ਐਲਿਸ ਪੈਰੀ ਨੇ ਵਿਸ਼ਵ ਰਿਕਾਰਡ ਬਣਾਇਆ

ਆਸਟਰੇਲੀਆ ਦੀ ਹਰਫ਼ਨਮੌਲਾ ਐਲਿਸ ਪੈਰੀ ਟੀ-20 ਕੌਮਾਂਤਰੀ ਕ੍ਰਿਕਟ ਵਿੱਚ 1000 ਦੌੜਾਂ ਬਣਾਉਣ ਅਤੇ 100 ਵਿਕਟਾਂ ਝਟਕਾਉਣ ਵਾਲੀ ਪਹਿਲੀ ਕ੍ਰਿਕਟਰ (ਮਹਿਲਾ ਜਾਂ ਪੁਰਸ਼ ਦੋਵਾਂ ਵਰਗਾਂ ਵਿੱਚੋਂ) ਬਣ ਗਈ ਹੈ। ਪੈਰੀ (ਨਾਬਾਦ 47 ਦੌੜਾਂ) ਅਤੇ ਕਪਤਾਨ ਮੈਗ ਲੈਨਿੰਗ (ਨਾਬਾਦ 43 ਦੌੜਾਂ) ਵਿਚਕਾਰ ਸ਼ਾਨਦਾਰ ਭਾਈਵਾਲੀ ਦੀ ਬਦੌਲਤ ਆਸਟਰੇਲੀਆ ਨੇ ਇੱਥੇ ਐਤਵਾਰ ਨੂੰ ਮਹਿਲਾ ਐਸ਼ੇਜ਼ ਟੂਰ ਦੇ ਦੂਜੇ ਟੀ-20 ਮੈਚ ਵਿੱਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪੈਰੀ ਨੇ ਬੀਤੇ ਸਾਲ ਨਵੰਬਰ ਵਿੱਚ ਵਿਸ਼ਵ ਟੀ-20 ਫਾਈਨਲ ਵਿੱਚ ਇੰਗਲੈਂਡ ਦੀ ਨੈਟ ਸਕਾਈਵਰ ਨੂੰ ਆਊਟ ਕਰਕੇ 100ਵੀਂ ਵਿਕਟ ਹਾਸਲ ਕੀਤੀ ਸੀ, ਜਦਕਿ ਇੰਗਲੈਂਡ ਖ਼ਿਲਾਫ਼ ਐਤਵਾਰ ਨੂੰ ਨਾਬਾਦ 47 ਦੌੜਾਂ ਦੀ ਪਾਰੀ ਦੌਰਾਨ ਉਹ ਕੌਮਾਂਤਰੀ ਕ੍ਰਿਕਟ ਦੇ ਇਸ ਰੂਪ ਵਿੱਚ ਇੱਕ ਹਜ਼ਾਰ ਦੌੜਾਂ ਪੂਰੀਆਂ ਕਰਨ ਵਿੱਚ ਸਫਲ ਰਹੀ। ਈਐੱਸਪੀਐੱਨ ਕ੍ਰਿਕਇੰਫੋ ਨੇ ਪੈਰੀ ਦੇ ਹਵਾਲੇ ਨਾਲ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਸ਼ਾਨਦਾਰ ਹੈ, ਪਰ ਮੈਨੂੰ ਇਸ ਦੀ ਜਾਣਕਾਰੀ ਨਹੀਂ ਸੀ। ਮੇਰਾ ਖ਼ਿਆਲ ਹੈ ਕਿ ਟੀ-20 ਕ੍ਰਿਕਟ ਵਿੱਚ ਕੌਮਾਂਤਰੀ ਪੱਧਰ ’ਤੇ ਸ਼ਾਇਦ ਪੁਰਸ਼ਾਂ ਦੇ ਬਰਾਬਰ ਹੀ ਖੇਡਦੇ ਹਾਂ ਇਸ ਲਈ ਮੈਂ ਹੁਣ ਕਾਫ਼ੀ ਮੈਚ ਖੇਡ ਚੁੱਕੀ ਹਾਂ- 100 ਤੋਂ ਵੱਧ।’’ ਉਸ ਨੇ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਜਦੋਂ ਤੁਸੀਂ 100 ਮੈਚ ਖੇਡ ਚੁੱਕੇ ਹੋ ਤਾਂ ਤੁਸੀਂ ਇਸ ਦੇ ਕਾਫ਼ੀ ਕਰੀਬ ਪਹੁੰਚ ਸਕਦੇ ਹੋ। ਸ਼ਾਇਦ ਇਹੀ ਕਾਰਨ ਹੈ ਕਿਉਂਕਿ ਮੈਂ ਬਹੁਤ ਸਾਰੇ ਮੈਚ ਖੇਡੇ ਹਨ।’’ ਪਾਕਿਸਤਾਨ ਦੇ ਸਾਬਕਾ ਹਰਫ਼ਨਮੌਲਾ ਸ਼ਾਹਿਦ ਅਫ਼ਰੀਦੀ (1416 ਦੌੜਾਂ ਅਤੇ 98 ਵਿਕਟਾਂ) ਇਸ ਪ੍ਰਾਪਤ ਦੇ ਕਾਫ਼ੀ ਕਰੀਬ ਸੀ, ਜਦਕਿ ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ (1471 ਦੌੜਾਂ ਅਤੇ 88 ਵਿਕਟਾਂ) ਕੋਲ ਪੈਰੀ ਦੀ ਬਰਾਬਰੀ ਕਰਨ ਦਾ ਮੌਕਾ ਹੋਵੇਗਾ। ਇਸ ਜਿੱਤ ਨਾਲ ਆਸਟਰੇਲੀਆ ਦੀ ਮਹਿਲਾ ਟੀਮ ਨੇ ਤਿੰਨ ਮੈਚਾਂ ਦੀ ਟੀ-20 ਲੜੀ ਵਿੱਚ 2-0 ਦੀ ਜੇਤੂ ਲੀਡ ਬਣਾ ਲਈ ਹੈ। ਤੀਜਾ ਅਤੇ ਆਖ਼ਰੀ ਮੈਚ ਬੁੱਧਵਾਰ ਨੂੰ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ।

Previous articleਡਰੱਗ ਮਨੀ: ਟਾਂਡਾ ਪੁਲੀਸ ਵਲੋਂ ਇਕ ਕਾਬੂ; ਦੂਜਾ ਫਰਾਰ
Next articleਰੋਨਾਲਡੋ ਦੇ ਨਾ ਖੇਡਣ ਤੋਂ ਕੋਰਿਆਈ ਪ੍ਰਸ਼ੰਸਕ ਨਿਰਾਸ਼