ਏਹੁ ਹਮਾਰਾ ਜੀਵਣਾ ਹੈ -95

(ਸਮਾਜ ਵੀਕਲੀ)

ਸਿਰਫ਼ ਪੁਤਲਾ ਹੀ ਸੜਦਾ ਹੈ…
ਤਿਓਹਾਰਾਂ ਦਾ ਮੌਸਮ ਹੈ, ਸਾਰੇ ਪਾਸਿਓਂ ਪਹਿਲਾਂ ਨਵਰਾਤਰਿਆਂ,ਹੁਣ ਦੁਸਹਿਰੇ ਅਤੇ ਫਿਰ ਦੀਵਾਲੀ ਦੀਆਂ ਵਧਾਈਆਂ ਦੇ ਸੰਦੇਸ਼ਾਂ ਦੀ ਅਦਲਾ ਬਦਲੀ ਜ਼ੋਰਾਂ ਸ਼ੋਰਾਂ ਨਾਲ ਚੱਲਦੀ ਰਹਿਣੀ ਹੈ। ਅੱਜ ਜਿੱਥੇ ਵੀ ਦੇਖੋ ਦਸ ਸਿਰਾਂ ਵਾਲੀਆਂ ਰਾਵਣ ਦੀਆਂ ਫੋਟੋਆਂ ਛਪੀਆਂ ਹੋਈਆਂ ਹਨ। ਬਦੀ ਉੱਤੇ ਨੇਕੀ ਦੀ ਜਿੱਤ ਦਾ ਝੰਡਾ ਫਹਿਰਾਇਆ ਜਾ ਰਿਹਾ ਹੈ।ਇਸ ਵਿੱਚ ਸਾਰੇ ਜ਼ੋਰ ਸ਼ੋਰ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਪਾਉਣਾ ਵੀ ਚਾਹੀਦਾ ਹੈ, ਕਿਉਂ ਕਿ ਐਨਾ ਵੱਡਾ ਤਿਉਹਾਰ ਹੈ, ਸਦੀਆਂ ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਵੈਸੇ ਵੀ ਤਿਉਹਾਰ ਨੂੰ ਤਿਉਹਾਰ ਦੀ ਤਰ੍ਹਾਂ ਹੀ ਦੇਖਣਾ ਚਾਹੀਦਾ ਹੈ।ਮੇਲੇ ਦਾ ਆਨੰਦ ਮਾਨਣਾ ਚਾਹੀਦਾ ਹੈ ਅਕਸਰ ਇਹ ਸਭ ਕੁਝ ਮਨੁੱਖ ਦੀ ਜ਼ਿੰਦਗੀ ਵੀ ਤਾਂ ਕਿੰਨੀ ਰੰਗੀਨ ਬਣਾਉਂਦਾ ਹੈ।

ਇਸ ਤੋਂ ਪਹਿਲਾਂ ਨਰਾਤਿਆਂ ਵਿੱਚ ਵੀ ਸਭ ਪਾਸੇ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੈ।ਅੱਤ ਦੀ ਗਰਮੀ ਦਾ ਵੀ ਅੰਤ ਹੋ ਕੇ ਮੌਸਮ ਮਿੱਠਾ ਮਿੱਠਾ ਜਿਹਾ ਚਿੱਤ ਵਿੱਚ ਇੱਕ ਅੰਗੜਾਈ ਪੈਦਾ ਕਰਦਾ ਹੈ, ਉੱਤੋਂ ਤਿਉਹਾਰਾਂ ਦੀ ਖੁਸ਼ੀ, ਬਜ਼ਾਰਾਂ ਦੀ ਚਹਿਲ ਪਹਿਲ ਹਰ ਪਾਸੇ ਇੱਕ ਰੰਗੀਨ ਜਿਹਾ ਵਾਤਾਵਰਨ ਸਿਰਜਦੀ ਹੈ। ਜ਼ਿਆਦਾ ਗਰਮੀ ਦੇ ਅੰਤ ਨਾਲ ਕੀੜੇ ਮਕੌੜਿਆਂ ਦਾ ਵੀ ਅੰਤ ਹੋ ਰਿਹਾ ਹੁੰਦਾ ਹੈ, ਸੁਆਣੀਆਂ ਘਰ ਦੇ ਖੱਲਾਂ ਖੂੰਜਿਆਂ ਨੂੰ ਸਾਫ਼ ਸੁਥਰਾ ਕਰਦੀਆਂ ਹਨ, ਜਿੰਨਾਂ ਦੇ ਘਰਾਂ ਦੀਆਂ ਦੀਵਾਰਾਂ ਬਰਸਾਤ ਕਾਰਨ ਜ਼ਿਆਦਾ ਖਰਾਬ ਹੋ ਜਾਂਦੀਆਂ ਹਨ ਉਹ ਲੋਕ ਘਰਾਂ ਨੂੰ ਰੰਗ ਰੋਗਨ ਵੀ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ । ਸੋ ਇਸ ਤਰ੍ਹਾਂ ਮੌਸਮ ਦੇ ਬਦਲਾਅ ਦੀ ਅੰਗੜਾਈ ਮਨੁੱਖੀ ਜ਼ਿੰਦਗੀ ਵਿੱਚ ਵੀ ਇੱਕ ਮਿੱਠੀ ਜਿਹੀ ਰੰਗਤ ਲੈ ਕੇ ਆਉਂਦੀ ਹੈ।

