ਏਹੁ ਹਮਾਰਾ ਜੀਵਣਾ ਹੈ -91

(ਸਮਾਜ ਵੀਕਲੀ)

ਪਿਆਰੇ ਪਾਠਕੋ ਅੱਜ ਮੈਂ ਜਿਸ ਵਿਸ਼ੇ ਨੂੰ ਲੈਕੇ ਤੁਹਾਡੇ ਰੂਬਰੂ ਹੋਈ ਹਾਂ ਉਹ ਅਜੋਕੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਬਣ ਗਿਆ ਹੈ। ਕਿਉਂਕਿ ਪਿਛਲੇ ਦੋ ਦਹਾਕਿਆਂ ਵਿੱਚ ਘਰਾਂ ਅੰਦਰਲੀ ਰਹਿਣੀ-ਬਹਿਣੀ ਅਤੇ ਸਮਾਜਿਕ ਪੱਖ ਤੋਂ  ਜੀਵਨ ਸ਼ੈਲੀ ਵਿੱਚ  ਤੇਜ਼ੀ ਨਾਲ ਬਦਲਾਅ ਹੋਇਆ ਹੈ ,ਜਿਸ ਤੋਂ ਸਾਡੀ ਨਵੀਂ ਪੀੜ੍ਹੀ ਬਹੁਤ ਪ੍ਰਭਾਵਿਤ ਹੋਈ ਹੈ।ਅੱਜ ਕੱਲ੍ਹ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਅਪਣਾਉਣ ਦੀ ਲੋੜ ਹੈ ,ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।ਆਮ ਤੌਰ ਤੇ ਵੱਡਿਆਂ ਨੂੰ ਇਹੋ ਆਸ ਹੁੰਦੀ ਹੈ ਕਿ ਬੱਚੇ ਲਾਇਕ ਹੋਣ,ਸਭ ਦੀ ਇੱਜ਼ਤ ਕਰਨ,ਸਾਡਾ ਕਹਿਣਾ ਮੰਨਣ, ਜਿੱਥੇ ਅਸੀਂ ਚਾਹੀਏ ਉੱਥੇ ਜਾਣ ਭਾਵ ਉਹ ਸੌ ਪ੍ਰਤੀਸ਼ਤ ਸਾਡੇ ਅਨੁਸਾਰ ਚੱਲਣ ਤਾਂ ਹੀ ਸਾਡੀ ਔਲਾਦ ਲਾਇਕ ਹੈ।

ਦੋਸਤੋ ਇਹ ਗੱਲ ਯਾਦ ਰੱਖਿਓ, ਤੁਹਾਡੀ ਜ਼ਿੰਦਗੀ ਦੇ ਦਸ ਵਰ੍ਹੇ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਨਿਰਮਾਣ ਕਰਨ ਲਈ ਬਹੁਤ ਜ਼ਰੂਰੀ ਹੁੰਦੇ ਹਨ।ਉਹ ਦਸ ਵਰ੍ਹੇ ਹਨ , ਜਦੋਂ ਬੱਚਾ ਪੰਜਵੀਂ-ਛੇਵੀਂ ਜਮਾਤ ਵਿੱਚ ਜਾਂਦਾ ਹੈ, ਥੋੜ੍ਹਾ ਜਿਹਾ ਉਡਾਰ ਹੋਣ ਲੱਗਦਾ ਹੈ, ਜਦੋਂ ਉਸ ਨੂੰ ਦੁਨੀਆਂ ਦੀ ਰੰਗਤ ਚੜ੍ਹਨੀ ਸ਼ੁਰੂ ਹੁੰਦੀ ਹੈ।ਇਸ ਉਮਰ ਵਿੱਚ ਲਗ ਭਗ ਮਾਪੇ ਵੀ ਜਵਾਨੀ ਦੀ ਅਵਸਥਾ ਵਿੱਚ ਹੁੰਦੇ ਹਨ। ਇਹ ਉਹ ਸਮਾਂ ਆ ਜਾਂਦਾ ਹੈ ਜਦੋਂ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਦੋਸਤਾਨਾ ਰਵੱਈਆ ਅਪਣਾਉਣ ਦੀ ਜ਼ਰੂਰਤ ਹੁੰਦੀ ਹੈ, ਆਪਣੇ ਸ਼ੌਂਕ ਤਿਆਗ ਕੇ ਬੱਚੇ ਨੂੰ ਸਮਾਂ ਦੇਣ ਦੀ ਜ਼ਰੂਰਤ ਹੁੰਦੀ ਹੈ, ਉਸ ਦੇ ਰੁਝਾਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਤੇ ਉਸ ਅੰਦਰ ਆਪਣੇ ਪ੍ਰਤੀ ਐਨਾ ਵਿਸ਼ਵਾਸ ਪੈਦਾ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਉਹ ਆਪਣੀ ਕੋਈ ਗੱਲ ਤੁਹਾਡੇ ਨਾਲ ਸਾਂਝੀ ਕਰੇ ਬਿਨਾਂ ਨਾ ਰਹਿ ਸਕੇ।

