ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਇੰਜ ਜਾਪਦਾ ਹੈ ਕਿ ਐਨਬੀਐਫਸੀ ਸੰਕਟ ਠੱਲ੍ਹਿਆ ਗਿਆ ਹੈ ਅਤੇ ਸਰਕਾਰ ਭਾਰਤੀ ਰਿਜ਼ਰਵ ਬੈਂਕ ਨਾਲ ਮਿਲ ਕੇ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੈਕਟਰ ਮੁਸ਼ਕਲਾਂ ’ਚੋਂ ਬਾਹਰ ਨਿਕਲ ਆਵੇ। ਸੀਤਾਰਾਮਨ ਨੇ ਸ਼ੁੱਕਰਵਾਰ ਨੂੰ ਬਜਟ ਭਾਸ਼ਣ ਦੌਰਾਨ ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਨੂੰ ਮਾਲੀ ਸੰਕਟ ’ਚੋਂ ਕੱਢਣ ਲਈ ਉਠਾਏ ਗਏ ਕਈ ਕਦਮਾਂ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਈਐਲਐਂਡਐਫਐਸ ਦੇ ਪਤਨ ਮਗਰੋਂ ਐਨਬੀਐਫਸੀਜ਼ ਲਈ ਸੰਕਟ ਖੜ੍ਹਾ ਹੋ ਗਿਆ ਸੀ। ਵਿੱਤ ਮੰਤਰੀ ਨੇ ਕਿਹਾ ਕਿ ਸਮੱਸਿਆ ਅਜੇ ਖ਼ਤਮ ਨਹੀਂ ਹੋਈ ਹੈ ਪਰ ਹੁਣ ਕੁਝ ਮਾੜਾ ਹੋਣ ਦਾ ਕੋਈ ਖ਼ਦਸ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅਜੇ ਸੰਕਟ ਦੇ ਖ਼ਤਮ ਹੋਣ ਬਾਰੇ ਯਕੀਨੀ ਤੌਰ ’ਤੇ ਕੁਝ ਵੀ ਨਹੀਂ ਆਖ ਸਕਦੇ ਹਨ ਪਰ ਇਨ੍ਹਾਂ ਜ਼ਰੂਰ ਹੈ ਕਿ ਹੁਣ ਪੂਰੀ ਸਾਵਧਾਨੀ ਰੱਖੀ ਜਾ ਰਹੀ ਹੈ। ਜਨਤਕ ਖੇਤਰ ਦੀਆਂ ਇਕਾਈਆਂ ’ਚ ਸਰਕਾਰੀ ਹਿੱਸੇਦਾਰੀ ਨੂੰ 51 ਫ਼ੀਸਦੀ ਤੋਂ ਘਟਾਉਣ ਬਾਰੇ ਪੁੱਛੇ ਜਾਣ ’ਤੇ ਸੀਤਾਰਾਮਨ ਨੇ ਕਿਹਾ ਕਿ ਇਸ ਕਦਮ ਨਾਲ ਪਰਚੂਨ ਹਿੱਸੇਦਾਰੀ ਵਧੇਗੀ ਅਤੇ ਬਾਜ਼ਾਰ ’ਚ ਹੋਰ ਗਹਿਰਾਈ ਆਵੇਗੀ।
INDIA ਐਨਬੀਐੱਫਸੀ ਸੰਕਟ ਠੱਲ੍ਹਿਆ: ਸੀਤਾਰਾਮਨ