ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਕਿਹਾ ਕਿ ਪੁਲਵਾਮਾ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਲਈ ਜਿਹੜਾ ਵਾਹਨ ਵਰਤਿਆ ਗਿਆ ਸੀ, ਉਸ ਦੇ ਮਾਲਕ ਦੀ ਪਛਾਣ ਸੱਜਾਦ ਭੱਟ ਵਜੋਂ ਹੋਈ ਹੈ। ਜਾਂਚ ਏਜੰਸੀ ਮੁਤਾਬਕ ਇਹ ਵਿਅਕਤੀ ਜੈਸ਼-ਏ-ਮੁਹੰਮਦ ਵਿੱਚ ਸ਼ਾਮਲ ਹੋ ਗਿਆ ਸੀ। ਇਕ ਅਧਿਕਾਰਤ ਤਰਜਮਾਨ ਨੇ ਕਿਹਾ ਕਿ ਐਨਆਈਏ ਨੇ ਦਹਿਸ਼ਤੀ ਹਮਲੇ ਮਗਰੋਂ ਧਮਾਕੇ ਵਾਲੀ ਥਾਂ ਤੋਂ ਬਰਾਮਦ ਕਾਰ ਦੀ ਰਹਿੰਦ-ਖੂੰਹਦ ਦੀਆਂ ਕੜੀਆਂ ਜੋੜਨ ਮਗਰੋਂ ਵਾਹਨ ਅਤੇ ਇਸ ਦੇ ਮਾਲਕ ਦੀ ਪਛਾਣ ਕਰ ਲਈ ਹੈ, ਜੋ ਇਸ ਮਾਮਲੇ ਵਿੱਚ ਅਹਿਮ ਲੱਭਤ ਹੈ। ਏਜੰਸੀ ਦੇ ਤਫਤੀਸ਼ਕਾਰ ਫੋਰੈਂਸਿਕ ਤੇ ਆਟੋਮੋਬਾਈਲ ਮਾਹਿਰਾਂ ਦੀ ਸਹਾਇਤਾ ਨਾਲ ਇਸ ਨਤੀਜੇ ’ਤੇ ਪੁੱਜੇ ਹਨ ਕਿ ਫਿਦਾਈਨ ਹਮਲੇ ਲਈ ਵਰਤਿਆ ਵਾਹਨ ਮਾਰੂਤੀ ਦੀ ਈਕੋ ਵੈਨ ਸੀ, ਜਿਸ ਦਾ ਚੈਸੀ ਨੰਬਰ ਐਮਏ3ਈਆਰਐਲਐਫ1ਐਸਓਓ183735 ਤੇ ਇੰਜਨ ਨੰਬਰ ਜੀ12ਬੀਐਨ164140 ਸੀ। ਇਹ ਵਾਹਨ ਅਨੰਤਨਾਗ ਦੀ ਹੈਵਨ ਕਾਲੋਨੀ ਦੇ ਵਸਨੀਕ ਮੁਹੰਮਦ ਜਲੀਲ ਅਹਿਮਦ ਹੱਕਾਨੀ ਨੂੰ ਸਾਲ 2011 ਵਿੱਚ ਵੇਚਿਆ ਗਿਆ ਸੀ ਤੇ ਮਗਰੋਂ ਇਸ ਨੂੰ ਸੱਤ ਹੋਰ ਥਾਈ ਵੇਚਿਆ ਗਿਆ ਤੇ ਆਖਿਰ ਨੂੰ ਇਹ ਦੱਖਣੀ ਕਸ਼ਮੀਰ ਦੇ ਬਿਜਬਹੇੜਾ ਵਾਸੀ ਸੱਜਾਦ ਭੱਟ ਕੋਲ ਪੁੱਜ ਗਈ। ਤਰਜਮਾਨ ਨੇ ਕਿਹਾ ਕਿ ਈਕੋ ਵੈਨ 4 ਫਰਵਰੀ ਨੂੰ ਖਰੀਦੀ ਗਈ ਸੀ ਤੇ ਸੱਜਾਦ ਸਿਰਾਜ-ਉਲ-ਉਲੂਮ ਸ਼ੋਪੀਆਂ ਦਾ ਵਿਦਿਆਰਥੀ ਸੀ। ਐਨਆਈਏ ਦੇ ਟੀਮ ਨੇ ਸ਼ਨਿਚਰਵਾਰ ਨੂੰ ਸੱਜਾਦ ਦੇ ਘਰ ਛਾਪਾ ਮਾਰਿਆ ਸੀ, ਪਰ ਉਹ ਘਰ ਵਿੱਚ ਮੌਜੂਦ ਨਹੀਂ ਸੀ। ਕਿਹਾ ਜਾਂਦਾ ਹੈ ਕਿ ਸੱਜਾਦ ਜੈਸ਼ ਵਿੱਚ ਸ਼ਾਮਲ ਹੋ ਗਿਆ ਸੀ ਤੇ ਮਗਰੋਂ ਸੋਸ਼ਲ ਮੀਡੀਆ ’ਤੇ ਉਹਦੀਆਂ ਕਈ ਤਸਵੀਰਾਂ ਨਸ਼ਰ ਹੋਈਆਂ ਜਿਸ ਵਿੱਚ ਉਹ ਹਥਿਆਰ ਲਈ ਖੜ੍ਹਾ ਸੀ।
HOME ਐਨਆਈਏ ਵੱਲੋਂ ਪੁਲਵਾਮਾ ਹਮਲੇ ’ਚ ਵਰਤੀ ਗੱਡੀ ਦੇ ਮਾਲਕ ਦੀ ਪਛਾਣ