ਤੁਸੀਂ ਬੱਚੇ ਦੀ ਵਡਿਆਈ ਨੂੰ ਵਡਿਆਉਂਦੇ ਰਹੋ ਪਰ ਉਸ ਕੋਲੋਂ ਗਲਤੀ ਹੋਣ ਤੇ ਕਦੇ ਐਨਾ ਵੀ ਨਾ ਦੁਰਕਾਰੋ ਕਿ ਅਗਲੀ ਵਾਰੀ ਤੁਹਾਨੂੰ ਦੱਸਣ ਦੀ ਉਸ ਦਾ ਹੌਂਸਲਾ ਹੀ ਨਾ ਪਵੇ। ਐਨਾ ਵੀ ਅਣਦੇਖਿਆ ਨਾ ਕਰੋ ਕਿ ਉਸ ਦੀ ਗਲਤੀਆਂ ਕਰਨ ਦੀ ਹਿੰਮਤ ਵੱਧ ਜਾਵੇ।ਜਿਵੇਂ ਜਿਵੇਂ ਉਮਰ ਵਧਦੀ ਜਾਵੇ ਉਸ ਦੀਆਂ ਗਤੀਵਿਧੀਆਂ ਤੇ, ਉਸ ਦੇ ਮਿੱਤਰਾਂ ‘ਤੇ , ਉਸ ਦੇ ਰੁਝਾਨਾਂ ਤੇ, ਉਸ ਦੀ ਜੇਬ-ਖਰਚ ਤੇ ਸਿੱਧੇ ਅਤੇ ਅਸਿੱਧੇ ਤੌਰ ਤੇ ਨਿਗਰਾਨੀ ਰੱਖੀ ਜਾਵੇ। ਆਪਣੀ ਜ਼ਿੰਦਗੀ ਵਿੱਚ ਇੰਨੇ ਵਿਅਸਥ ਨਾ ਹੋ ਜਾਵੋਂ ਕਿ ਬੱਚੇ ਦੇ ਚਿਹਰੇ ਨੂੰ ਸਮਝ ਨਾ  ਸਕੋਂ। ਜਦ ਬੱਚਾ ਘਰ ਤੋਂ ਜਾਣ ਲੱਗੇ ਉਸ ਦੇ ਚਿਹਰੇ ਨੂੰ ਧਿਆਨ ਨਾਲ ਦੇਖੋ ਕਿ ਬੱਚਾ ਕਿਤੇ ਕਿਸੇ ਤਣਾਅ ਵਿੱਚ ਤਾਂ ਨਹੀਂ ਹੈ?ਉਸ ਨੂੰ ਜਾਂਦੇ ਜਾਂਦੇ ਸੁਭਾਵਿਕ ਤੌਰ ਤੇ ਹੀ ਪੁੱਛ ਲਵੋ, “ਅੱਜ ਕੀ-ਕੀ ਕਰਨਾ ਹੈ,ਕਿਹੜੇ ਦੋਸਤ ਨੂੰ ਮਿਲਣਾ?”ਉਹ ਜ਼ਰੂਰ ਜਵਾਬ ਦੇਵੇਗਾ।

ਜੇ ਬੱਚਾ ਕਦੇ ਤਣਾਅ ਅਧੀਨ ਦਿਸੇ ਤਾਂ ਉਸ ਤੇ ਕਾਂ ਅੱਖ ਵਾਲੀ ਨਿਗਰਾਨੀ ਰੱਖੋ।ਜੇ ਉਹ ਥੋੜ੍ਹਾ ਖਿੱਝੇ ਤਾਂ ਨਰਮੀ ਵਰਤੋ ਨਾ ਕਿ ਵੱਡਿਆਂ ਅੱਗੇ ਉੱਚੀ ਬੋਲਣ ਲਈ ਡਾਂਟੋ। ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ।ਅੱਜ ਕੱਲ੍ਹ ਬੱਚਿਆਂ ਅੰਦਰ ਪੈਦਾ ਹੋਈ ਤਣਾਅ ਦੀ ਸਥਿਤੀ ਘਾਤਕ ਸਿੱਧ ਹੁੰਦੀ ਹੈ । ਆਪਣੇ ਤਣਾਅ ਨੂੰ ਘੱਟ ਕਰਨ ਲਈ ਗਲਤ ਸੰਗਤੀ, ਨਸ਼ੇ ਅਤੇ ਕਈ ਵਾਰ ਤਾਂ ਆਤਮਘਾਤ ਵਰਗੇ ਕਦਮ ਵੀ ਚੁੱਕ ਲੈਂਦੇ ਹਨ। ਸੋ ਮਾਪਿਆਂ ਦਾ ਥੋੜ੍ਹਾ ਜਿਹਾ ਤਿਆਗ ,ਨਰਮੀ ਅਤੇ ਚੌਕਸੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਚਮਤਕਾਰੀ ਤਬਦੀਲੀ ਲਿਆ ਸਕਦੀ ਹੈ। ਇਸ ਤਰ੍ਹਾਂ  ਮਾਪਿਆਂ ਨੇ ਸਹੀ ਸਮੇਂ ਸਿਰ ਆਪਣੇ ਬੱਚਿਆਂ ਦੇ ਬਚਪਨ ਨੂੰ ਸੰਭਾਲ ਕੇ ਉਹਨਾਂ ਦਾ ਅਤੇ ਆਪਣਾ ਭਵਿੱਖ ਸੰਵਾਰ ਲਿਆ ਤਾਂ ਸਮਝੋ ਜ਼ਿੰਦਗੀ ਵਿੱਚ ਇਸ ਤੋਂ ਵੱਡੀ ਪ੍ਰਾਪਤੀ ਹੋਰ ਕੋਈ ਨਹੀਂ ਹੋ ਸਕਦੀ। ਆਪਣੇ ਫ਼ਰਜ਼ਾਂ ਪ੍ਰਤੀ ਸਹੀ ਸਮੇਂ ਤੇ ਸੁਚੇਤ ਹੋ ਜਾਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਸ਼ਹੀਦ ਊਧਮ ਸਿੰਘ ਦੇ ਘਰ ਤੋਂ
Next articleਨਹਿਰੂ ਯੁਵਾ ਕੇਂਦਰ ਸੰਗਰੂਰ ਦੁਆਰਾ ਸਵੱਛ ਭਾਰਤ ਮਿਸ਼ਨ ਦਾ ਆਯੋਜਨ