ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਕੇਂਦਰ ਵਿਚ ‘ਵਨ ਮੈਨ ਸ਼ੋਅ’ ਕਰ ਕੇ ਐਨਡੀਏ ਦੀਆਂ ਭਿਆਲ ਪਾਰਟੀਆਂ ਵਿਚ ਮਾਯੂਸੀ ਵਧ ਰਹੀ ਹੈ ਤੇ ਹੁਣ ਉਹ ਡੁੱਬਦਾ ਜਹਾਜ਼ ਦੇਖ ਕੇ ਦੌੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਤੁਹਾਡੇ ਸਹਿਯੋਗੀ ਹੀ ਤੁਹਾਡੇ ਤੋਂ ਨਾਖੁਸ਼ ਹੋਣ ਤਾਂ ਬਾਕੀ ਦੇਸ਼ ਅੰਦਰ ਤੁਹਾਡੀ ਕਾਰਗੁਜ਼ਾਰੀ ਬਾਰੇ ਕਿਹੋ ਜਿਹਾ ਪ੍ਰਭਾਵ ਹੋਵੇਗਾ।
ਪੀਟੀਆਈ ਨਾਲ ਮੁਲਾਕਾਤ ਵਿਚ ਕਾਂਗਰਸ ਆਗੂ ਨੇ ਆਖਿਆ ‘‘ ਐਨਡੀਏ ਵਿਚਲੀਆਂ ਧਿਰਾਂ ਵਿਚ ‘ਵਨ ਮੈਨ ਸ਼ੋਅ’ ਤੋਂ ਬੇਚੈਨੀ ਸਾਫ਼ ਝਲਕ ਰਹੀ ਹੈ ਅਤੇ ਭਾਜਪਾ ਦੇ ਕੁਝ ਸਹਿਯੋਗੀ ਅਲਹਿਦਾ ਹੋਣ ਲਈ ਤਿਆਰ ਬੈਠੇ ਹਨ ਜਿਸ ਤੋਂ ਸਾਫ਼ ਹੈ ਕਿ ਐਨਡੀਏ ਦਾ ਜਹਾਜ਼ ਡੁੱਬਣ ਜਾ ਰਿਹਾ ਹੈ।
ਸ੍ਰੀ ਥਰੂਰ ਨੇ ਕਿਹਾ ਕਿ ਯੂਪੀਏ ਨੇ ਇਕ ਦਹਾਕਾ ਭਾਰਤ ਦੀ ਸੱਤਾ ਦੀ ਵਾਗਡੋਰ ਸੰਭਾਲੀ ਤੇ ਸਭ ਧਿਰਾਂ ਨੂੰ ਨਾਲ ਲੈ ਕੇ ਸ਼ਾਸਨ ਚਲਾਇਆ ਸੀ ਤੇ ਯੂਪੀਏ ਦੀ ਇਹੀ ਖਾਸੀਅਤ ਮੌਜੂਦਾ ਸੱਤਾਧਾਰੀਆਂ ਦਾ ਬਦਲ ਪੇਸ਼ ਕਰਦੀ ਹੈ। ਲੋਕ ਸਭਾ ਚੋਣਾਂ ਵਿਚ ਜਦੋਂ ਕੁਝ ਕੁ ਮਹੀਨੇ ਰਹਿ ਗਏ ਹਨ ਤਾਂ ਭਾਜਪਾ ਦੀਆਂ ਦੋ ਅਹਿਮ ਸਹਿਯੋਗੀ ਪਾਰਟੀਆਂ ਤੈਲਗੂ ਦੇਸ਼ਮ ਪਾਰਟੀ ਮਾਰਚ ਮਹੀਨੇ ਅਤੇ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ ਲੰਘੇ ਦਸੰਬਰ ਮਹੀਨੇ ਵਿਰੋਧੀ ਧਿਰ ਦੇ ਖੇਮੇ ਵਿਚ ਸ਼ਾਮਲ ਹੋ ਗਈਆਂ। ਉੱਤਰ ਪ੍ਰਦੇਸ਼ ਵਿਚ ਭਾਜਪਾ ਦੀਆਂ ਸਹਿਯੋਗੀ ਅਪਨਾ ਦਲ ਐਸ ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਵੀ ਕਾਫ਼ੀ ਨਾਰਾਜ਼ ਚੱਲ ਰਹੀਆਂ ਹਨ। ਭਾਜਪਾ ਆਗੂ ਮੁਖ਼ਤਾਰ ਅਬਾਸ ਨਕਵੀ ਨੇ ਇਸ ਮਾਮਲੇ ਨੂੰ ਬਹੁਤੀ ਤੂਲ ਨਾ ਦੇਣ ਦੀ ਦਲੀਲ ਦਿੰਦਿਆਂ ਕਿਹਾ ‘‘ਜੋ ਵੀ ਪਾਰਟੀਆਂ ਛੱਡ ਕੇ ਜਾ ਰਹੀਆਂ ਹਨ ਉਨ੍ਹਾਂ ਦੇ ਸਿਆਸੀ ਕਾਰਨ ਹੋ ਸਕਦੇ ਹਨ ਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਸਹਿਯੋਗੀਆਂ ਤੋਂ ਕਿਸੇ ਕਿਸਮ ਦੇ ਦਬਾਅ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ।’’
HOME ਐਨਡੀਏ ਹੁਣ ਡੁੱਬ ਰਿਹੈ ਜਹਾਜ਼, ਛੱਡ ਕੇ ਜਾ ਰਹੇ ਨੇ ਸਹਿਯੋਗੀ: ਥਰੂਰ