ਐਨਆਈਏ ਵੱਲੋਂ ਯੂਪੀ ਅਤੇ ਦਿੱਲੀ ’ਚ 17 ਥਾਈਂ ਛਾਪੇ

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਬੁੱਧਵਾਰ ਨੂੰ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਜਥੇਬੰਦੀ ਦਾ ਪਰਦਾਫ਼ਾਸ਼ ਕਰਦਿਆਂ ਉੱਤਰ ਪ੍ਰਦੇਸ਼ ਅਤੇ ਦਿੱਲੀ ’ਚ ਛਾਪੇ ਮਾਰ ਕੇ ‘ਮੁਫ਼ਤੀ ਸਮੇਤ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿਅਕਤੀਆਂ ਨੇ ਭੀੜ-ਭਾੜ ਵਾਲੀਆਂ ਥਾਵਾਂ ’ਤੇ ਲੜੀਵਾਰ ਧਮਾਕਿਆਂ ਅਤੇ ਸਿਆਸੀ ਆਗੂਆਂ ’ਤੇ ਫਿਦਾਈਨ ਹਮਲਿਆਂ ਵਰਗੀ ਸਾਜ਼ਿਸ਼ ਘੜੀ ਸੀ। ਨਵੀਂ ਜਥੇਬੰਦੀ ‘ਹਰਕਤ ਉਲ ਹਰਬ ਏ ਇਸਲਾਮ’ ਖ਼ਿਲਾਫ਼ ਜਾਂਚ ਦੇ ਸਬੰਧ ’ਚ ਐਨਆਈਏ ਨੇ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ 17 ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ ਸੀ। ਐਨਆਈਏ ਦੇ ਇੰਸਪੈਕਟਰ ਜਨਰਲ ਆਲੋਕ ਮਿੱਤਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਸੰਗਠਨ ਵਿਦੇਸ਼ੀ ਆਕਾਵਾਂ ਦੇ ਸੰਪਰਕ ’ਚ ਸੀ ਜਿਨ੍ਹਾਂ ਦੀ ਅਜੇ ਪਛਾਣ ਕੀਤੀ ਜਾਣੀ ਬਾਕੀ ਹੈ। ਉਨ੍ਹਾਂ ਦੱਸਿਆ,‘‘ਦਿੱਲੀ ਦੇ ਸੀਲਮਪੁਰ ਅਤੇ ਜਫਰਾਬਾਦ, ਯੂਪੀ ਦੇ ਲਖਨਊ, ਅਮਰੋਹਾ, ਮੇਰਠ ਅਤੇ ਹਾਪੁੜ ਜ਼ਿਲ੍ਹਿਆਂ ’ਚ ਛਾਪੇ ਮਾਰੇ ਗਏ ਜਿਥੋਂ ਭਾਰੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ, ਫਿਦਾਈਨ ਹਮਲੇ ’ਚ ਵਰਤੀਆਂ ਜਾਣ ਵਾਲੀਆਂ ਜੈਕੇਟਾਂ ਦੀ ਸਮਗੱਰੀ, ਦੇਸੀ ਰਾਕੇਟ ਲਾਂਚਰ, 100 ਅਲਾਰਮ ਘੜੀਆਂ ਜਿਨ੍ਹਾਂ ਨੂੰ ਟਾਈਮਰ ਵਜੋਂ ਵਰਤਿਆ ਜਾਣਾ ਸੀ, 100 ਮੋਬਾਈਲ ਅਤੇ 135 ਸਿਮ ਬਰਾਮਦ ਕੀਤੇ ਗਏ ਹਨ। ਇਨ੍ਹਾਂ ਥਾਵਾਂ ਤੋਂ 16 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਗਿਆ ਸੀ ਜਿਨ੍ਹਾਂ ’ਚੋਂ 10 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਛੇ ਤੋਂ ਪੁੱਛ-ਗਿੱਛ ਚੱਲ ਰਹੀ ਹੈ।’’ ਸ੍ਰੀ ਮਿੱਤਲ ਨੇ ਕਿਹਾ ਕਿ ਫੜੇ ਗਏ ਵਿਅਕਤੀਆਂ ਦੀ ਤਿਆਰੀ ਤੋਂ ਪਤਾ ਲਗਦਾ ਹੈ ਕਿ ਉਹ ਫਿਦਾਈਨਾਂ ਵਰਗੇ ਹਮਲੇ ਕਰਨ ਦੀ ਸਾਜ਼ਿਸ਼ ਘੜ ਰਹੇ ਸਨ। ਉਨ੍ਹਾਂ ਕੋਲੋਂ 12 ਦੇਸੀ ਪਸਤੌਲ, ਸੈਂਕੜੇ ਕਾਰਤੂਸ, ਸਾਢੇ ਸੱਤ ਲੱਖ ਰੁਪਏ, ਪੋਟਾਸ਼ੀਅਮ ਨਾਈਟਰੇਟ, ਪੋਟਾਸ਼ੀਅਮ ਕਲੋਰੇਟ, ਸ਼ੂਗਰ ਪੇਸਟ ਅਤੇ ਸਲਫ਼ਰ ਵਰਗੀ ਸਮੱਗਰੀ ਵੀ ਮਿਲੀ ਹੈ।

