ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਥੇਹ ਕਲੰਦਰ ਵਾਸੀ ਇਕ ਔਰਤ ਰੀਣਾ ਬਾਈ ਵੱਲੋਂ ਸਮੇਂ ਸਿਰ ਐਂਬੂਲੈਂਸ ਸੇਵਾ ਨਾ ਮਿਲਣ ਕਾਰਨ ਫਾਜ਼ਿਲਕਾ-ਫਿਰੋਜ਼ਪੁਰ ਰੋਡ ਉੱਤੇ ਇਥੋਂ ਲਗਪਗ 7 ਕਿਲੋਮੀਟਰ ਦੂਰੀ ’ਤੇ ਸਥਿਤ ਪਿੰਡ ਘਣਿਆਣੀ ਨੇੜੇ ਸੜਕ ਕੰਢੇ ਸਮੇਂ ਤੋਂ ਪਹਿਲਾਂ ਇਕ ਲੜਕੀ ਨੂੰ ਜਨਮ ਦੇ ਦਿੱਤਾ ਗਿਆ। ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਰੀਣਾ ਬਾਈ ਦੇ ਪਤੀ ਰਮੇਸ਼ ਸਿੰਘ ਵਾਸੀ ਪਿੰਡ ਥੇਹ ਕਲੰਦਰ ਨੇ ਦੱਸਿਆ ਕਿ ਅੱਜ ਤੜਕਸਾਰ ਜਿਵੇਂ ਹੀ ਉਸ ਦੀ ਪਤਨੀ ਰੀਣਾ ਬਾਈ ਨੂੰ ਜਨਮ ਪੀੜਾ ਮਹਿਸੂਸ ਹੋਈ ਤਾਂ ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਲਿਜਾਣ ਲਈ 108 ਨੰਬਰ ਉੱਤੇ ਐਂਬੂਲੈਂਸ ਨੂੰ ਬੁਲਾਇਆ ਗਿਆ। ਉਸ ਨੇ ਦੱਸਿਆ ਕਿ ਐਂਬੂਲੈਂਸ ਜੋ ਉਸ ਸਮੇਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਮੌਜੂਦ ਸੀ ਦੇ ਚਾਲਕ ਵੱਲੋਂ ਵਿਅਸਤ ਹੋਣ ਦੀ ਗੱਲ ਕਹਿ ਕੇ ਟਾਲ ਦਿੱਤਾ ਗਿਆ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੀ ਪਤਨੀ ਰੀਣਾ ਬਾਈ ਨੂੰ ਮੋਟਰਸਾਈਕਲ ਉੱਤੇ ਬੈਠਾ ਕੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਵੱਲ ਇਲਾਜ ਲਈ ਲਿਆ ਰਿਹਾ ਸੀ ਤਾਂ ਰਸਤੇ ਵਿੱਚ ਦਰਦ ਵਧਣ ਕਾਰਨ ਉਸ ਨੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਘਣਿਆਣੀ ਦੇ ਨੇੜੇ ਸੜਕ ਕੰਢੇ ਇਕ ਬੱਚੀ ਨੂੰ ਜਨਮ ਦੇ ਦਿੱਤਾ ਅਤੇ ਬੱਚੀ ਦੀ ਬਾਅਦ ਵਿੱਚ ਮੌਤ ਹੋ ਗਈ। ਰਮੇਸ਼ ਸਿੰਘ ਨੇ ਦੱਸਿਆ ਕਿ ਫੋਨ ਕਰਨ ਤੋਂ ਲਗਪਗ ਇਕ ਘੰਟਾ ਬਾਅਦ ਐਂਬੂਲੈਂਸ ਜਿਸ ਸਥਾਨ ਉੱਤੇ ਉਸ ਦੀ ਪਤਨੀ ਨੇ ਬੱਚੀ ਨੂੰ ਜਨਮ ਦਿੱਤਾ ਸੀ ਉਥੇ ਪਹੁੰਚੀ। ਇਸ ਉੱਤੇ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਪਤਨੀ ਅਤੇ ਮ੍ਰਿਤਕ ਬੱਚੀ ਨੂੰ ਲੈ ਕੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ। ਜਿੱਥੇ ਉਸ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਦੋ ਬੱਚਿਆਂ ਦੀ ਸਮੇਂ ਤੋਂ ਪਹਿਲਾਂ ਹੋਣ ਕਾਰਨ ਮੌਤ ਹੋ ਚੁੱਕੀ ਹੈ। ਵਰਣਨਯੋਗ ਹੈ ਕਿ ਪਿੰਡ ਥੇਹ ਕਲੰਦਰ ਵਾਸੀ ਰਮੇਸ਼ ਸਿੰਘ ਦਾ ਘਰ ਸ਼ਹਿਰ ਤੋਂ ਸਿਰਫ਼ 9 ਕਿਲੋਮੀਟਰ ਦੀ ਦੂਰੀ ਉੱਤੇ ਹੈ। ਜੇਕਰ ਸਮਾਂ ਰਹਿੰਦੇ ਐਂਬੂਲੈਂਸ ਪਹੁੰਚ ਜਾਂਦੀ ਤਾਂ ਨਵ ਜਨਮੀ ਬੱਚੀ ਨੂੰ ਬਚਾਇਆ ਜਾ ਸਕਦਾ ਸੀ।
INDIA ਐਂਬੂਲੈਂਸ ਨਾ ਮਿਲਣ ਕਾਰਨ ਬੱਚੀ ਨੂੰ ਸੜਕ ਕੰਢੇ ਜਨਮ ਦਿੱਤਾ