ਐੱਨਡੀਏ ਛੱਡਣ ਦਾ ਸਿਰਫ਼ ਰਸਮੀ ਐਲਾਨ ਬਾਕੀ: ਰਾਊਤ

ਸੰਸਦ ਦੇ 18 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਸਰਦਰੁੱਤ ਸੈਸ਼ਨ ਤੋਂ ਪਹਿਲਾਂ ਭਲਕੇ ਐਤਵਾਰ ਨੂੰ ਦਿੱਲੀ ਵਿੱਚ ਹੋਣ ਵਾਲੀ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀ ਮੀਟਿੰਗ ਵਿੱਚ ਸ਼ਿਵ ਸੈਨਾ ਹਿੱਸਾ ਨਹੀਂ ਲਵੇਗੀ।
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਦੌਰਾਨ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਐੱਨਡੀਏ ’ਚੋਂ ਬਾਹਰ ਹੋਣ ਦਾ ਸਿਰਫ਼ ਰਸਮੀ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ। ਭਾਜਪਾ ਨੂੰ ਲੰਬੇ ਹੱਥੀਂ ਲੈਂਦਿਆਂ ਸ੍ਰੀ ਰਾਊਤ ਨੇ ਕਿਹਾ ਕਿ ਐੱਨਡੀਏ ਕਿਸੇ ਇਕ ਦੀ ਸੰਪਤੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼ਿਵ ਸੈਨਾ ਵੀ ਗੱਠਜੋੜ ਦੇ ਅਹਿਮ ਸੰਸਥਾਪਕ ਸਨ। ਸ੍ਰੀ ਰਾਊਤ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ 17 ਨਵੰਬਰ ਨੂੰ ਹੋ ਰਹੀ ਐੱਨਡੀਏ ਦੀ ਮੀਟਿੰਗ ਲਈ ਸ਼ਿਵ ਸੈਨਾ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਨਹੀਂ ਭੇਜਿਆ ਗਿਆ ਹੈ ਤਾਂ ਚੰਗਾ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਇਸ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਫ਼ੈਸਲਾ ਲੈ ਲਿਆ ਸੀ। ਰਾਜ ਸਭਾ ਮੈਂਬਰ ਨੇ ਭਰੋਸਾ ਪ੍ਰਗਟਾਇਆ ਕਿ ਸ਼ਿਵ ਸੈਨਾ ਮੇਅਰ ਦੀਆਂ ਆਗਾਮੀ ਚੋਣਾਂ ਵਿੱਚ ਮੁੰਬਈ ਅਤੇ ਠਾਣੇ ਨਗਰ ਨਿਗਮਾਂ ਵਿੱਚ ਆਪਣੇ ਮੇਅਰ ਬਣਾਏਗੀ। ਉਨ੍ਹਾਂ ਕਿਹਾ ਕਿ ਜੇਕਰ ਹੋਰ ਕਿਸੇ ਨਗਰ ਨਿਗਮ ਵਿੱਚ ਵੀ ਸ਼ਿਵ ਸੈਨਾ ਦਾ ਮੇਅਰ ਬਣਦਾ ਹੈ ਤਾਂ ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਸ੍ਰੀ ਰਾਊਤ ਨੇ ਕਿਹਾ ਕਿ ਪਾਰਟੀ ਚਾਹੁੰਦੀ ਹੈ ਕਿ ਉਨ੍ਹਾਂ ਦੇ ਪ੍ਰਧਾਨ ਊਧਵ ਠਾਕਰੇ ਮੁੱਖ ਮੰਤਰੀ ਬਨਣ।
