-
ਪਿਛਲੀ ਵਾਰ ਦੇ ਮੁਕਾਬਲੇ 6.01 ਫ਼ੀਸਦੀ ਵੋਟ ਪ੍ਰਤੀਸ਼ਤ ਘਟਿਆ
ਦਿੱਲੀ ਵਿਧਾਨ ਸਭਾ ਦੇ 70 ਵਿਧਾਨ ਸਭਾ ਹਲਕਿਆਂ ਲਈ ਅੱਜ ਸਵੇਰੇ ਸ਼ੁਰੂ ਹੋਇਆ ਵੋਟਾਂ ਪਾਉਣ ਦਾ ਅਮਲ ਸ਼ਾਮ ਨੂੰ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਿਆ। ਦਿੱਲੀ ਵਿਧਾਨ ਸਭਾ ਲਈ ਮੈਦਾਨ ’ਚ ਨਿੱਤਰੇ ਕੁੱਲ 672 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 1 ਕਰੋੜ 47 ਲੱਖ ਤੋਂ ਵੱਧ ਵੋਟਰਾਂ ਨੇ ਈਵੀਐੱਮ ਵਿੱਚ ਬੰਦ ਕਰ ਦਿੱਤਾ ਹੈ। ਇਸ ਵਾਰ ਦਿੱਲੀ ਵਿੱਚ 61.46 ਫ਼ੀਸਦੀ ਵੋਟਾਂ ਪਈਆਂ ਜੋ 2015 ਦੇ 67.47 ਫੀਸਦ ਮੁਕਾਬਲੇ 6.01 ਫ਼ੀਸਦੀ ਘੱਟ ਹਨ। ਇਸੇ ਦੌਰਾਨ ਵੱਖ ਵੱਖ ਚੋਣ ਸਰਵੇਖਣਾਂ ਵਿਚ ਦਿੱਲੀ ’ਚ ਇਕ ਵਾਰ ਫਿਰ ‘ਆਪ’ ਦੀ ਸਰਕਾਰ ਬਣਨ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਸਮੇਂ ਵੋਟਾਂ ਪਾਉਣ ਦੀ ਰਫ਼ਤਾਰ ਮੱਠੀ ਰਹੀ ਤੇ ਸਵੇਰੇ 10 ਵਜੇ ਤੱਕ 4.33 ਫੀਸਦ ਵੋਟਾਂ ਹੀ ਪਈਆਂ ਪਰ ਜਿਉਂ-ਜਿਉ ਦਿਨ ਚੜ੍ਹਦਾ ਗਿਆ ਤਾਂ ਵੋਟ ਫ਼ੀਸਦ ਵੀ ਵਧਦਾ ਗਿਆ। ਦਿੱਲੀ ਦੀਆਂ ਝੁੱਗੀ ਤੇ ਕੱਚੀਆਂ ਕਲੋਨੀਆਂ ਦੇ ਵੋਟਰਾਂ ਅੰਦਰ ਵੱਧ ਉਤਸ਼ਾਹ ਦੇਖਿਆ ਗਿਆ। ਸ਼ਾਮ 6 ਵਜੇ ਤਕ 57.06 ਫੀਸਦ ਵੋਟਾਂ ਪੈ ਚੁੱਕੀਆਂ ਸਨ।
ਦਿੱਲੀ ਦੇ ਮੁੱਖ ਚੋਣ ਅਫਸਰ ਰਣਬੀਰ ਸਿੰਘ ਨੇ ਕਿਹਾ ਕਿ ਇਹ ਵੋਟ ਪ੍ਰਤੀਸ਼ਤਤਾ ਵਧ ਸਕਦੀ ਹੈ ਕਿਉਂਕਿ ਕੁਝ ਥਾਵਾਂ ’ਤੇ ਵੋਟਾਂ ਪੈਣ ਦਾ ਕੰਮ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰਤ ਤੌਰ ’ਤੇ ਵੋਟਿੰਗ ਦਾ ਸਮਾਂ ਸ਼ਾਮ ਛੇ ਵਜੇ ਤੱਕ ਸੀ ਪਰ ਕੁਝ ਲੋਕ ਸ਼ਾਮ ਛੇ ਵਜੇ ਤੱਕ ਪੋਲਿੰਗ ਬੂਥਾਂ ਅੰਦਰ ਜਾ ਚੁੱਕੇ ਸਨ, ਇਸ ਲਈ ਉਨ੍ਹਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।
