ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਐਨਆਰਸੀ ਮੁੱਦੇ ’ਤੇ ਮਮਤਾ ਬੈਨਰਜੀ ਅਤੇ ਰਾਹੁਲ ਗਾਂਧੀ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਅਸਾਮ ਵਿੱਚ ਐਨਆਰਸੀ ਦਾ ਵਿਰੋਧ ਰਾਜਨੀਤਕ ਵੋਟ ਬੈਂਕ ਲਈ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਵਿਚੋਂ ਟੀਐਮਸੀ ਦੀ ਸਰਕਾਰ ਨੂੰ ਪੁੱਟ ਸੁੱਟਣ। ਉਨ੍ਹਾਂ ਦੋਸ਼ ਲਾਇਆ ਕਿ ਟੀਐਮਸੀ ਨੇ ਬੰਗਾਲਾਦੇਸ਼ ਵਿਚੋਂ ਘੁਸਪੈਠ ਅਤੇ ਭ੍ਰਿਸ਼ਟਾਚਾਰ ਨੂੰ ਸਰਪ੍ਰਸਤੀ ਦਿੱਤੀ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਤਿ੍ਣਮੂਲ ਕਾਂਗਰਸ ਦੀ ਪ੍ਰਮੁੱਖ ਮਮਤਾ ਬੈਨਰਜੀ ਨੂੰ ਬੰਗਲਾਦੇਸ਼ ਤੋਂ ਹੁੰਦੀ ਘੁਸਪੈਠ ਅਤੇ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ। ਉਨ੍ਹਾਂ ਰੈਲੀ ਦੀ ਸ਼ੁਰੂਆਤ ਬੰਗਾਲ ਤੋਂ ਟੀਐਮਸੀ ਨੂੰ ਪੁੱਟ ਸੁੱਟਣ ਦੇ ਨਾਅਰੇ ਨਾਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਕਮਿਊਨਿਸਟ ਸਰਕਾਰ ਲਈ ਬੰਗਲਾਦੇਸ਼ੀ ਘੁਸਪੈਠੀਏ ਵੋਟ ਬੈਂਕ ਸਨ ਅਤੇ ਹੁਣ ਉਹ ਟੀਐਮਸੀ ਦਾ ਵੋਟ ਬੈਂਕ ਬਣ ਗਏ ਹਨ। ਉਨ੍ਹਾਂ ਕਿਹਾ ਕਿ ਮਮਤਾ ਦੀਦੀ ਅਤੇ ਰਾਹੁਲ ਇਹ ਸਪਸ਼ਟ ਕਰਨ ਕਿ ਕੌਮੀ ਸੁਰੱਖਿਆ ਉਨ੍ਹਾਂ ਲਈ ਵਧੇਰੇ ਅਹਿਮ ਹੈ ਜਾਂ ਵੋਟ ਬੈਂਕ। ਉਨ੍ਹਾਂ ਕਿਹਾ ਕਿ ਭਾਜਪਾ ਲਈ ਦੇਸ਼ ਪਹਿਲਾਂ ਹੈ। ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਨੂੰ ਐਨਐਸਸੀ ਬੋਸ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਕਾਂਗਰਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਵੇਂ ਹੀ ਉਹ ਹਵਾਈ ਅੱਡੇ ਤੋਂ ਬਾਹਰ ਨਿਕਲੇ ਤਾਂ ਯੂਥ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਮੋਦੀ ਤੇ ਸ਼ਾਹ ਵਿਰੋਧੀ ਨਾਅਰੇ ਲਗਾਏ। ਉਹ ਇਥੇ ਸ਼ਹਿਰ ਵਿੱਚ ਇਕ ਰੈਲੀ ਵਿੱਚ ਹਿੱਸਾ ਲੈਣ ਆਏ ਸਨ। ਯੂਥ ਕਾਂਗਰਸੀਆਂ ਨੇ ਸੜਕ ’ਤੇ ਮੋਟਰਸਾਈਕਲ ਲਗਾ ਕੇ ਉਨ੍ਹਾਂ ਦੇ ਕਾਫ਼ਲੇ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਉਥੋਂ ਹਟਾ ਦਿੱਤਾ। ਇਸ ਤੋਂ ਪਹਿਲਾਂ ਸੂਬਾਈ ਪਾਰਟੀ ਇੰਚਾਰਜ ਕੈਲਾਸ਼ ਵਿਜੇਵਰਗੀਆ ਅਤੇ ਸੂਬਾਈ ਪਾਰਟੀ ਪ੍ਰਧਾਨ ਦਿਲੀਪ ਘੋਸ਼ ਨੇ ਉਨ੍ਹਾਂ ਦਾ ਹਵਾਈ ਅੱਡੇ ’ਤੇ ਪਹੁੰਚਣ ’ਤੇ ਸਵਾਗਤ ਕੀਤਾ।
ਕੁਝ ਪਾਰਟੀ ਸਮਰਥਕਾਂ ਨੇ ਉਨ੍ਹਾਂ ਦਾ ਗੀਤ ਅਤੇ ਨਿ੍ਤ ਨਾਲ ਸਵਾਗਤ ਕੀਤਾ ਅਤੇ ਪੱਛਮੀ ਬੰਗਾਲ ਵਿੱਚ ਕੌਮੀ ਨਾਗਰਿਕ ਰਜਿਸਟਰ ਅਪਡੇਟ ਕਰਨ ਦੀ ਮੰਗ ਕੀਤੀ।
INDIA ਐਨਆਰਸੀ ਮੁੱਦੇ ’ਤੇ ਸ਼ਾਹ ਨੇ ਮਮਤਾ ਅਤੇ ਰਾਹੁਲ ਨੂੰ ਘੇਰਿਆ