ਸ੍ਰੀ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਪ੍ਰਸਤਾਵਿਤ ਗੱਠਜੋੜ ਸਰਕਾਰ ਦੀ ਨੀਂਹ ਰੱਖਣ ਲਈ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਵਿਚਾਲੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਉੱਤੇ ਸਹਿਮਤੀ ਬਣ ਗਈ ਹੈ ਅਤੇ ਇਸ ਬਾਰੇ ਦਿੱਲੀ ਵਿੱਚ ਗੱਲ ਕਰਨ ਦੀ ਲੋੜ ਨਹੀਂ ਹੈ। ਸ਼ਿਵ ਸੈਨਾ ਦੇ ਇਕ ਹੋਰ ਸੰਸਦ ਮੈਂਬਰ ਨੇ ਕਿਹਾ ਕਿ 17 ਨਵੰਬਰ ਨੂੰ ਪਾਰਟੀ ਦੇ ਸੰਸਥਾਪਕ ਬਾਲ ਠਾਕਰੇ ਦੀ ਬਰਸੀ ਹੈ ਤੇ ਪਾਰਟੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣੀ ਹੈ। ਅਜਿਹੇ ਵਿੱਚ ਐੱਨਡੀਏ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਿਵੇਂ ਕੀਤੀ ਜਾ ਸਕਦੀ ਹੈ।
ਇਸੇ ਦੌਰਾਨ ਪਾਰਟੀ ਦੇ ਰਸਾਲੇ ‘ਸਾਮਨਾ’ ਵਿੱਚ ਵੀ ਸ਼ਿਵ ਸੈਨਾ ਨੇ ਦੋਸ਼ ਲਗਾਇਆ ਕਿ ਭਾਜਪਾ ਵੱਲੋਂ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾਣ ਤੋਂ ਜ਼ਾਹਿਰ ਹੁੰਦਾ ਹੈ ਕਿ ਰਾਸ਼ਟਰਪਤੀ ਰਾਜ ਦੀ ਆੜ ਹੇਠ ਭਾਜਪਾ ਵਿਧਾਇਕਾਂ ਦੀ ਖ਼ਰੀਦ-ਫਰੋਖ਼ਤ ਕਰਨ ਲਈ ਯਤਨਸ਼ੀਲ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਬਿਆਨ ਕਿ ਸ਼ਿਵ ਸੈਨਾ-ਐੱਨਸੀਪੀ ਤੇ ਕਾਂਗਰਸ ਦਾ ਗੱਠਜੋੜ ਛੇ ਮਹੀਨੇ ਵੀ ਨਹੀਂ ਚੱਲੇਗਾ, ਦਾ ਜਵਾਬ ਦਿੰਦਿਆਂ ਕਿਹਾ ਗਿਆ ਕਿ ਰਾਜ ਵਿੱਚ ਬਣ ਰਹੇ ਨਵੇਂ ਸਿਆਸੀ ਸਮੀਕਰਨਾਂ ਕਾਰਨ ਕਈ ਲੋਕਾਂ ਦੇ ਢਿੱਡ ਵਿੱਚ ਪੀੜ ਹੋ ਰਹੀ ਹੈ।
ਇਸੇ ਦੌਰਾਨ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਬੁਲਾਰੇ ਨਵਾਬ ਮਲਿਕ ਨੇ ਅੱਜ ਇੱਥੇ ਕਿਹਾ ਕਿ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਆਗੂ, ਜੋ ਹੁਣ ਵਿਧਾਇਕ ਬਣ ਚੁੱਕੇ ਹਨ, ਦੇ ਦਲ-ਬਦਲੀ ਕਰਨ ਦਾ ਡਰ ਹੈ ਤੇ ਇਸੇ ਕਰ ਕੇ ਉਸ ਦੇ ਆਗੂ ਰਾਜ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ।

Previous articleਸਰਬ ਪਾਰਟੀ ਮੀਟਿੰਗ ’ਚ ਸਪੀਕਰ ਨੇ ਮੰਗਿਆ ਸਹਿਯੋਗ
Next articleਚੰਗਾਲੀਵਾਲਾ ਕਾਂਡ: ਦਲਿਤ ਨੌਜਵਾਨ ਦੀ ਮੌਤ