ਹਰਿਆਣਾ ’ਚ 66 ਤੇ ਮਹਾਰਾਸ਼ਟਰ ’ਚ 63 ਫੀਸਦ ਪੋਲਿੰਗ; ਚੋਣ ਨਤੀਜੇ ਦਾ ਐਲਾਨ 24 ਨੂੰ
* ਦੋਵਾਂ ਰਾਜਾਂ ’ਚ ਮਾਮੂਲੀ ਹਿੰਸਕ ਘਟਨਾਵਾਂ
* ਕਈ ਆਗੂਆਂ ਦਾ ਭਵਿੱਖ ਚੋਣ ਬਕਸਿਆਂ ’ਚ ਬੰਦ
* ਐਗਜਿ਼ਟ ਪੋਲ ’ਚ ਭਾਜਪਾ ਨੂੰ ਹਰਿਆਣਾ ਤੇ ਮਹਾਰਾਸ਼ਟਰ ’ਚ ਬਹੁਮਤ
ਹਰਿਆਣਾ ਤੇ ਮਹਾਰਾਸ਼ਟਰ ਅਸੈਂਬਲੀਆਂ ਲਈ ਵੋਟਾਂ ਦਾ ਅਮਲ ਅੱਜ ਇੱਕਾ-ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ਹਰਿਆਣਾ ਦੇ 90 ਵਿਧਾਨ ਸਭਾ ਹਲਕਿਆਂ ਲਈ 66.15 ਫੀਸਦ ਵੋਟਾਂ ਪਈਆਂ। ਹਰਿਆਣਾ ਦੇ ਨੂਹ ਵਿੱਚ ਹਿੰਸਾ ਦੀ ਇਕ ਘਟਨਾ ਤੋਂ ਛੁੱਟ ਸਾਰਾ ਚੋਣ ਅਮਲ ਸੁਖੀਂ ਸਾਂਦੀ ਨਿੱਬੜ ਗਿਆ। ਉਧਰ ਮਹਾਰਾਸ਼ਟਰ ਅਸੈਂਬਲੀ ਦੀਆਂ 288 ਸੀਟਾਂ ਲਈ 63.38 ਫੀਸਦ ਵੋਟਾਂ ਪੋਲ ਹੋਈਆਂ। ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਇਲਾਕਿਆਂ ਵਿੱਚ ਵੋਟਿੰਗ ਦੌਰਾਨ ਵੋਟਰਾਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸੇ ਦੌਰਾਨ ਵੱਖ ਵੱਖ ਨਿਊਜ਼ ਚੈਨਲਾਂ ਵੱਲੋਂ ਜਾਰੀ ਐਗਜ਼ਿਟ ਪੋਲ ’ਚ ਭਾਜਪਾ ਨੂੰ ਹਰਿਆਣਾ ਤੇ ਮਹਾਰਾਸ਼ਟਰ ’ਚ ਸਪਸ਼ਟ ਬਹੁਮਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਜਾਲਨਾ ਜ਼ਿਲ੍ਹੇ ਦੇ ਬਦਨਾਪੁਰ ਅਸੈਂਬਲੀ ਹਲਕੇ ਵਿੱਚ ਭਾਜਪਾ ਤੇ ਐੱਨਸੀਪੀ ਵਰਕਰਾਂ ਵਿਚਾਲੇ ਹੋਈ ਝੜਪ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਉਧਰ ਮਹਾਰਾਸ਼ਟਰ ਦੇ ਰਤਨਾਗਿਰੀ ਤੇ ਭੰਡਾਰਾਂ ਜ਼ਿਲ੍ਹਿਆਂ ਵਿੱਚ ਕਾਂਗਰਸ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ’ਚ ਨੁਕਸ ਪੈਣ ਦੀ ਸ਼ਿਕਾਇਤ ਵੀ ਕੀਤੀ। ਵਰਲੀ ਖੇਤਰ ਵਿੱਚ ਤਕਨੀਕੀ ਨੁਕਸ ਕਰਕੇ ਵੋਟਿੰਗ ਕੁਝ ਸਮੇਂ ਲਈ ਪੱਛੜੀ। ਬਿਹਾਰ ਦੀ ਸਮਸਤੀਪੁਰ ਤੇ ਮਹਾਰਾਸ਼ਟਰ ਦੀ ਸਤਾਰਾ ਸੰਸਦੀ ਸੀਟਾਂ ਲਈ ਕ੍ਰਮਵਾਰ 45 ਤੇ 60 ਫੀਸਦ ਵੋਟਾਂ ਪੋਲ ਹੋਈਆਂ। ਵੋਟਿੰਗ ਦਾ ਕੰਮ ਨਿੱਬੜਨ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੈਪਟਨ ਅਭਿਮੰਨਿਊ, ਜੇਜੇਪੀ ਆਗੂ ਦੁਸ਼ਯੰਤ ਚੌਟਾਲਾ, ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ, ਕਾਂਗਰਸ ਉਮੀਦਵਾਰ ਕਿਰਨ ਚੌਧਰੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਸ਼ਿਵ ਸੈਨਾ ਦੇ ਆਦਿੱਤਿਆ ਠਾਕਰੇ, ਐਨਸੀਪੀ ਆਗੂਆਂ ਸਮੇਤ ਹੋਰਨਾਂ ਥੰਮਾਂ ਦਾ ਸਿਆਸੀ ਭਵਿੱਖ ਚੋਣ ਬਕਸਿਆਂ ’ਚ ਬੰਦ ਹੋ ਗਿਆ ਹੈ। ਚੋਣ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।
ਚੋਣ ਕਮਿਸ਼ਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਹਰਿਆਣਾ ਵਿੱਚ ਵੋਟਿੰਗ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋਇਆ, ਜੋ ਸ਼ਾਮ ਨੂੰ 6 ਵਜੇ ਅਮਨ ਅਮਾਨ ਨਾਲ ਸਿਰੇ ਚੜ੍ਹ ਗਿਆ। ਕਮਿਸ਼ਨ ਮੁਤਾਬਕ ਸ਼ਾਮ 6 ਵਜੇ ਤਕ 65 ਫੀਸਦ ਰਜਿਸਟਰਡ ਵੋਟਰਾਂ ਨੇ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕੀਤਾ। 2014 ਦੀਆਂ ਚੋਣਾਂ ਮੌਕੇ ਹਰਿਆਣਾ ਦੇ 76.54 ਫੀਸਦ ਵੋਟਰਾਂ ਨੇ ਮਤਦਾਨ ਕੀਤਾ ਸੀ। 2019 ਦੀਆਂ ਸੰਸਦੀ ਚੋਣਾਂ ਮੌਕੇ ਇਹ ਅੰਕੜਾ 70.36 ਫੀਸਦ ਸੀ। ਉਂਜ ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ਲਈ ਕੁੱਲ 1169 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚ 105 ਮਹਿਲਾਵਾਂ ਵੀ ਸ਼ਾਮਲ ਹਨ। ਹਰਿਆਣਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਮੁੜ ਸੱਤਾ ’ਤੇ ਕਾਬਜ਼ ਹੋਣ ਲਈ ਪੱਬਾਂ ਭਾਰ ਹੈ। ਮੁੱਖ ਮੰਤਰੀ ਖੱਟਰ ਨੇ ਕਰਨਾਲ ਵਿੱਚ ਵੋਟ ਪਾਈ ਤੇ ਉਹ ਸਾਈਕਲ ’ਤੇ ਚੋਣ ਬੂਥ ਪੁੱਜੇ। ਭਾਜਪਾ ਸਰਕਾਰ ਨੇ ਐਤਕੀਂ 75 ਸੀਟਾਂ ’ਤੇ ਕਮਲ ਖਿੜਾਉਣ ਦਾ ਟੀਚਾ ਮਿੱਥਿਆ ਹੈ। ਮੌਜੂਦਾ ਅਸੈਂਬਲੀ ਵਿੱਚ ਭਾਜਪਾ ਦੇ 48 ਵਿਧਾਇਕ ਸਨ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਵਿੱਚ ਚੋਣ ਅਮਲ ਨੂੰ ਸਿਰੇ ਚਾੜ੍ਹਨ ਲਈ 19,578 ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 13,837 ਬੂਥ ਪੇਂਡੂ ਖੇਤਰਾਂ ’ਚ ਸਨ। ਉਂਜ ਪੋਲਿੰਗ ਦੌਰਾਨ ਸੂਬੇ ਭਰ ਵਿੱਚ 75 ਹਜ਼ਾਰ ਤੋਂ ਵਧ ਸੁਰੱਖਿਆ ਦਸਤੇ ਵੱਖ ਵੱਖ ਥਾਈਂ ਤਾਇਨਾਤ ਰਹੇ।ਉਧਰ ਮਹਾਰਾਸ਼ਟਰ ਵਿੱਚ ਵੀ ਵੋਟਿੰਗ ਮਿੱਥੇ ਮੁਤਾਬਕ ਸਵੇਰੇ 7 ਵਜੇ ਸ਼ੁਰੂ ਹੋਈ ਤੇ ਸ਼ਾਮ ਛੇ ਵਜੇ ਤਕ ਪੋਲਿੰਗ ਕੇਂਦਰਾਂ ਵਿੱਚ ਦਾਖ਼ਲ ਹੋਏ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ। ਸ਼ਾਮ ਪੰਜ ਵਜੇ ਤਕ ਕੁੱਲ ਮਿਲਾ ਕੇ ਸੂਬੇ ਵਿੱਚ 54.53 ਫੀਸਦ ਵੋਟਾਂ ਪੋਲ ਹੋਈਆਂ। ਵੱਡੇ ਵੱਡੇ ਸਿਆਸਤਦਾਨਾਂ, ਬੌਲੀਵੁੱਡ ਅਦਾਕਾਰਾਂ ਤੇ ਕਾਰੋਬਾਰੀਆਂ ਨੇ ਕਤਾਰਾਂ ’ਚ ਲੱਗ ਕੇ ਵੋਟ ਪਾਈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਾਗਪੁਰ ਵਿੱਚ ਵੋਟ ਪੋਲ ਕੀਤੀ। ਉਹ ਆਪਣੀ ਪਤਨੀ ਤੇ ਮਾਂ ਨਾਲ ਧਰਮਪੀਠ ਖੇਤਰ ਵਿਚਲੇ ਸਕੂਲ ਵਿੱਚ ਵੋਟ ਪਾਉਣ ਲਈ ਆਏ। ਇਸ ਦੌਰਾਨ ਦੱਖਣੀ ਕੋਂਕਣ, ਪੱਛਮੀ ਤੇ ਦੱਖਣੀ ਕੇਂਦਰੀ ਹਿੱਸਿਆਂ, ਮਰਾਠਵਾੜਾ ਖੇਤਰ ਦੇ ਲਾਤੁਰ ਤੇ ਓਸਮਾਨਾਬਾਦ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਵਿੱਚ ਸਵੇਰੇ ਪਏ ਮੀਂਹ ਨਾਲ ਸ਼ੁਰੂਆਤੀ ਵੋਟਿੰਗ ਦੇ ਕੰਮ ’ਚ ਕੁਝ ਵਿਘਨ ਪਿਆ। ਪ੍ਰਮੁੱਖ ਵੋਟਰਾਂ ’ਚ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ, ਐੱਨਸੀਪੀ ਆਗੂ ਸ਼ਰਦ ਪਵਾਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਤੇ ਐੱਮਐੱਨਐੱਸ ਮੁਖੀ ਰਾਜ ਠਾਕਰੇ ਸ਼ਾਮਲ ਹਨ। ਸ਼ਾਹਰੁਖ਼ ਖ਼ਾਨ ਤੋਂ ਸਲਮਾਨ ਖ਼ਾਨ, ਕਰੀਨਾ ਤੋਂ ਦੀਪਿਕਾ ਪਾਦੂਕੋਨ ਨੇ ਮੁੰਬਈ ਦੇ ਵੱਖ ਵੱਖ ਪੋਲਿੰਗ ਬੂਥਾਂ ’ਤੇ ਦਸਤਕ ਦਿੱਤੀ। ਆਮਿਰ ਖ਼ਾਨ ਤੇ ਉਨ੍ਹਾਂ ਦੀ ਫ਼ਿਲਮਸਾਜ਼ ਪਤਨੀ ਕਿਰਨ ਰਾਓ ਨੇ ਸਬ ਅਰਬਨ ਬਾਂਦਰਾ ਦੇ ਪਾਲੀ ਹਿਲ ਇਲਾਕੇ ਵਿਚਲੇ ਸੇਂਟ ਐਨੀ ਹਾਈ ਸਕੂਲ ’ਚ ਵੋਟ ਪਾਈ। ਅਦਾਕਾਰ ਰਿਤੇਸ਼ ਦੇਸ਼ਮੁਖ ਤੇ ਪਤਨੀ ਜਿਨੇਲੀਆ ਡੀਸੂਜ਼ਾ ਨੇ ਲਾਤੁਰ ਜ਼ਿਲ੍ਹੇ ’ਚ ਵੋਟਾਂ ਪਾਈਆਂ। ਮੁੰਬਈ ਵਿੱਚ ਮਹਾਰਾਸ਼ਟਰ ਅਸੈਂਬਲੀ ਦੇ ਕੁੱਲ 36 ਹਲਕੇ ਆਉਂਦੇ ਹਨ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਵੀ ਮੁੰਬਈ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਮਹਾਰਾਸ਼ਟਰ ਵਿੱਚ ਕੁੱਲ 8.98 ਕਰੋੜ ਰਜਿਸਟਰਡ ਵੋਟਰ ਸਨ ਤੇ ਇਨ੍ਹਾਂ ਵਿਚੋਂ 1.06 ਕਰੋੜ 18 ਤੋੋਂ 25 ਸਾਲ ਦੇ ਉਮਰ ਵਰਗ ਨਾਲ ਸਬੰਧਤ ਸਨ। ਪੂਰੇ ਸੂਬੇ ਵਿੱਚ 96,661 ਪੋਲਿੰਗ ਬੂਥਾਂ ਦੀ ਨਿਗਰਾਨੀ ਤੇ ਸੁਰੱਖਿਆ ਲਈ 6.5 ਲੱਖ ਸੁਰੱਖਿਆ ਕਰਮੀਆਂ ਦੀ ਨਫਰੀ ਤਾਇਨਾਤ ਸੀ। ਇਸ ਦੌਰਾਨ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਰਾਮਟੇਕ ਸੈਗਮੈਂਟ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ 250 ਤੋਂ ਵਧ ਸ਼ਿਕਾਇਤਾਂ ਦਰਜ ਕੀਤੀਆਂ ਹਨ। ਗੜਚਿਰੋਲੀ ਜ਼ਿਲ੍ਹੇ ਵਿੱਚ ਚੋਣ ਡਿਊਟੀ ’ਤੇ ਤਾਇਨਾਤ 45 ਸਾਲਾ ਅਧਿਆਪਕ ਗਸ਼ ਖਾ ਕੇ ਡਿੱਗ ਗਿਆ, ਜਿਸ ਦੀ ਮਗਰੋਂ ਮੌਤ ਹੋ ਗਈ। ਅਧਿਆਪਕ ਦੀ ਪਛਾਣ ਬਾਪੂ ਪਾਂਡੂ ਗਾਵਾਡੇ ਵਜੋਂ ਹੋਈ ਹੈ। ਇਸ ਦੌਰਾਨ ਪੁਣੇ ਦੇ ਭੋਸਾੜੀ ਹਲਕੇ ਦੇ ਪੋਲਿੰਗ ਬੂਥ ’ਤੇ 62 ਸਾਲਾ ਵਿਅਕਤੀ ਦਿਮਾਗ ਦੀ ਨਾੜੀ ਫਟਣ ਕਾਰਨ ਫ਼ੌਤ ਹੋ ਗਿਆ।