(ਸਮਾਜ ਵੀਕਲੀ)
ਮਨੁੱਖ ਅਤੇ ਉਸ ਦੇ ਪਰਿਵਾਰ ਦੇ ਸਾਰੇ ਜੀਆਂ ਦੀ ਇਕਜੁੱਟਤਾ ਨਾਲ ਹੀ ਇੱਕ ਵਧੀਆ ਪਰਿਵਾਰ ਬਣਦਾ ਹੈ। ਕਿਸੇ ਵੀ ਪਰਿਵਾਰ ਦੀਆਂ ਖੁਸ਼ੀਆਂ ਉਸ ਦੇ ਜੀਆਂ ਦੇ ਏਕੇ ‘ਤੇ ਨਿਰਭਰ ਹੁੰਦੀਆਂ ਹਨ। ਕਈ ਵਾਰੀ ਕਿਸੇ ਪਰਿਵਾਰ ਦਾ ਏਕਾ ਬਾਹਰੀ ਲੋਕਾਂ ਦੀ ਦਖਲਅੰਦਾਜ਼ੀ ਕਾਰਨ ਖ਼ਤਮ ਹੋ ਜਾਂਦਾ ਹੈ। ਬਾਹਰੀ ਲੋਕਾਂ ਵਿੱਚ ਘਰ ਦੇ ਨੌਕਰ, ਬੱਚਿਆਂ ਜਾਂ ਵੱਡਿਆਂ ਦੇ ਦੋਸਤ-ਮਿੱਤਰ, ਰਿਸ਼ਤੇਦਾਰ,ਆਂਢੀ-ਗੁਆਂਢੀ ਜਾਂ ਫਿਰ ਨਾਲ ਕੰਮ ਕਰਨ ਵਾਲੇ ਲੋਕ ਆਉਂਦੇ ਹਨ। ਇੱਕ ਵਿਅਕਤੀ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨਾਲ ਘਰ ਚਲਾਉਂਦੇ ਹੋਏ ਬਾਹਰੀ ਲੋਕਾਂ ਦੇ ਵਿਚਾਰਾਂ ਦੇ ਪ੍ਰਵਾਹ ਵਿੱਚ ਵਹਿ ਕਈ ਵਾਰ ਆਪਣੇ ਘਰ ਦੀਆਂ ਖੁਸ਼ੀਆਂ ਅਤੇ ਆਪਸੀ ਪਿਆਰ ਖਤਮ ਕਰ ਬੈਠਦਾ ਹੈ।
ਆਪਾਂ ਪਹਿਲਾਂ ਗੱਲ ਕਰਦੇ ਹਾਂ ਘਰ ਦੇ ਨੌਕਰਾਂ ਦੀ। ਪਰਿਵਾਰ ਵੱਲੋਂ ਘਰ ਦੇ ਨੌਕਰਾਂ ਨੂੰ ਇੱਕ ਦਾਇਰੇ ਵਿੱਚ ਰਹਿ ਕੇ ਤਰਜੀਹ ਦੇਣੀ ਚਾਹੀਦੀ ਹੈ। ਪਰਿਵਾਰ ਦੇ ਸਾਰੇ ਜੀਆਂ ਨੂੰ ਬਹੁਤਾ ਘੁਲ਼ ਮਿਲ ਕੇ ਉਹਨਾਂ ਨੂੰ ਘਰ ਦੇ ਸਾਰੇ ਭੇਤ ਨਹੀਂ ਦੇਣੇ ਚਾਹੀਦੇ। ਕਈ ਵਾਰ ਆਪਸ ਵਿੱਚ ਹੋਈ ਛੋਟੀ ਮੋਟੀ ਬਹਿਸਬਾਜ਼ੀ ਦੀਆਂ ਬਾਅਦ ਵਿੱਚ ਉਨ੍ਹਾਂ ਨਾਲ ਕੀਤੀਆਂ ਗੱਲਾਂ ਦਾ ਫ਼ਾਇਦਾ ਉਠਾ ਕੇ ਉਹ ਦੂਜੇ ਮੈਂਬਰਾਂ ਨੂੰ ਵਧਾ ਚੜ੍ਹਾ ਕੇ ਦੱਸ ਕੇ ਘਰੇਲੂ ਕਲੇਸ਼ ਪੈਦਾ ਕਰ ਸਕਦੇ ਹਨ। ਪਰਿਵਾਰ ਦੇ ਜੀਆਂ ਦੀਆਂ ਨਿੱਜੀ ਵਸਤਾਂ ਜਾਂ ਕੱਪੜਿਆਂ ਨੂੰ ਵੀ ਉਹਨਾਂ ਨੂੰ ਚੁੱਕਣ, ਰੱਖਣ, ਪਕੜਾਉਣ, ਧੋਣ ਜਾਂ ਸੁੱਕਣੇ ਪਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।ਘਰ ਦੇ ਕਿਸ਼ੋਰ ਅਵਸਥਾ ਦੇ ਬੱਚਿਆਂ ਦਾ ਉਹਨਾਂ ਨਾਲ ਮੇਲ ਮਿਲਾਪ ਜਾਂ ਘੁਲਣਾ ਮਿਲਣਾ ਵੀ ਸੀਮਤ ਦਾਇਰੇ ਵਿੱਚ ਹੀ ਰਹਿਣਾ ਚਾਹੀਦਾ ਹੈ।
ਅਗਰ ਗੱਲ ਕਰੀਏ ਬੱਚਿਆਂ ਦੇ ਦੋਸਤਾਂ ਮਿੱਤਰਾਂ ਦੀ ਤਾਂ ਛੋਟੇ ਬੱਚਿਆਂ ਦੀਆਂ ਗੱਲਾਂ ਬਾਤਾਂ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਕਿਸ ਤਰ੍ਹਾਂ ਦੇ ਬੱਚਿਆਂ ਨਾਲ਼ ਦੋਸਤੀ ਹੈ,ਕਈ ਵਾਰ ਛੋਟੇ ਬੱਚੇ ਆਪਣੇ ਸਾਥੀਆਂ ਦੀਆਂ ਗੱਲਾਂ ਨੂੰ ਅਪਣਾ ਕੇ ਆਪਣੇ ਵਿਵਹਾਰ,ਬੋਲੀ ਅਤੇ ਹੋਰ ਨਿੱਜੀ ਆਦਤਾਂ ਵਿੱਚ ਕਾਫ਼ੀ ਬਦਲਾਓ ਲਿਆਉਣ ਲੱਗ ਜਾਂਦੇ ਹਨ,ਇਹੋ ਜਿਹੀ ਸਥਿਤੀ ਵਿੱਚ ਮਾਪਿਆਂ ਅਤੇ ਅਧਿਆਪਕਾਂ ਨੂੰ ਉਹਨਾਂ ਉੱਪਰ ਨਿਗਾਹ ਰੱਖਣੀ ਚਾਹੀਦੀ ਹੈ। ਅੱਲੜ੍ਹ ਉਮਰ ਦੇ ਬੱਚਿਆਂ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਐਨੀ ਗੂੜ੍ਹਤਾ ਨਹੀਂ ਵਧਾਉਣੀ ਚਾਹੀਦੀ ਕਿ ਹਰ ਸਮੇਂ ਇੱਕ ਦੂਜੇ ਦੇ ਘਰ ਆਉਣਾ ਜਾਣਾ ਲਾਈ ਰੱਖਣ।
ਕਈ ਵਾਰ ਤਾਂ ਬੱਚਿਆਂ ਦੀ ਗੂੜ੍ਹੀ ਦੋਸਤੀ ਨੂੰ ਮਾਤਾ ਪਿਤਾ ਵੀ ਅਣਗੌਲਿਆਂ ਕਰ ਦਿੰਦੇ ਹਨ ਤੇ ਬੱਚਿਆਂ ਨੂੰ ਐਨੀ ਖੁੱਲ੍ਹ ਦੇ ਦਿੰਦੇ ਹਨ ਕਿ ਉਹ ਰਾਤਾਂ ਵੀ ਇੱਕ ਦੂਸਰੇ ਦੇ ਘਰ ਬਿਤਾਉਣ ਲੱਗ ਜਾਂਦੇ ਹਨ ਜਿਸ ਦੇ ਕਈ ਵਾਰ ਭਿਆਨਕ ਨਤੀਜੇ ਨਿਕਲਦੇ ਹਨ। ਜਦ ਕਿ ਇਸ ਉਮਰ ਵਿੱਚ ਬੱਚਿਆਂ ਨੂੰ ਸੀਮਤ ਦਾਇਰੇ ਵਿੱਚ ਰਹਿ ਕੇ ਦੋਸਤੀ ਨਿਭਾਓਣ ਦੀ ਹਿਦਾਇਤ ਦੇਣੀ ਚਾਹੀਦੀ ਹੈ, ਅਤੇ ਮਾਪਿਆਂ ਵੱਲੋਂ ਹਰ ਕਦਮ ਤੇ ਉਨ੍ਹਾਂ ਦੀ ਅਗਵਾਈ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਕਿਸੇ ਗ਼ਲਤ ਅਨਸਰਾਂ ਜਾਂ ਪੁੱਠੀਆਂ ਆਦਤਾਂ ਦੇ ਧੱਕੇ ਨਾਲ ਚੜ੍ਹ ਸਕਣ।
