ਅਜੀਤ ਪਵਾਰ ਨੇ ਅੱਜ ਪਾਰਟੀ ਵਿਧਾਇਕਾਂ ਦੀ ਮੀਟਿੰਗ ’ਚ ਹਿੱਸਾ ਲਿਆ ਤੇ ਵੱਖ ਵੱਖ ਮੁੱਦਿਆਂ ’ਤੇ ਉਨ੍ਹਾਂ ਦੀ ਅਗਵਾਈ ਕੀਤੀ। ਇਸੇ ਦੌਰਾਨ ਅਜੀਤ ਪਵਾਰ ਨੇ ਕਿਹਾ ਕਿ ਉਹ ਐੱਨਸੀਪੀ ’ਚ ਹਨ ਤੇ ਐੱਨਸੀਪੀ ’ਚ ਹੀ ਰਹਿਣਗੇ। ਪਾਰਟੀ ਵਿਧਾਇਕ ਧਨੰਜੈ ਮੁੰਡੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਪਾਰਟੀਆਂ ਦੇ ਆਗੂਆਂ ਨੇ 28 ਨਵੰਬਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ, ਵਿਧਾਨ ਸਭਾ ਦੇ ਪ੍ਰਧਾਨ ਦੀ ਚੋਣ, ਭਰੋਸਗੀ ਮਤੇ, ਰਾਸ਼ਟਰੀ ਕਾਂਗਰਸ ਪਾਰਟੀ ਮੁਖੀ ਸ਼ਰਦ ਪਵਾਰ ਦੇ 12 ਦਸੰਬਰ ਨੂੰ 80ਵੇਂ ਜਨਮਦਿਨ ਮੌਕੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ, ‘ਅਸੀਂ ਭਰੋਸੇ ਦੇ ਮਤੇ ਸਬੰਧੀ ਚਰਚਾ ਕੀਤੀ। ਅਜੀਤ ਪਵਾਰ ਨੇ ਵੀ ਮੀਟਿੰਗ ’ਚ ਹਿੱਸਾ ਲਿਆ। ਉਨ੍ਹਾਂ (ਸੁਨੀਲ) ਤਟਕਰੇ ਸਾਹਿਬ ਅਤੇ (ਐੱਨਸੀਪੀ ਦੇ ਸੂਬਾਈ ਮੁਖੀ) ਜਯੰਤ ਪਾਟਿਲ ਦੇ ਨਾਲ ਨਾਲ ਸਾਡੀ ਵੀ ਅਗਵਾਈ ਕੀਤੀ।’ ਵਾਈ ਵੀ ਚੌਹਾਨ ਕੇਂਦਰ ’ਚ ਹੋਈ ਮੀਟਿੰਗ ’ਚ ਸੀਨੀਅਰ ਆਗੂ ਛਗਨ ਭੁਜਬਲ ਤੇ ਦਿਨੀਪ ਵਾਸਲੇ ਪਾਟਿਲ ਨੇ ਵੀ ਹਿੱਸਾ ਲਿਆ।
ਇਸੇ ਦੌਰਾਨ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਲਈ ਪਿਛਲੇ ਹਫ਼ਤੇ ਭਾਜਪਾ ਨੂੰ ਹਮਾਇਤ ਦੇਣ ਵਾਲੇ ਐੱਨਸੀਪੀ ਆਗੂ ਅਜੀਤ ਪਵਾਰ ਨੇ ਅੱਜ ਕਿਹਾ ਕਿ ਉਹ ਪਾਰਟੀ ’ਚ ਹੀ ਰਹਿਣਗੇ ਅਤੇ ਇਸ ਬਾਰੇ ਭਰਮ ਪੈਦਾ ਕਰਨ ਦੀ ਕੋਈ ਵਜ੍ਹਾ ਨਹੀਂ ਹੈ। ਉਨ੍ਹਾਂ ਕਿਹਾ, ‘ਮੇਰੇ ਕੋਲ ਕਹਿਣ ਨੂੰ ਅਜੇ ਕੁਝ ਨਹੀਂ ਹੈ, ਮੈਂ ਸਹੀ ਸਮਾਂ ਆਉਣ ’ਤੇ ਬੋਲਾਂਗਾ। ਮੈਂ ਪਹਿਲਾਂ ਵੀ ਕਿਹਾ ਸੀ ਮੈਂ ਐੱਨਸੀਪੀ ’ਚ ਹਾਂ ਤੇ ਇਸੇ ’ਚ ਰਹਾਂਗਾ।’ ਬੀਤੀ ਰਾਤ ਆਪਣੇ ਚਾਚਾ ਤੇ ਐੱਨਸੀਪੀ ਪ੍ਰਧਾਨ ਸ਼ਰਦ ਯਾਦਵ ਦੀ ਰਿਹਾਇਸ਼ ’ਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਆਪਣੇ ਆਗੂ ਨੂੰ ਮਿਲਣਾ ਉਨ੍ਹਾਂ ਦਾ ਅਧਿਕਾਰ ਹੈ।
ਇਸੇ ਦੌਰਾਨ ਜਦੋਂ ਅਜੀਤ ਪਵਾਰ ਅੱਜ ਸਵੇਰੇ ਵਿਧਾਨ ਸਭਾ ਪਹੁੰਚੇ ਤਾਂ ਉਨ੍ਹਾਂ ਦੀ ਚਚੇਰੀ ਭੈਣ ਅਤੇ ਲੋਕ ਸਭਾ ਮੈਂਬਰ ਸੁਪ੍ਰਿਆ ਸੂਲੇ ਨੇ ਉਨ੍ਹਾਂ ਦਾ ਗਲਵੱਕੜੀ ਪਾ ਕੇ ਸਵਾਗਤ ਕੀਤਾ। ਦੂਜੇ ਪਾਸੇ ਪਾਰਟੀ ਵਿਧਾਇਕ ਰੋਹਿਤ ਪਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਉਨ੍ਹਾਂ ਦੇ ਚਾਚਾ ਅਜੀਤ ਪਵਾਰ ਪਾਰਟੀ ’ਚ ਵਾਪਸ ਆ ਜਾਣਗੇ।
INDIA ਐੱਨਸੀਪੀ ’ਚ ਹਾਂ ਤੇ ਇਸੇ ’ਚ ਰਹਾਂਗਾ: ਅਜੀਤ