ਨਰਾਤਿਆਂ ਤੋਂ ਲੈਕੇ ਦੀਵਾਲੀ ਤੱਕ ਪੂਰਾ ਇੱਕ ਮਹੀਨਾ ਜਿੱਥੇ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਹੈ,ਉੱਥੇ ਹੀ ਇਸ ਇੱਕ ਮਹੀਨੇ ਦਾ ਇੱਕ ਸਿੱਖਿਆਦਾਇਕ ਪਹਿਲੂ ਸਮਝਣਾ ਵੀ ਬਹੁਤ ਜ਼ਰੂਰੀ ਹੈ।ਪਹਿਲੇ ਨਰਾਤੇ ਤੋਂ ਲੈਕੇ ਦੀਵਾਲੀ ਤੱਕ ਦਾ ਹਰ ਦਿਨ ਰਮਾਇਣ ਦੀ ਇੱਕੋ ਕਹਾਣੀ ਦੀਆਂ ਘਟਨਾਕ੍ਰਮ ਵਿੱਚੋਂ ਨਿਕਲ਼ਦਾ ਹੈ। ਦੁਸਹਿਰੇ ਤੋਂ ਪਹਿਲਾਂ, ਪਹਿਲੇ ਨਰਾਤੇ ਤੋਂ ਲੈਕੇ ਨੌਵੇਂ ਨਰਾਤੇ ਤੱਕ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸਬੰਧਤ ਜੀਵਨ ਗਾਥਾ ਨੂੰ ਰਾਤ ਨੂੰ ਰਾਮ ਲੀਲਾ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।ਹਰ ਰਾਤ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਅਧਿਆਇ ਨਾਟਕ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।ਦੂਜੇ ਪਾਸੇ ਇਹਨਾਂ ਨੌਂ ਦਿਨਾਂ ਵਿੱਚ ਦੁਰਗਾ ਮਾਤਾ ਦੇ ਵੱਖ ਵੱਖ ਰੂਪਾਂ ਵਿੱਚੋਂ ਹਰ ਦਿਨ ਇੱਕ ਰੂਪ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਦਸਵੇਂ ਦਿਨ ਦੁਸਹਿਰਾ ਮਨਾਇਆ ਜਾਂਦਾ ਹੈ ਭਾਵ ਦਸ ਸਿਰਾਂ ਵਾਲੇ ਰਾਵਣ ਨੂੰ ਹਰਾਇਆ ਜਾਂਦਾ ਹੈ। ਫਿਰ ਦੁਸਹਿਰੇ ਤੋਂ ਵੀਹ ਦਿਨ ਬਾਅਦ ਰਾਮ ਦੇ ਅਯੋਧਿਆ ਪਰਤਣ ਤੇ ਦੀਪਮਾਲਾ ਕੀਤੀ ਜਾਂਦੀ ਹੈ, ਖੁਸ਼ੀ ਵਿੱਚ ਘਿਓ ਦੇ ਦੀਵੇ ਜਗਾਏ ਜਾਂਦੇ ਹਨ।

