ਏਹੁ ਹਮਾਰਾ ਜੀਵਣਾ ਹੈ -81

(ਸਮਾਜ ਵੀਕਲੀ)

ਸਾਡੇ ਦੇਸ਼ ਵਿੱਚ ਨੌਕਰੀ ਲੱਭਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਮੰਨਿਆ ਕਿ ਤੁਸੀਂ ਬਹੁਤ ਪੜ੍ਹ ਲਿਖ ਗਏ ਹੋਵੋਗੇ, ਤੁਹਾਡੇ ਬਹੁਤ ਨੰਬਰ ਵੀ ਆ ਗਏ ਹੋਣਗੇ, ਤੁਸੀਂ ਬਹੁਤ ਚਲਾਕ ਚੁਸਤ ਵੀ ਬਹੁਤ ਹੋਵੋਗੇ ,ਹੋ ਸਕਦਾ ਹੋਰ ਵੀ ਬਹੁਤ ਸਾਰੀਆਂ ਟ੍ਰੇਨਿੰਗਾਂ ਦੇ ਸਰਟੀਫਿਕੇਟ ਹੋਣਗੇ ਤੁਹਾਡੇ ਕੋਲ, ਹੋ ਸਕਦਾ ਤੁਸੀਂ ਹਰ ਨੌਕਰੀ ਦੀ ਯੋਗਤਾ ਨੂੰ ਪੂਰਾ ਕਰਦੇ ਹੋਵੋਗੇ ਪਰ ਕੀ ਫਾਇਦਾ ਐਡੀਆਂ ਮੱਲਾਂ ਮਾਰਨ ਦਾ? ਸੋਚਿਆ ਕਦੇ …? ਐਨਾ ਸਭ ਕੁਛ ਹਾਸਲ ਕਰਨ ਦਾ ਓਨਾ ਚਿਰ ਤੱਕ ਕੋਈ ਫ਼ਾਇਦਾ ਨਹੀਂ ਜਿੰਨਾਂ ਚਿਰ ਤੱਕ ਤੁਹਾਡੇ ਕੋਲ ਕੋਈ ਸਿਫਾਰਸ਼ ਲਾਉਣ ਵਾਲ਼ਾ ਵੱਡਾ ਬੰਦਾ ਹੱਥ ਵਿੱਚ ਨਹੀਂ, ਇੱਕ ਅੱਧਾ ਦੂਰ ਦਾ ਰਿਸ਼ਤੇਦਾਰ ਉੱਚੇ ਅਹੁਦੇ ਤੇ ਨੀ ਲੱਗਿਆ ਹੋਇਆ, ਜਿੰਨਾਂ ਚਿਰ ਤੁਸੀਂ ਨੌਕਰੀ ਹਾਸਲ ਕਰਨ ਲਈ ਵੱਡਿਆਂ ਬੰਦਿਆਂ ਤੋਂ ਵੱਡੀ ਸਿਫਾਰਸ਼ ਨਹੀਂ ਲਵਾਉਂਦੇ।ਫਿਰ ਜੇ ਆਪਣੇ ਦਮ ਤੇ ਨੌਕਰੀ ਲੱਭ ਵੀ ਲਈ ਤਾਂ ਓਹਦਾ ਕੀ ਫ਼ਾਇਦਾ? ਆਪਣੇ ਦਮ ਤੇ ਨੌਕਰੀ ਲੱਭਣ ਵਾਲਿਆਂ ਦੀ ਕਿਹੜਾ ਐਨੀ ਟੌਹਰ ਹੁੰਦੀ ਹੈ ਜਿੰਨੀ ਸਿਫਾਰਸ਼ੀ ਟੱਟੂਆਂ ਦੀ।

