ਐਕਸਪਾਇਰ ਬੀਅਰ ਵੇਚਣ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਿੱਚ ਮਾਹਰ ਹਨ ਸ਼ਰਾਬ ਦੇ ਠੇਕੇਦਾਰ – ਅਸ਼ੋਕ ਸੰਧੂ ਨੰਬਰਦਾਰ

ਐਕਸਪਾਇਰ ਬੀਅਰ ਦਿਖਾਉਂਦਾ ਇੱਕ ਗ੍ਰਾਹਕ ਨਵਦੀਪ ਕੁਮਾਰ।

ਕੋਵਿਡ-19 ਦੇ ਨਿਯਮਾਂ ਦੀ ਵੀ ਨਹੀਂ ਕਰਦੇ ਪ੍ਰਵਾਹ

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ)  : ਨੂਰਮਹਿਲ ਸ਼ਰਾਬ ਦੇ ਠੇਕੇਦਾਰ ਅਤੇ ਇਹਨਾਂ ਦੇ ਕਰਿੰਦੇ ਜਿੱਥੇ ਐਕਸਪਾਇਰ ਬੀਅਰ ਵੇਚਣ ਅਤੇ ਓਵਰ ਚਾਰਜਿੰਗ ਕਰਨ ਵਿੱਚ ਮਾਹਿਰ ਹਨ ਉੱਥੇ ਨਿੱਤ ਨੂਰਮਹਿਲ ਪੁਲਿਸ, ਡੀ.ਸੀ. ਸਾਹਿਬ ਦੇ ਹੁਕਮ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਣ ਵਿੱਚ ਵੀ ਮਾਹਰ ਹਨ। ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਜਦੋਂ ਤੋਂ ਲਾਕਡਾਊਨ ਜਾਂ ਕਰਫ਼ਿਊ ਦੇ ਹੁਕਮ ਜਾਰੀ ਹੋਏ ਹਨ ਨੂਰਮਹਿਲ ਦੇ ਸ਼ਰਾਬ ਦੇ ਠੇਕੇਦਾਰ ਅਤੇ ਇਹਨਾਂ ਦੇ ਕਰਿੰਦਿਆਂ ਨੇ ਇੱਕ ਦਿਨ ਵੀ ਸਰਕਾਰੀ ਹੁਕਮ ਨਹੀਂ ਮੰਨੇ।

ਆਪਣੀ ਮਰਜੀ ਨਾਲ ਠੇਕੇ ਖੋਲ੍ਹਦੇ ਅਤੇ ਬੰਦ ਕਰਦੇ ਹਨ ਜਦਕਿ ਸਾਰਾ ਨੂਰਮਹਿਲ ਸਰਕਾਰੀ ਹੁਕਮਾਂ ਦੀ ਇੰਨ-ਭਿੰਨ ਪਾਲਣਾ ਕਰਦਾ ਹਾਂ, ਇਥੋਂ ਤੱਕ ਕਿ ਦਵਾਈਆਂ ਦੀਆਂ ਦੁਕਾਨਾਂ ਵੀ ਨਿਰਧਾਰਤ ਸਮੇਂ ਤੇ ਬੰਦ ਹੋ ਜਾਂਦੀਆਂ ਹਨ। ਇਹ ਠੇਕੇਦਾਰ ਦੇਸ਼ ਦੇ ਸ਼ਹੀਦਾਂ ਅਤੇ ਕੌਮੀ ਝੰਡੇ ਦਾ ਸਨਮਾਨ ਵੀ ਨਹੀਂ ਕਰਦੇ। 15 ਅਗਸਤ ਆਜ਼ਾਦੀ ਦਿਹਾੜੇ ਵਾਲੇ ਦਿਨ (ਡ੍ਰਾਈ-ਡੇ) ਇੱਕ ਪਾਸੇ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਜਾ ਰਿਹਾ ਸੀ ਦੂਜੇ ਪਾਸੇ ਇਹ ਸ਼ਰਾਬ ਦੇ ਠੇਕੇਦਾਰ ਅਤੇ ਇਹਨਾਂ ਦੇ ਕਰਿੰਦੇ ਰਾਮ ਮੰਦਰ ਪਾਸ ਨਵੇਂ ਖੋਹਲੇ ਪ੍ਰਮੁੱਖ ਠੇਕੇ ਉੱਪਰ ਸ਼ਰੇਆਮ ਛੋਟੇ ਸ਼ਟਰ ਰਾਹੀਂ ਸ਼ਰਾਬ ਵੇਚਕੇ ਕੌਮੀ ਝੰਡੇ ਅਤੇ ਦੇਸ਼ ਦੇ ਸ਼ਹੀਦਾਂ ਦਾ ਅਪਮਾਣ ਕਰ ਰਹੇ ਸਨ।

