਲੀ ਰਿਪੋਰਟ ਨਾਲ ਵਿਦੇਸ਼ੀ ਨਿਵੇਸ਼ ਵੀ ਪ੍ਰਭਾਵਿਤ ਹੁੰਦਾ ਹੈ।
ਐਲਿਸ ਨੇ ਕਿਹਾ ਕਿ ਅਸੀਂ ਪਾਕਿਸਤਾਨ ਵਿਚ ਸੁਰੱਖਿਆ ਸਥਿਤੀਆਂ ਨੂੰ ਬਿਹਤਰ ਹੁੰਦੇ ਦੇਖਣਾ ਚਾਹੁੰਦੇ ਹਾਂ। ਜਦੋਂ ਅਜਿਹਾ ਹੋਵੇਗਾ ਤਦ ਅਸੀਂ ਆਪਣੀ ਟ੍ਰੈਵਲ ਐਡਵਾਈਜ਼ਰੀ ਵਿਚ ਬਦਲਾਅ ਕਰਾਂਗੇ। ਲੋਕਾਂ ਨੂੰ ਉੱਥੇ ਜਾਣ ਦੀ ਸਲਾਹ ਦਿਆਂਗੇ। ਐੱਫਏਟੀਐੱਫ ਦੀ ਸਿਫ਼ਾਰਸ਼ ਅਨੁਸਾਰ ਪਾਕਿਸਤਾਨ ਨੂੰ ਅੱਤਵਾਦੀ ਜਮਾਤਾਂ ਨੂੰ ਮਿਲਣ ਵਾਲੇ ਧਨ ਨੂੰ ਰੋਕਣਾ ਹੋਏਗਾ।
ਅੱਤਵਾਦੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾ ਕੇ ਉਨ੍ਹਾਂ ਨੂੰ ਸਜ਼ਾ ਦੇਣੀ ਹੋਵੇਗੀ। ਅੱਤਵਾਦੀਆਂ ਦੀ ਜਾਇਦਾਦ ਜ਼ਬਤ ਕਰਨੀ ਹੋਵੇਗੀ। ਇਸੇ ਸਾਲ ਨੌਂ ਅਪ੍ਰੈਲ ਨੂੰ ਜਾਰੀ ਟ੍ਰੈਵਲ ਐਡਵਾਈਜ਼ਰੀ ਵਿਚ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਜਾਣ ਤੋਂ ਬੱਚਣ ਦੀ ਸਲਾਹ ਦਿੱਤੀ ਹੈ। ਇਹ ਸਲਾਹ ਬਲੋਚਿਸਤਾਨ ਅਤੇ ਖ਼ੈਬਰ ਪਖਤੂੁਨਖਵਾ ਵਿਚ ਵਿਦੇਸ਼ੀ ਸੈਲਾਨੀਆਂ ਦੇ ਅਗਵਾ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਦਿੱਤੀ ਗਈ। ਨਾਲ ਹੀ ਅੱਤਵਾਦੀ ਹਮਲਿਆਂ ਦਾ ਖ਼ਤਰਾਂ ਵੀ ਪ੍ਰਗਟਾਇਆ ਗਿਆ ਹੈ। ਹਾਲਾਤ ਦੀ ਸਮੀਖਿਆ ਨਾਲ ਟ੍ਰੈਵਲ ਐਡਵਾਈਜ਼ਰੀ ਹਰ ਛੇ ਮਹੀਨੇ ਵਿਚ ਦੁਬਾਰਾ ਜਾਰੀ ਹੁੰਦੀ ਹੈ।