ਐਸ਼ਲੇ ਬਾਰਟੀ ਨੇ ਡਬਲਯੂਟੀਏ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਜਿੱਤ ਨਾਲ ਉਹ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਬਣਨ ਦੇ ਕਰੀਬ ਪਹੁੰਚ ਗਈ, ਜਦਕਿ ਮੌਜੂਦਾ ਨੰਬਰ ਇੱਕ ਖਿਡਾਰਨ ਨਾਓਮੀ ਓਸਾਕਾ ਗੋਡੇ ਦੀ ਸੱਟ ਕਾਰਨ ਟੂਰਨਾਮੈਂਟ ਤੋਂ ਹਟ ਗਈ। ਆਸਟਰੇਲੀਆ ਦੀ ਸਿਖਰਲਾ ਦਰਜਾ ਪ੍ਰਾਪਤ ਬਾਰਟੀ ਨੇ ਦੂਜੇ ਦਿਨ ਵਾਪਸੀ ਕਰਦਿਆਂ ਮਾਰੀਆ ਸੱਕਾਰੀ ਨੂੰ 5-7, 6-2, 6-0 ਨਾਲ ਸ਼ਿਕਸਤ ਦਿੱਤੀ। ਹੁਣ ਉਹ ਫਾਈਨਲ ਵਿੱਚ ਥਾਂ ਬਣਾਉਣ ਲਈ ਰੂਸ ਦੀ ਮਾਹਿਰ ਖਿਡਾਰਨ ਸਵੇਤਲਾਨਾ ਕੁਜ਼ਨੇਤਸੋਵਾ ਨਾਲ ਭਿੜੇਗੀ। ਕੁਜ਼ਨੇਤਸੋਵਾ ਨੇ ਇੱਕ ਹੋਰ ਮੁਕਾਬਲੇ ਵਿੱਚ ਤੀਜਾ ਦਰਜਾ ਪ੍ਰਾਪਤ ਕੈਰੋਲਿਨ ਪਲਿਸਕੋਵਾ ਨੂੰ 3-6, 7-6, 6-3 ਨਾਲ ਮਾਤ ਦਿੱਤੀ। ਦੂਜੇ ਪਾਸੇ ਓਸਾਕਾ ਦੀਆਂ ਯੂਐੱਸ ਓਪਨ ਲਈ ਤਿਆਰੀਆਂ ਖ਼ਾਸ ਨਹੀਂ ਚੱਲ ਰਹੀਆਂ। ਉਸ ਨੂੰ ਸੋਫੀਆ ਕੇਨਿਨ ਖ਼ਿਲਾਫ਼ ਮੁਕਾਬਲੇ ਵਿੱਚ ਗੋਡੇ ਦੀ ਸੱਟ ਕਾਰਨ ਹਟਣਾ ਪਿਆ। ਉਹ 6-4, 1-6, 2-0 ਨਾਲ ਅੱਗੇ ਚੱਲ ਰਹੀ ਸੀ। ਕੇਨਿਨ ਦਾ ਸਾਹਮਣਾ ਹੁਣ ਸਾਥੀ ਅਮਰੀਕੀ ਖਿਡਾਰਨ ਮੈਡੀਸਨ ਕੀਅਜ਼ ਨਾਲ ਹੋਵੇਗਾ। ਕੀਅਜ਼ ਨੇ ਹਮਵਤਨ ਵੀਨਸ ਵਿਲੀਅਮਜ਼ ਨੂੰ 6-2, 6-3 ਨਾਲ ਹਰਾ ਕੇ ਆਖ਼ਰੀ ਚਾਰ ਵਿੱਚ ਥਾਂ ਬਣਾਈ ਹੈ। ਜਾਪਾਨੀ ਖਿਡਾਰਨ ਓਸਾਕਾ ਨੇ ਮੰਨਿਆ ਕਿ ਯੂਐੱਸ ਓਪਨ ਖ਼ਿਤਾਬ ਨੂੰ ਬਚਾਉਣ ਦੀਆਂ ਉਮੀਦਾਂ ’ਤੇ ਬੱਦਲ ਛਾ ਗਏ ਹਨ। ਉਸ ਨੇ ਕਿਹਾ, ‘‘ਬੀਤੇ ਸਾਲ ਮੈਂ ਯੂਐੱਸ ਓਪਨ ਜਿੱਤਿਆ ਸੀ ਅਤੇ ਇਸ ਸਾਲ ਮੈਂ ਅਮਰੀਕੀ ਓਪਨ ਖੇਡਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਜਿੱਤਣ ਬਾਰੇ ਸੋਚ ਵੀ ਨਹੀਂ ਸਕਦੀ।’’
Sports ਐਸ਼ਲੇ ਬਾਰਟੀ ਅੱਵਲ ਨੰਬਰ ਖਿਡਾਰਨ ਬਣਨ ਦੇ ਕਰੀਬ