ਇਸ ਸੰਬੰਧੀ ਪੁਲਿਸ ਅਤੇ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਨੰਬਰਦਾਰ ਅਸ਼ੋਕ ਸੰਧੂ ਅਤੇ ਹੋਰਾਂ ਵੱਲੋਂ ਸੂਚਿਤ ਕੀਤਾ ਗਿਆ ਪਰ ਠੇਕੇਦਾਰਾਂ ਦੇ ਕੱਦ ਸਾਹਮਣੇ ਕੋਈ ਠੋਸ ਕਾਨੂੰਨੀ ਕਾਰਵਾਈ ਨਹੀਂ ਹੋਈ। ਨੰਬਰਦਾਰ ਅਸ਼ੋਕ ਸੰਧੂ ਨੇ DC, DETC ਅਤੇ SSP ਸਾਹਿਬ ਪਾਸੋਂ ਮੰਗ ਕੀਤੀ ਹੈ ਕਿ ਦੇਸ਼ ਦੇ ਆਜ਼ਾਦੀ ਦਿਵਸ ਵਰਗੇ ਪਵਿੱਤਰ ਦਿਹਾੜੇ ਦਾ ਅਪਮਾਣ ਕਰਨ ਦੇ ਦੋਸ਼ ਵਿੱਚ ਠੇਕੇਦਾਰਾਂ ਅਤੇ ਇਹਨਾਂ ਦੇ ਕਰਿੰਦਿਆਂ ਖਿਲਾਫ਼ ਮੁਕੱਦਮੇ ਦਰਜ ਕੀਤੇ ਜਾਣ ਅਤੇ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਰੱਦ ਕੀਤੇ ਜਾਣ।

ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਨੂਰਮਹਿਲ ਦੇ ਕਿਸੇ ਵੀ ਠੇਕੇ ਉੱਪਰ ਠੇਕਿਆਂ ਦੇ ਮਨਜ਼ੂਰ ਸ਼ੁਦਾ ਹੋਣ ਦੇ ਲਾਇਸੈਂਸ ਨਹੀਂ ਲਗਾਏ ਨਾ ਹੀ ਇਹ ਠੇਕਿਆਂ ਦੀਆਂ ਦੀਵਾਰਾਂ ਉੱਪਰ ਇਹ ਲਿਖਿਆ ਕਿ ਇਹ ਕਿਹੜਾ ਠੇਕਾ ਕਿਸ ਸਾਲ ਨਾਲ ਸੰਬੰਧਤ ਹੈ, ਕੌਣ ਮਾਲਕ ਹੈ। ਅਜਿਹਾ ਨਾ ਲਿਖਣਾ ਵੀ ਆਬਕਾਰੀ ਐਕਟ ਦੀ ਉਲੰਘਣਾ ਹੈ। ਠੇਕੇਦਾਰਾਂ ਨੇ ਆਪਣੀ ਮਰਜ਼ੀ ਨਾਲ ਹੀ ਬਿਨਾਂ ਲਾਇਸੈਂਸ ਦੇ ਠੇਕੇ ਖੋਹਲੇ ਹੋਏ ਹਨ। ਵਿਭਾਗ ਦੀਆਂ ਇਹਨਾਂ ਲਾਪ੍ਰਵਾਹੀਆਂ ਕਾਰਣ ਪੰਜਾਬ ਵਿੱਚ ਅਨੇਕਾਂ ਮੌਤਾਂ ਹੋਈਆਂ। ਕਿਸੇ ਵੀ ਠੇਕੇ ਉੱਪਰ ਕੋਈ ਵੀ ਮਾਲਕ ਜਾ ਕਰਿੰਦਾ ਮਾਸਕ ਆਦਿ ਨਹੀਂ ਪਹਿਨਦਾ ਨਾ ਕੋਈ ਕੋਈ ਸ਼ੋਸ਼ਲ ਡਿਸਟੈਂਸ ਰੱਖਿਆ ਜਾਂਦਾ ਹੈ।