ਇਸੇ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਭਾਜਪਾ ਦਿੱਲੀ ਅੰਦਰ 46 ਸੀਟਾਂ ਜਿੱਤ ਕੇ ਸਰਕਾਰ ਬਣਾਏਗੀ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਚੋਣਾਂ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਸੱਦ ਲਈ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ’ਚ ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ। ਉਨ੍ਹਾਂ ਵੋਟਾਂ ਦਾ ਕੰਮ ਖਤਮ ਹੋਣ ਮਗਰੋਂ ਟਵਿਟਰ ’ਤੇ ਆਪ ਵਰਕਰਾਂ ਦਾ ਧੰਨਵਾਦ ਕੀਤਾ।
ਐਗਜ਼ਿਟ ਪੋਲ ’ਚ ਆਮ ਆਦਮੀ ਪਾਰਟੀ ਦੀ ਆਸਾਨ ਜਿੱਤ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਆਸਾਨ ਜਿੱਤ ਮਿਲਦੀ ਦਿਖਾਈ ਗਈ ਹੈ। ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ ਵੀ ਕੁਝ ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ ਜਿਸ ਨੂੰ 2015 ਦੀਆਂ ਵਿਧਾਨ ਸਭਾ ਚੋਣਾਂ ’ਚ ਇੱਕ ਵੀ ਸੀਟ ਨਹੀਂ ਮਿਲੀ ਸੀ। ਟਾਈਮਜ਼ ਨਾਓ-ਇਪਸੋਸ ਵੱਲੋਂ ਜਾਰੀ ਐਗਜ਼ਿਟ ਪੋਲ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ 44 ਜਦਕਿ ਭਾਜਪਾ ਨੂੰ 26 ਸੀਟਾਂ ਦਿੱਤੀਆਂ ਗਈਆਂ ਹਨ। ਰਿਪਬਲਿਕ-ਜਨ ਕੀ ਬਾਤ ਵੱਲੋਂ ‘ਆਪ’ ਨੂੰ 48-61 ਤੇ ਭਾਜਪਾ ਨੂੰ 9-21, ਟੀਵੀ9 ਭਾਰਤ ਵਰਸ਼-ਸਿਸਰੋ ਵੱਲੋਂ ‘ਆਪ’ ਨੂੰ 54, ਭਾਜਪਾ ਨੂੰ 15 ਤੇ ਕਾਂਗਰਸ ਨੂੰ 1 ਸੀਟ ਦਿੱਤੀ ਗਈ ਹੈ। ਇੰਡੀਆ ਟੂਡੇ-ਅੱਜ ਤੱਕ-ਐਕਸਿਸ ਮਾਈ ਇੰਡੀਆ ਅਨੁਸਾਰ ਆਮ ਆਦਮੀ ਪਾਰਟੀ 70 ’ਚੋਂ 68 ਸੀਟਾਂ ਜਿੱਤ ਸਕਦੀ ਹੈ। ਇਸ ਦੇ ਨਾਲ ਹੀ ਭਾਜਪਾ ਨੂੰ 1-2 ਸੀਟਾਂ ਮਿਲ ਸਕਦੀਆਂ ਹਨ। ਨੇਤਾ-ਨਿਊਜ਼ਐੱਕਸ ਨੇ ਆਪ ਨੂੰ 53-57 ਤੇ ਭਾਜਪਾ ਨੂੰ 11-17 ਸੀਟਾਂ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ 67 ਤੇ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ। ਉਸ ਸਮੇਂ ਕਾਂਗਰਸ ਇੱਕ ਵੀ ਸੀਟ ਹਾਸਲ ਕਰਨ ਤੋਂ ਨਾਕਾਮ ਰਹੀ ਸੀ।