ਪਟਨਾ (ਸਮਾਜ ਵੀਕਲੀ): ਬਿਹਾਰ ਵਿੱਚ ਕਾਬਜ਼ ਧਿਰ ਕੌਮੀ ਜਮਹੂਰੀ ਗੱਠਜੋੜ ਨੂੰ ਲੰਬੇ ਹੱਥੀਂ ਲੈਂਦਿਆਂ ਸੀਪੀਆਈ ਆਗੂ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਨੇ ਅੱਜ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਮੌਜੂਦਾ ਚੋਣਾਂ ਵਿੱਚ ਵੀ ਉਹੀ ੲੇਜੰਡੇ ਭਾਰੂ ਹਨ ਜੋ 15 ਸਾਲ ਪਹਿਲਾਂ ਸਨ।
ਉਨ੍ਹਾਂ ਕਿਹਾ ਕਿ ਮੌਜੂਦਾ ਬਿਹਾਰ ਚੋਣਾਂ ’ਚ ਕਾਬਜ਼ ਧਿਰ ਦਾ ਗੱਠਜੋੜ ਏਜੰਡੇ ਤੈਅ ਕਰ ਰਿਹਾ ਹੈ ਅਤੇ ਵਿਰੋਧੀ ਧਿਰ ਆਪਣੇ ਖ਼ੁਦ ਦੇ ਮੁੱਦਿਆਂ ਨਾਲ ਬਾਹਰ ਆਉਣ ਦੀ ਥਾਂ ਸਿਰਫ਼ ਪ੍ਰਤੀਕਿਰਿਆ ਦੇ ਰਹੀ ਹੈ ਜਦੋਂਕਿ ਵਿਰੋਧੀ ਧਿਰ ਨੂੰ ਆਪਣੇ ਖ਼ੁਦ ਦੇ ਏਜੰਡੇ ਤੈਅ ਕਰਨੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਸੀਪੀਆਈ ਬਿਹਾਰ ਚੋਣਾਂ ਵਿੱਚ ਰਾਸ਼ਟਰੀ ਜਨਤਾ ਦਲ ਦੀ ਅਗਵਾਈ ਵਾਲੇ ਮਹਾਗੱਠਜੋੜ ਦਾ ਹਿੱਸਾ ਹੈ। ਇਸ ਐੱਨਡੀਏ ਵਿਰੋਧੀ ਸਮੂਹ ਦੇ ਭਾਈਵਾਲ ਵਜੋਂ ਖੱਬੀ ਪਾਰਟੀ ਚੋਣਾਂ ਦੇ ਸਾਰੇ ਤਿੰਨ ਫੇਜ਼ਾਂ ਵਿੱਚ ਛੇ ਸੀਟਾਂ ’ਤੇ ਚੋਣ ਲੜੇਗੀ। ਹਾਲਾਂਕਿ ਆਪਣੇ ਜੱਦੀ ਲੋਕ ਸਭਾ ਹਲਕੇ ਬੇਗੂਸਰਾਏ ਤੋਂ 2019 ਦੀ ਆਮ ਚੋਣ ਲੜਨ ਵਾਲੇ ਕਨ੍ਹੱਈਆ ਕੁਮਾਰ ਵਿਧਾਨ ਸਭਾ ਚੋਣ ਨਹੀਂ ਲੜ ਰਹੇ ਹਨ, ਪਰ ਉਨ੍ਹਾਂ ਦਾ ਨਾਂ ਚੋਣਾਂ ਲਈ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਪਾਇਆ ਗਿਆ ਹੈ।