ਆਪਾਂ ਕਿਸੇ ਵੀ ਖੇਤਰ ਵਿੱਚ ਵੱਡੀ ਤੋਂ ਵੱਡੀ ਜਾਂ ਛੋਟੀ ਤੋਂ ਛੋਟੀ,ਸਰਕਾਰੀ ਜਾਂ ਪ੍ਰਾਈਵੇਟ ਸੰਸਥਾ ਵਿੱਚ ਚਲੇ ਜਾਈਏ ਉਥੇ ਤੁਹਾਨੂੰ ਸਭ ਤੋਂ ਵੱਡੇ ਅਫ਼ਸਰ ਜਾਂ ਸੰਸਥਾ ਦੇ ਮਾਲਕ ਦੇ ਦੁਆਲ਼ੇ ਇੱਕ ਅੱਧਾ ਕਰਮਚਾਰੀ ਆਏਂ ਘੁੰਮਦਾ ਨਜ਼ਰ ਆਉਂਦਾ ਦਿਸੇਗਾ ਜਿਵੇਂ ਗੁੜ ਦੇ ਆਲ਼ੇ ਦੁਆਲ਼ੇ ਇੱਕ ਵੱਡੀ ਮੱਖੀ ਘੁੰਮਦੀ ਹੋਵੇ। ਉਸ ਮੱਖੀ ਦੀ ਟੌਰ ਹੀ ਵੱਖਰੀ ਹੁੰਦੀ ਹੈ। ਪਹਿਲਾਂ ਆਪਾਂ ਸਰਕਾਰੀ ਦਫ਼ਤਰਾਂ ਵਿੱਚ ਸਿਫ਼ਾਰਸ਼ੀ ਟੱਟੂਆਂ ਦੀ ਗੱਲ ਕਰਦੇ ਹਾਂ। ਉਂਝ ਤਾਂ ਸਰਕਾਰੀ ਕਰਮਚਾਰੀ ਇੱਕ ਦੂਜੇ ਤੋਂ ਬਹੁਤਾ ਡਰਦੇ ਨਹੀਂ ਹੁੰਦੇ ਤੇ ਨਾ ਦਬਕੇ ਰਹਿੰਦੇ ਹਨ ਕਿਉਂਕਿ ਉਹਨਾਂ ਦੀ ਨੌਕਰੀ ਦੀ ਰੱਖਿਆ ਦੀਆਂ ਡੋਰਾਂ ਸਰਕਾਰਾਂ ਦੇ ਹੱਥ ਵਿੱਚ ਹੁੰਦੀਆਂ ਹਨ ਅਤੇ ਉਹ ਪੂਰੀ ਕਾਬਲੀਅਤ ਦੇ ਅਧਾਰ ਤੇ ਉੱਥੇ ਤੱਕ ਪਹੁੰਚੇ ਹੁੰਦੇ ਹਨ।

ਪਰ ਫਿਰ ਵੀ ਜੇ ਕੋਈ ਬਹੁਤੀ ਤਾਕਤ,ਜ਼ੋਰ ਅਜ਼ਮਾਈ ਵਾਲਾ ਬੰਦਾ ਲੱਗ ਵੀ ਜਾਵੇ,ਜਿਸ ਦਾ ਕੋਈ ਰਿਸ਼ਤੇਦਾਰ ਜਾਂ ਜਾਣ ਪਛਾਣ ਵਾਲਾ ਬੰਦਾ ਕੋਈ ਮੰਤਰੀ ਜਾਂ ਉਸ ਦੇ ਨੇੜਲੇ ਅਹੁਦੇ ਤੇ ਹੋਵੇ ਜਾਂ ਉਸੇ ਸੰਸਥਾ ਦੇ ਕਿਸੇ ਖਾਸ ਉੱਚੇ ਅਹੁਦੇ ਤੇ ਲੱਗਿਆ ਹੋਵੇ ਤਾਂ ਬਾਕੀਆਂ ਨਾਲੋਂ ਉਹਦੀ ਟੌਹਰ ਵੱਖਰੀ ਹੁੰਦੀ ਹੈ। ਸਾਰੇ ਉਸ ਨੂੰ ਉੱਚੀ ਨਿਗਾਹ ਨਾਲ ਦੇਖਦੇ ਹਨ।ਜੇ ਕਿਤੇ ਕੋਈ ਬਹੁਤਾ ਆਪਣੀ ਕਾਬਲੀਅਤ ਦਾ ਜ਼ੋਰ ਦਿਖਾਉਣ ਵਾਲਾ ਬੰਦਾ ਉਹੋ ਜਿਹੇ ਬੰਦੇ ਨੂੰ ਆਪਣੀ ਕਾਬਲੀਅਤ ਦੀ ਤਾਕਤ ਦਿਖਾਉਣ ਲੱਗੇ ਤਾਂ ਆਪਣੀ ਤਾਕਤ ਦਿਖਾਉਣ ਦੀ ਨੁਮਾਇਸ਼ ਲਾਉਣ ਲੱਗਿਆਂ ਜ਼ਰਾ ਦੇਰ ਨਹੀਂ ਲਾਉਂਦਾ, ਉਹ ਕਹਿ ਕੇ ਜਾਂ ਤਾਂ ਬਦਲੀ ਕਰਵਾ ਸਕਦਾ ਹੈ ਜਾਂ ਤਰੱਕੀ (ਪ੍ਰਮੋਸ਼ਨ) ਦੀ ਫਾਈਲ ਵੀ ਰੁਕਵਾ ਸਕਦਾ ਹੈ। ਇਹ ਤਾਂ ਉਸ ਦੀ ਰਹਿਮਦਿਲੀ ਤੇ ਨਿਰਭਰ ਕਰਦਾ ਹੈ ਕਿ ਉਹ ਕੋਈ ਸਖਤ ਕਾਰਵਾਈ ਕਰਵਾ ਰਿਹਾ ਹੈ ਜਾਂ ਨਰਮ ਹੀ।

ਸਿਫਾਰਸ਼ੀ ਟੱਟੂਆਂ ਦੀ ਦੂਜੀ ਕੈਟਾਗਰੀ ਪ੍ਰਾਈਵੇਟ ਜਾਂ ਨਿੱਜੀ ਸੰਸਥਾਵਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਹਨਾਂ ਸੰਸਥਾਵਾਂ ਵਿੱਚ ਕਈ ਵਾਰੀ ਕੋਈ ਪੋਸਟ ਨਾ ਹੁੰਦੇ ਹੋਏ ਵੀ ਮਾਲਕਾਂ ਜਾਂ ਵੱਡੇ ਅਫ਼ਸਰ ਵੱਲੋਂ ਕੋਈ ਪੋਸਟ ਪੈਦਾ ਕੀਤੀ ਜਾਂਦੀ ਹੈ, ਸਿਫਾਰਸ਼ੀ ਬੰਦੇ ਦੀ ਯੋਗਤਾ ਪੂਰੀ ਨਾ ਹੋਣ ਦੇ ਕਾਰਨ ਵੀ ਕੋਈ ਵੱਖਰੀ ਜਿਹੀ ਕਿਸਮ ਦਾ ਅਹੁਦਾ ਤਿਆਰ ਕਰ ਦਿੱਤਾ ਜਾਂਦਾ ਹੈ, ਉਦਾਹਰਣ ਦੇ ਤੌਰ ਤੇ ਕਿਸੇ ਨਿੱਜੀ ਸਕੂਲ ਵਿੱਚ ਨਾ ਅਧਿਆਪਕ ਦੀ ਯੋਗਤਾ ਤੇ ਨਾ ਕਲਰਕ ਦੀ ਯੋਗਤਾ ਰੱਖਣ ਵਾਲੇ ਨੂੰ ਸਟਾਫ਼ ਵਿੱਚ ਇਸ ਤਰ੍ਹਾਂ ਫਿੱਟ ਕਰ ਦਿੱਤਾ ਜਾਂਦਾ ਹੈ ਕਿ ਉਹ ਸਭ ਪਾਸੇ ਮਾਲਕਾਂ ਵਾਂਗ ਆਏਂ ਘੁੰਮਦਾ ਦਿਸੇਗਾ ਕਿ ਜਿਵੇਂ ਸਾਰਾ ਸਕੂਲ ਉਸੇ ਦੇ ਸਿਰ ਤੇ ਚੱਲ ਰਿਹਾ ਹੋਵੇ। ਫ਼ਿਰ ਉਸ ਸਿਫਾਰਸ਼ੀ ਟੱਟੂ ਦਾ ਕੰਮ ਵੱਡੇ ਅਫ਼ਸਰਾਂ ਕੋਲ ਆਪਣੇ ਨਾਪਸੰਦ ਲੋਕਾਂ ਦੀਆਂ ਚੁਗਲੀਆਂ ਕਰਕੇ ਨੁਕਸਾਨ ਪਹੁੰਚਾਉਣਾ ਵੀ ਹੁੰਦਾ ਹੈ।ਫਿਰ ਮਜਾਲ ਹੈ ਕਿ ਕੋਈ ਆਪਣੀ ਨੌਕਰੀ ਖੁੱਸਣ ਦੇ ਡਰ ਤੋਂ ਉਹਨਾਂ ਦਾ ਵਿਰੋਧ ਕਰ ਜਾਵੇ।

