ਐਤਕੀਂ ਦੀ ਵਿਸਾਖੀ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਅਸੀਂ ਦਾਤੀਆਂ ਦੇ ਦੰਦੇ ਕਢਵਾ ਲਏ ,
ਨਾਲ਼ ਰੀਝ ਦੇ ਟਰੈਕਟਰ ਸਜਾ ਲਏ ,
ਸੀਰੀ ਪਾਲ਼ੀ ਨਾਲ਼ ਆਪਣੇ ਰਲ਼ਾ ਲਏ,
ਕਿ ਯੋਗਦਾਨ ਪਾਉਂਣ ਚੱਲਣਾ  ।
ਇਸ ਵਾਰੀ ਦੀ ਵਿਸਾਖੀ ਅਸੀਂ ਮਿੱਤਰੋ,
ਕਿ ਦਿੱਲੀ ‘ਚ ਮਨਾਉਂਣ ਚੱਲਣਾ  ।
ਲੈ ਕੇ ਹਰ ਘਰ ਵਿੱਚੋਂ ਇੱਕ ਬੰਦਾ ,
ਕਿ ਟੋਲੀਆਂ ਬਣਾ ਕੇ ਜਾਵਾਂਗੇ  ।
ਊਚ ਨੀਚ ਅਤੇ ਵੱਡੇ ਛੋਟੇ ਵਾਲ਼ਾ ,
ਅਸੀਂ ਫ਼ਰਕ ਮਿਟਾ ਕੇ ਜਾਵਾਂਗੇ  ।
ਪੰਜ ਮੀਨਿ੍ਆਂ ਤੋਂ ਬੈਠੇ ਜਿਹੜੇ ਹੱਦਾਂ ‘ਤੇ,
ਹੈ ਹੌਂਸਲਾ ਵਧਾਉਂਣ ਚੱਲਣਾ  ।
ਇਸ ਵਾਰੀ ਦੀ ਵਿਸਾਖੀ ————–
ਸਾਨੂੰ ਹਾੜੀ ਦਾ ਫ਼ਿਕਰ ਨਹੀਓਂ ਕੋਈ ,
ਹੈ ਹੋਂਦ ਦਾ ਫ਼ਿਕਰ ਖਾ ਗਿਆ  ।
ਰਾਤਾਂ ਵਰਗਾ ਹਨੇਰਾ ਅੱਖਾਂ ਸਾਹਮਣੇ ,
ਕਿ ਸਿਖਰ ਦੁਪਹਿਰੇ ਛਾ ਗਿਆ ।
ਵੇਖ ਲਿਆ ਹੈ ਪਸੀਨੇ ਨੂੰ ਵਹਾ ਕੇ ,
ਹੁਣ ਖ਼ੂਨ ਹੈ ਵਹਾਉਂਣ ਚੱਲਣਾ  ।
ਇਸ ਵਾਰੀ ਦੀ ਵਿਸਾਖੀ ————–
ਕੰਮ ਕਣਕਾਂ ਦਾ ਸਾਡੀਆਂ ਸੁਆਣੀਆਂ ਨੇ,
ਪਿੱਛੋਂ ਆਪੇ ਕਰ ਲੈਣਾਂ ਏਂ  ।
ਸਾਡੇ ਗੱਭਰੂ ਜਵਾਨਾਂ ਸਿਰ ਲਾਹ ਕੇ ,
ਤਲ਼ੀ ਦੇ ਉੱਤੇ ਧਰ ਲੈਣਾਂ ਏਂ ।
ਫੱਟੀ ਕਾਲ਼ਿਆਂ ਕਾਨੂੰਨਾਂ ਵਾਲ਼ੀ ਪੋਚ ਕੇ ,
ਹੈ ਨਵਾਂ ਕੋਈ ਬਣਾਉਂਣ ਚੱਲਣਾ  ।
ਇਸ ਵਾਰੀ ਦੀ ਵਿਸਾਖੀ ————–
ਜਿੱਤ ਹੋਈ ਨਾ ਨਸੀਬ ਭਾਵੇਂ ਹਾਲੇ ,
ਤੇ ਮੰਨੀਂ ਅਸੀਂ ਹਾਰ ਵੀ ਨਹੀਂ  ।
ਬਿਨਾਂ ਜਿੱਤਿਆਂ ਵਾਪਸ ਘਰ ਜਾਣਾ ,
ਇਹ ਸਾਨੂੰ ਸਵੀਕਾਰ ਵੀ ਨਹੀਂ  ।
ਗੀਤ ਰੰਚਣਾਂ ਵਾਲ਼ੇ ਤੋਂ ਲਿਖਵਾ ਲਿਆ,
ਉਹ ਰੁਲ਼ਦੂ ਨੇ ਗਾਉਂਣ ਚੱਲਣਾ  ।
ਇਸ ਵਾਰੀ ਦੀ ਵਿਸਾਖੀ ਅਸੀਂ ਮਿੱਤਰੋ,
ਹੈ ਦਿੱਲੀ ‘ਚ ਮਨਾਉਂਣ ਚੱਲਣਾ  ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
               148024
Previous articleਮੇਰੇ ਪਿੰਡੋਂ ਸ਼ਹਿਰ ਵੱਲ ਨੂੰ….
Next articleਕੁਲਫ਼ੀ