ਇਸੇ ਤਰ੍ਹਾਂ ਸਾਰੇ ਵੱਡਿਆਂ ਨੂੰ ਆਪਣੇ ਆਂਢ ਗੁਆਂਢ, ਰਿਸ਼ਤੇਦਾਰਾਂ ਅਤੇ ਆਪਣੇ ਸਹਿਕਰਮੀਆਂ ਨਾਲ ਰਿਸ਼ਤਾ ਓਨਾਂ ਕੁਝ ਨਿਭਾਉਣਾ ਚਾਹੀਦਾ ਹੈ ਕਿ ਉਹ ਤਾਉਮਰ ਨਿਭ ਜਾਵੇ।ਇਹ ਇਹੋ ਜਿਹੇ ਰਿਸ਼ਤੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਕਈ ਵਾਰ ਨਜਾਇਜ਼ ਸਬੰਧਾਂ ਦੇ ਪੈਦਾ ਹੋਣ ਕਾਰਨ ਕਈ ਕਈ ਘਰ ਅਤੇ ਕਈ ਕਈ ਜੀਅ ਬਰਬਾਦ ਹੋ ਜਾਂਦੇ ਹਨ। ਇਹਨਾਂ ਰਿਸ਼ਤਿਆਂ ਵਿੱਚ ਵੀ ਇੱਕ ਸੀਮਤ ਦਾਇਰਾ ਰੱਖਣਾ ਚਾਹੀਦਾ ਹੈ।ਆਮ ਕਰਕੇ ਸਾਡੇ ਸਮਾਜ ਵਿੱਚ ਲੋਕ ਜਾਂ ਤਾਂ ਬਹੁਤ ਜ਼ਿਆਦਾ ਕਿਸੇ ਦੇ ਨਾਲ ਨਜ਼ਦੀਕੀਆਂ ਵਧਾ ਕੇ ਘੁੰਮਣਾ ,ਫਿਰਨਾ ,ਖਾਣਾ ਪੀਣਾ , ਜਾਣਾ ਆਉਣਾ ਇਕੱਠੇ ਹੀ ਤਹਿ ਕਰਦੇ ਕਰਦੇ ਆਪਸੀ ਪਿਆਰ ਵਿੱਚ ਕਿਸੇ ਨਾ ਕਿਸੇ ਗੱਲੋਂ ਤਕਰਾਰ ਜਾਂ ਹੋਰ ਕਈ ਕਾਰਨਾਂ ਕਰਕੇ ਫਿਰ ਬਿਲਕੁਲ ਟੁੱਟ ਜਾਂਦੇ ਹਨ,ਕਈ ਵਾਰ ਤਾਂ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਗੂੜ੍ਹੇ ਪਿਆਰਾਂ ਵਾਲੇ ਰਿਸ਼ਤੇਦਾਰ,ਆਂਢ ਗੁਆਂਢ ਜਾਂ ਸਹਿਕਰਮੀ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਜਾਂਦੇ ਹਨ। ਕਈ ਵਾਰ ਇਹੀ ਲੋਕ ਜਦੋਂ ਘਰ ਅਤੇ ਸਾਰੇ ਜੀਆਂ ਦੇ ਸੁਭਾਅ ਦੇ ਭੇਤੀ ਬਣ ਜਾਂਦੇ ਹਨ ਤਾਂ ਇਹਨਾਂ ਬਾਹਰਲੇ ਲੋਕਾਂ ਦੀ ਦਖਲਅੰਦਾਜ਼ੀ ਕਾਰਨ ਘਰ ਦੇ ਜੀਆਂ ਵਿੱਚ ਫੁੱਟ ਪਾਉਣ ਦਾ ਵੀ ਕੰਮ ਕਰਦੇ ਹਨ। ਜਿਸ ਨਾਲ਼ ਹਸਦੇ ਵਸਦੇ ਘਰਾਂ ਵਿੱਚ ਦੀਵਾਰਾਂ ਖੜੀਆਂ ਹੋ ਜਾਂਦੀਆਂ ਹਨ।
ਇਸ ਲਈ ਆਪਣੀ ਨਿੱਜੀ ਜ਼ਿੰਦਗੀ ਵਿੱਚ ਵਿਚਰਦਿਆਂ ਸਾਰੇ ਰਿਸ਼ਤੇ ਨਾਤੇ ਜਾਂ ਆਪਣੇ ਅਤੇ ਆਪਣੇ ਕੰਮਾਂ ਨਾਲ ਸਬੰਧਤ ਲੋਕਾਂ ਨਾਲ ਰਿਸ਼ਤਾ ਐਨੇ ਕੁ ਸੁਥਰੇ ਤਰੀਕੇ ਨਾਲ ਨਿਭਾਓ ਕਿ ਕੋਈ ਰਿਸ਼ਤਾ ਬੋਝ ਜਾਂ ਕੌੜਾ ਕਿੱਸਾ ਨਾ ਬਣੇ। ਇਸ ਲਈ ਸਾਰੇ ਰਿਸ਼ਤਿਆਂ ਨੂੰ ਸੋਚ ਸਮਝ ਕੇ ਪਿਆਰ ਨਾਲ ਨਿਭਾਈ ਜਾਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly