ਐਡਵੋਕੇਟ ਜਨਰਲ ਦਿਉਲ ਨੇ ਸਿੱਧੂ ਖ਼ਿਲਾਫ਼ ਖੋਲ੍ਹਿਆ ਮੋਰਚਾ

ਚੰਡੀਗੜ੍ਹ (ਸਮਾਜ ਵੀਕਲੀ) : ਚੰਨੀ ਸਰਕਾਰ ਵੱਲੋਂ ਲਾਏ ਗਏ ਐਡਵੋਕੇਟ ਜਨਰਲ ਏ ਪੀ ਐੱਸ ਦਿਉਲ ਨੇ ਅੱਜ ਆਪਣੀ ਚੁੱਪ ਤੋੜਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਸਿੱਧੂ ਵੱਲੋਂ ਲਗਾਤਾਰ ਕੀਤੇ ਜਾ ਰਹੇ ਸਿਆਸੀ ਹੱਲਿਆਂ ’ਤੇ ਐਡਵੋਕੇਟ ਜਨਰਲ ਨੇ ਵੀ ਅੱਜ ਆਪਣਾ ਮੂੰਹ ਖੋਲ੍ਹਿਆ ਹੈ। ਉਨ੍ਹਾਂ ਚੰਨੀ ਸਰਕਾਰ ਦਾ ਖੁੱਲ੍ਹ ਕੇ ਪੱਖ ਲਿਆ ਅਤੇ ਨਵਜੋਤ ਸਿੱਧੂ ਨੂੰ ਵਰਜਿਆ ਹੈ।

ਬੇਸ਼ੱਕ ਦਿਉਲ ਨੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਨਵੀਂ ਨਿਯੁਕਤੀ ਤੱਕ ਕੰਮ ਕਰਦੇ ਰਹਿਣ ਲਈ ਆਖਿਆ ਹੈ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਨਵੇਂ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ’ਤੇ ਰੋਸ ਜ਼ਾਹਿਰ ਕਰਦਿਆਂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਿੱਧੂ ਨੇ ਸ਼ੁੱਕਰਵਾਰ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਵਾਪਸ ਲੈਂਦਿਆਂ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਪਿੱਛੋਂ ਚਾਰਜ ਸੰਭਾਲਣ ਦੀ ਗੱਲ ਆਖੀ ਹੈ।

ਸਿੱਧੂ ਦੇ ਬਿਆਨ ਮਗਰੋਂ ਐਡਵੋਕੇਟ ਜਨਰਲ ਏ ਪੀ ਐੱਸ ਦਿਉਲ ਨੇ ਅੱਜ ਆਪਣੇ ਅਧਿਕਾਰਤ ਲੈਟਰ ਪੈਡ ’ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ,‘‘ਨਵਜੋਤ ਸਿੱਧੂ ਸਿਆਸੀ ਲਾਹੇ ਖਾਤਰ ਗੁੰਮਰਾਹਕੁਨ ਸੂਚਨਾ ਫੈਲਾ ਰਹੇ ਹਨ ਜਿਸ ਦਾ ਮਕਸਦ ਆਪਣੇ ਸਿਆਸੀ ਸਾਥੀਆਂ ਦੇ ਮੁਕਾਬਲੇ ਰਾਜਸੀ ਲਾਹਾ ਲੈਣਾ ਹੈ। ਆਪਣੇ ਸੁਆਰਥ ਲਈ ਕੁਝ ਲੋਕਾਂ ਵੱਲੋਂ ਪੰਜਾਬ ਚੋੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ ਉਨ੍ਹਾਂ ਲਿਖਿਆ ਹੈ ਕਿ ਸਿਆਸੀ ਲਾਹੇ ਖਾਤਰ ਅਜਿਹੇ ਲੋਕ ਐਡਵੋਕੇਟ ਜਨਰਲ ਦੇ ਸੰਵਿਧਾਨਕ ਅਹੁਦੇ ਦਾ ਵੀ ਸਿਆਸੀਕਰਨ ਕਰ ਰਹੇ ਹਨ। ਸ੍ਰੀ ਦਿਉਲ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਵੱਲੋਂ ਪੰਜਾਬ ਸਰਕਾਰ ਦੇ ਕੰਮਾਂ ਅਤੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਕੰਮ-ਕਾਰ ਵਿਚ ਅੜਿੱਕੇ ਡਾਹੇ ਜਾ ਰਹੇ ਹਨ।

ਸਿੱਧੂ ਲਗਾਤਾਰ ਬਿਆਨਬਾਜ਼ੀ ਕਰਕੇ ਕਾਂਗਰਸ ਸਰਕਾਰ ਵੱਲੋਂ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ’ਚ ਕੀਤੇ ਜਾ ਰਹੇ ਯਤਨਾਂ ਨੂੰ ਢਾਹ ਲਾ ਰਹੇ ਹਨ। ਪਹਿਲੀ ਵਾਰ ਇੰਜ ਹੋਇਆ ਹੈ ਕਿ ਕਿਸੇ ਐਡਵੋਕੇਟ ਜਨਰਲ ਨੇ ਸਿਆਸੀ ਆਗੂਆਂ ਨੂੰ ਜਵਾਬ ਦਿੱਤਾ ਹੋਵੇ। ਇਸ ਤੋਂ ਪਹਿਲੇ ਐਡਵੋਕੇਟ ਜਨਰਲ ਅਤੁਲ ਨੰਦਾ ’ਤੇ ਵੀ ਸਿਆਸੀ ਆਗੂ ਟਿੱਪਣੀਆਂ ਕਰਦੇ ਰਹੇ ਸਨ। ਸਿੱਧੂ ਵੱਲੋਂ ਦਿਉਲ ਨੂੰ ਸੁਮੇਧ ਸੈਣੀ ਦਾ ਵਕਾਲਤੀ ਦੱਸਿਆ ਜਾਂਦਾ ਰਿਹਾ ਹੈ ਜਿਸ ਕਾਰਨ ਉਹ ਲਗਾਤਾਰ ਦਿਉਲ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਉਂਜ ਕਾਂਗਰਸ ਹਾਈਕਮਾਨ ਨੇ ਚੰਨੀ ਸਰਕਾਰ ਨੂੰ ਨਵਾਂ ਐਡਵੋਕੇਟ ਜਨਰਲ ਲਾਏ ਜਾਣ ਲਈ ਪਹਿਲਾਂ ਹੀ ਹਦਾਇਤ ਕਰ ਦਿੱਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਦਾਰਨਾਥ ਮੰਦਰ ਦੇ ਕਿਵਾੜ ਬੰਦਕੇਦਾਰਨਾਥ ਮੰਦਰ ਦੇ ਕਿਵਾੜ ਬੰਦ
Next articleਕਿਸਾਨਾਂ ਵੱਲੋਂ ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਦਾ ਵਿਰੋਧ