ਇਸ ਤਰ੍ਹਾਂ ਇਸ ਸਭ ਨੂੰ ਕਰਮਕਾਂਡੀ ਵਿਧੀਆਂ ਨਾਲ ਪਹਿਲੇ ਨਰਾਤੇ ਤੋਂ ਦੀਵਾਲੀ ਤੱਕ ਮਨਾਇਆ ਜਾਂਦਾ ਹੈ। ਇਹਨਾਂ ਸਾਰੀਆਂ ਘਟਨਾਵਾਂ ਪਿੱਛੇ ਅਧਿਆਤਮਕਤਾ ਦਾ ਡੂੰਘਾ ਰਹੱਸ ਛੁਪਿਆ ਹੋਇਆ ਹੈ।ਜਿਸ ਨੂੰ ਕਿਸੇ ਨੇ ਸਮਝਣ ਜਾਂ ਅਪਣਾਉਣ ਦੀ ਕੋਸ਼ਿਸ਼ ਨਹੀਂ ਕੀਤੀ।ਹਰ ਕੋਈ ਐਨੇ ਪਵਿੱਤਰ ਮਹੀਨੇ ਨੂੰ ਕਰਮਕਾਂਡੀ ਵਿਧੀਆਂ ਰਾਹੀਂ ਨੇਪਰੇ ਚਾੜ੍ਹ ਕੇ ਮੇਲਿਆਂ ਦਾ ਆਨੰਦ ਮਾਣਦਾ ਹੋਇਆ ਸਿਰਫ਼ ਦੁਨਿਆਵੀ ਖੁਸ਼ੀ ਤੱਕ ਹੀ ਸੀਮਤ ਰੱਖਦਾ ਹੈ।

ਅਸਲ ਵਿੱਚ ਪਰਮਾਤਮਾ ਨੂੰ ਰਾਮ ਦਾ ਅਵਤਾਰ ਸਿਰਜ ਕੇ ਇਸ ਕਹਾਣੀ ਵਿੱਚ ਆਈ ਹਰ ਔਂਕੜ ਨੂੰ ਹਰਾਉਂਦੇ ਹੋਏ , ਆਪਣੇ ਅੰਦਰ ਦੇਵੀ ਰੂਪੀ ਸਾਰੀਆਂ ਸ਼ਕਤੀਆਂ ਪੈਦਾ ਕਰਕੇ ਕਿਸ ਤਰ੍ਹਾਂ ਰਾਵਣ ਰੂਪੀ ਵਿਕਾਰਾਂ ਨੂੰ ਨਸ਼ਟ ਕਰਨਾ ਹੈ ਫਿਰ ਆਪਣੇ ਤਨ ,ਮਨ ਅਤੇ ਬੁੱਧੀ ਦੀ ਸਫਾਈ ਕਰਨਾ ਭਾਵ ਅੰਦਰਲੇ ਵਿਕਾਰਾਂ ਦਾ ਤਿਆਗ ਕਰ ਕੇ ਪਰਮਾਤਮਾ ਦਾ ਆਪਣੇ ਅੰਦਰ ਵਾਸ ਕਰਕੇ ਉਸ ਦੇ ਨਾਂ ਰੂਪੀ ਘਿਓ ਦਾ ਦੀਵਾ ਜਗਾਉਣਾ ਹੈ। ਜਿਸ ਤਰ੍ਹਾਂ ਦੀਵੇ ਬਾਲਣ ਨਾਲ ਸਾਰੇ ਪਾਸੇ ਰੋਸ਼ਨੀ ਹੋ ਜਾਂਦੀ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਮਨ ਵਿੱਚ ਵਾਸ ਹੋਣ ਨਾਲ ਮਨ ਅੰਦਰ ਗਿਆਨ ਦਾ ਚਾਨਣ ਹੋ ਕੇ ਉਸ ਅੰਦਰ ਮੱਸਿਆ ਰੂਪੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਤੇ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ।

ਹੁਣ ਗੱਲ ਇੱਥੇ ਮੁੱਕਦੀ ਹੈ ਕਿ ਇਸ ਸਭ ਨੂੰ ਹਰ ਕਿਸੇ ਨੇ ਕਿੰਨਾ ਕੁ ਅਮਲੀ ਰੂਪ ਵਿੱਚ ਧਾਰਨ ਕੀਤਾ ਹੈ,ਇਸ ਬਾਰੇ ਕਿਸੇ ਨੇ ਵਿਚਾਰਿਆ ਹੀ ਨਹੀਂ । ਸਾਡੇ ਸਮਾਜ ਵਿੱਚ ਕੰਜਕਾਂ ਦੀ ਪੂਜਾ ਕਰਨ ਵਾਲੇ ਹੀ ਛੋਟੀਆਂ ਬੱਚੀਆਂ ਦੇ ਹਤਿਆਰੇ ਨਿਕਲ ਜਾਂਦੇ ਹਨ। ਦੇਵੀਆਂ ਦੀ ਪੂਜਾ ਕਰਨ ਵਾਲੇ ਆਪਣੇ ਘਰ ਅੰਦਰਲੀ ਔਰਤ ਨੂੰ ਸਨਮਾਨ ਨਹੀਂ ਦੇ ਸਕਦੇ ਮਤਲਬ ਕੀ ,ਕਿ ਕਾਮ, ਕ੍ਰੋਧ,ਲੋਭ, ਮੋਹ, ਹੰਕਾਰ,ਈਰਖਾ, ਦਵੈਸ਼, ਅਗਿਆਨਤਾ ਆਦਿ ਦਾ ਤਿਆਗ ਨਾ ਕਰਕੇ ਸਿਰਫ਼ ਪੁਤਲਿਆਂ ਵਿੱਚ ਪਟਾਕੇ ਭਰ ਕੇ ਸਾੜੀ ਜਾ ਰਹੇ ਹਨ। ਜਿਸ ਤਰ੍ਹਾਂ ਸਦੀਆਂ ਤੋਂ ਰਾਵਣ ਦੇ ਪੁਤਲੇ ਸੜਦੇ ਆ ਰਹੇ ਹਨ, ਮਨੁੱਖ ਦੀ ਵੀ ਇਹੋ ਜਿਹੀ ਸਥਿਤੀ ਹੀ ਹੈ।

ਉਹ ਵੀ ਸਾਰੀ ਉਮਰ ਆਪਣੇ ਅੰਦਰ ਵਿਕਾਰਾਂ ਨੂੰ ਭਰਦਾ ਦੁਨੀਆ ਤੋਂ ਪਾਪਾਂ ਦੀ ਮੈਲ਼ ਭਰਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ।ਉਸ ਦਾ ਵੀ ਰਾਵਣ ਵਾਂਗ ਪੁਤਲਾ ਹੀ ਸੜਦਾ ਹੈ। ਸੋ ਪਾਠਕੋ ਇਸ ਤਿਉਹਾਰਾਂ ਵਾਲੇ ਪੂਰੇ ਇੱਕ ਮਹੀਨੇ ਦੇ ਅੰਦਰ ਛੁਪੇ ਜ਼ਿੰਦਗੀ ਜਿਊਣ ਅਤੇ ਅਧਿਆਤਮਵਾਦ ਦੇ ਅਸਲੀ ਰਾਜ਼ ਨੂੰ ਅਪਣਾ ਕੇ ਜੀਵਨ ਜਿਊਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ

9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵੱਛਤਾ ਸਰਵੇਖਣ ‘ਚ ਮੋਹਰੀ ਹੋਣਾ ਸੂਬੇ ਦੀ ‘ਰੰਗਲਾ ਪੰਜਾਬ’ ਵੱਲ ਵੱਡੀ ਪੁਲਾਂਘ -ਸੱਜਣ ਸਿੰਘ
Next articleਝੋਨੇ ਦੀ ਸਿੱਧੀ ਬਿਜਾਈ ਲਈ ਐਲਾਨੀ ਰਾਸ਼ੀ ਸਰਕਾਰ ਤੁਰੰਤ ਜਾਰੀ ਕਰੇ – ਇੰਜ. ਸਵਰਨ ਸਿੰਘ