ਦੇਰ ਰਾਤ ਤੱਕ ਠੇਕੇ ਖੋਲ੍ਹਕੇ ਲੋਕਾਂ ਦਾ ਇਕੱਠ ਕਰਕੇ ਅਤੇ ਉੱਥੇ ਸ਼ਰਾਬਾਂ ਪਿਲਾਉਣ ਕਾਰਣ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ ਜੋ “ਮਿਸ਼ਨ ਫ਼ਤਹਿ” ਨੂੰ ਠੇਂਗਾ ਦਿਖਾਉਂਦਾ ਹੈ। ਨੰਬਰਦਾਰ ਅਸ਼ੋਕ ਸੰਧੂ ਨੇ ਮੰਗ ਕੀਤੀ ਹੈ ਕਿ ਜੋ-ਜੋ ਠੇਕੇ ਧਾਰਮਿਕ ਅਸਥਾਨਾਂ ਅੱਗੇ ਖੋਹਲੇ ਗਏ ਹਨ ਆਬਕਾਰੀ ਵਿਭਾਗ ਉਹਨਾਂ ਠੇਕਿਆਂ ਨੂੰ ਤੁਰੰਤ ਬੰਦ ਕਰੇ ਤਾਂਕਿ ਨਿੱਤ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਰਾਹਤ ਮਿਲੇ।

ਨੂਰਮਹਿਲ ਵਿਖੇ ਪੁਰਾਣੇ ਬੱਸ ਸਟੈਂਡ ਮਸੀਤ ਦੇ ਸਾਹਮਣੇ ਅਤੇ ਪ੍ਰਾਚੀਨ ਸ਼ਿਵ ਮੰਦਰ ਨੇੜੇ ਰਾਮ ਮੰਦਰ ਦੇ ਬਿਲਕੁਲ ਸਾਹਮਣੇ ਖੁੱਲ੍ਹੇ ਠੇਕੇ ਜੋ ਬਿਨਾਂ ਅੱਖਾਂ ਵਾਲੇ ਨੂੰ ਦਿਸਦੇ ਹਨ, ਇਸ ਗੱਲ ਦਾ ਪ੍ਰਮਾਣ ਹਨ। ਲੋਕਾਂ ਦੀ ਮੰਗ ਹੈ ਕਿ ਆਬਕਾਰੀ ਅਤੇ ਫ਼ੂਡ ਸਪਲਾਈ ਵਿਭਾਗ ਐਕਸਪਾਇਰ ਬੀਅਰ ਵੇਚਣ ਵਾਲੇ ਠੇਕੇਦਾਰਾਂ ਦਾ ਚਲਾਣ ਕਰੇ ਅਤੇ ਸਟਾਕ ਚੈਕ ਕਰੇ।

Previous articleOsaka pulls out of Western & Southern Open semis to protest racial injustice
Next articleਰਵਨੀਤ ਬਿੱਟੂ ਨੂੰ ਸੋਨੀਆ ਗਾਂਧੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਲੋਕ ਸਭਾ ’ਚ ਪਾਰਟੀ ਵਿਪ ਕੀਤਾ ਨਿਯੁਕਤ