ਲਖਨਊ ’ਚ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਦੇ ਆਈਜੀ ਅਸੀਮ ਅਰੁਣ ਨੇ ਦੱਸਿਆ ਕਿ ਯੂਪੀ ਏਟੀਐਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਪੱਛਮੀ ਯੂਪੀ ਦੇ ਅਮਰੋਹਾ ਜ਼ਿਲ੍ਹੇ ’ਚੋਂ ਪੰਜ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜਥੇਬੰਦੀ ਦੀਆਂ ਸ਼ੱਕੀ ਸਰਗਰਮੀਆਂ ਬਾਰੇ ਸੂਹ ਮਿਲਣ ਮਗਰੋਂ ਉਨ੍ਹਾਂ ’ਤੇ ਪਿਛਲੇ ਕੁਝ ਸਮੇਂ ਤੋਂ ਐਨਆਈਏ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ। ਐਨਆਈਏ ਨੇ ਕਿਹਾ ਕਿ ਕੱਟੜ ਜਥੇਬੰਦੀ ਆਪਣੇ ਫੰਡਾਂ ਨਾਲ ਹੀ ਚੱਲ ਰਹੀ ਸੀ ਅਤੇ ਇਸ ਦੇ ਮੈਂਬਰਾਂ ਦਾ ਅਜੇ ਤਕ ਕੋਈ ਅਪਰਾਧਕ ਰਿਕਾਰਡ ਨਹੀਂ ਮਿਲਿਆ ਹੈ। ਸ੍ਰੀ ਮਿੱਤਲ ਨੇ ਕਿਹਾ ਕਿ ਕਾਰਕੁਨ ਪਾਈਪ ਬੰਬਾਂ, ਆਤਮਘਾਤੀ ਜੈਕੇਟਾਂ ਰਾਹੀਂ ਫਿਦਾਈਨ ਹਮਲੇ ਅਤੇ ਰਿਮੋਟ ਕੰਟਰੋਲ ਵਾਲੇ ਆਈਈਡੀ ਨਾਲ ਧਮਾਕੇ ਕਰਨਾ ਚਾਹੁੰਦੇ ਸਨ। ਅਮਰੋਹਾ ਤੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਉਨ੍ਹਾਂ ਦਾ ਸਰਗਨਾ ਮੁਹੰਮਦ ਸੋਹੇਲ (ਮੁਫ਼ਤੀ), ਨੋਇਡਾ ਦੀ ਪ੍ਰਾਈਵੇਟ ਯੂਨੀਵਰਸਿਟੀ ਦਾ ਇੰਜਨੀਅਰਿੰਗ ਵਿਦਿਆਰਥੀ, ਬੀਏ ਦੇ ਤੀਜੇ ਵਰ੍ਹੇ ਦਾ ਵਿਦਿਆਰਥੀ ਅਤੇ ਦੋ ਵੈਲਡਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਏਜੰਸੀ ਨੂੰ ਵੀਡੀਓ ਮਿਲਿਆ ਸੀ ਜਿਸ ’ਚ ਸੋਹੇਲ ਬੰਬ ਤਿਆਰ ਕਰਨ ਦੀ ਜਾਣਕਾਰੀ ਦੇ ਰਿਹਾ ਸੀ। ਜਾਂਚ ਮੁਤਾਬਕ ਸੋਹੇਲ ਨੇ ਤਿੰਨ-ਚਾਰ ਮਹੀਨੇ ਪਹਿਲਾਂ ਹੀ ਜਥੇਬੰਦੀ ਬਣਾਈ ਸੀ ਅਤੇ ਸਾਰੇ ਮੈਂਬਰ ਵੱਟਸਐਪ ਅਤੇ ਟੈਲੀਗ੍ਰਾਮ ਰਾਹੀਂ ਇਕ-ਦੂਜੇ ਦੇ ਸੰਪਰਕ ’ਚ ਸਨ। ਅਧਿਕਾਰੀਆਂ ਨੇ ਉਨ੍ਹਾਂ ਮੀਡੀਆ ਰਿਪੋਰਟਾਂ ’ਤੇ ਪ੍ਰਤੀਕਰਮ ਦੇਣ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ’ਚ ਕਿਹਾ ਗਿਆ ਕਿ ਆਰਐਸਐਸ ਅਤੇ ਦਿੱਲੀ ਪੁਲੀਸ ਦੇ ਸਦਰਮੁਕਾਮ ਉਨ੍ਹਾਂ ਦੀ ਹਿੱਟ ਲਿਸਟ ’ਤੇ ਸਨ।

Previous article13 Nigerian soldiers, 2 policemen killed in Boko Haram ambush
Next articleKurds should capitalise on sympathy stirred by Trump’s withdrawal from Syria