ਇਹ ਤਾਂ ਕੋਈ ਵਿਰਲਾ ਹੀ ਬੱਬਰ ਸ਼ੇਰ ਉੱਠਦਾ ਹੈ ਜੋ ਤੱਤ ਭੜੱਤੇ ਜਾ ਕੇ ਮਾਲਕਾਂ ਕੋਲ਼ ਉਹਦੀ ਪੋਲ ਖੋਲ੍ਹ ਕੇ ਸੰਸਥਾ ਅਤੇ ਬਾਕੀ ਕਰਮਚਾਰੀਆਂ ਦੀ ਉਸ ਤੋਂ ਮੁਕਤੀ ਕਰਵਾਏ। ਕਈ ਕਈ ਵਾਰੀ ਤਾਂ ਦੇਖਣ ਨੂੰ ਆਇਆ ਹੈ ਕਿ ਕਿਸੇ ਸੰਸਥਾ ਦੇ ਮਾਲਕਾਂ ਦੀ ਕੰਮਵਾਲੀ ਦਾ ਪਤੀ ਕਿਤੇ ਸਿਫਾਰਸ਼ ਨਾਲ ਸੰਸਥਾ ਵਿੱਚ ਚਪੜਾਸੀ ਲੱਗ ਜਾਵੇ ਤਾਂ ਵੱਡੇ ਤੋਂ ਛੋਟੇ ਅਹੁਦੇ ਤੱਕ ਦੇ ਸਾਰੇ ਕਰਮਚਾਰੀ ਉਸ ਨੂੰ ਐਨਾ ਸਨਮਾਨ ਪੂਰਵਕ, ਨਿਮਰਤਾ ਪੂਰਵਕ ਪੇਸ਼ ਆਉਂਦੇ ਹਨ ਜਿਵੇਂ ਕਿਤੇ ਉਹਨਾਂ ਦੀ ਨੌਕਰੀ ਤੇ ਕੰਮਕਾਜ ਦੀ ਤਰੱਕੀ ਲਈ ਰਿਪੋਰਟ ਉਸੇ ਨੇ ਤਿਆਰ ਕਰਨੀ ਹੋਵੇ। ਇਸ ਤਰ੍ਹਾਂ ਸਾਡੇ ਦੇਸ਼ ਵਿੱਚ ਸਰਕਾਰੇ ਦਰਬਾਰੇ ਸਿਫਾਰਸ਼ੀ ਟੱਟੂਆਂ ਦੀ ਬਹੁਤ ਬੁੱਕਤ ਹੁੰਦੀ ਹੈ।

ਸਾਡੇ ਦੇਸ਼ ਵਿੱਚ ਜਿੰਨਾ ਚਿਰ ਤੱਕ ਸਿਫਾਰਸ਼ ਦਾ ਕੋਹੜ ਦੂਰ ਨਹੀਂ ਹੁੰਦਾ ਓਨਾਂ ਚਿਰ ਤੱਕ ਵੱਡੇ ਤੋਂ ਵੱਡੇ ਕਾਬਲ ਲੋਕਾਂ ਨੂੰ ਜਾਂ ਤਾਂ ਬੇਰੁਜ਼ਗਾਰ ਘੁੰਮਣਾ ਪਵੇਗਾ ਜਾਂ ਫਿਰ ਉਹਨਾਂ ਦੇ ਕੰਮ ਦੀ ਕਦਰ ਨਹੀਂ ਪਵੇਗੀ।ਜਿਸ ਨਾਲ ਅਸਲੀ ਕਾਬਲ ਕਰਮਚਾਰੀਆਂ ਦਾ ਮਨੋਬਲ ਗਿਰਦਾ ਹੈ ਤੇ ਉਹ ਆਪਣਾ ਕੰਮ ਸੌ ਪ੍ਰਤੀਸ਼ਤ ਦਿਲ ਤੋਂ ਨਾ ਕਰਕੇ ਸਮਾਂ ਟਪਾਉਣ ਅਤੇ ਤਨਖਾਹ ਲੈਣ ਤੱਕ ਦੀ ਡਿਊਟੀ ਹੀ ਪੂਰੀ ਕਰਨ ਲੱਗਦੇ ਹਨ। ਇਸ ਤਰ੍ਹਾਂ ਕੰਪਨੀਆਂ ਦੇ ਮਾਲਕ ਵੀ ਅਸਿੱਧੇ ਤੌਰ ਤੇ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾ ਰਹੇ ਹੁੰਦੇ ਹਨ। ਇਸ ਲਈ ਇਹ ਸਿਫਾਰਸ਼ੀ ਟੱਟੂਆਂ ਦੀ ਹਿਣ ਹਿਣ ਤੋਂ ਜਿੰਨਾਂ ਬਚਿਆ ਜਾਵੇ ਓਨਾ ਹੀ ਕਾਰਜ ਖੇਤਰਾਂ , ਸੰਸਥਾਵਾਂ ਅਤੇ ਦੇਸ਼ ਲਈ ਲਾਹੇਵੰਦ ਹੋ ਸਕਦਾ ਹੈ। ਆਪਣੇ ਦੇਸ਼ ਦੀ ਤਰੱਕੀ ਖ਼ਾਤਰ ਇਹੋ ਜਿਹੀਆਂ ਲੁਕੀਆਂ ਹੋਈਆਂ ਬੁਰਾਈਆਂ ਨੂੰ ਉਜਾਗਰ ਕਰਕੇ ਨੱਥ ਪਾਉਣ ਦੀ ਕੋਸ਼ਿਸ਼ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ

9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਮੁਲਾਜ਼ਮਾਂ ਵੱਲੋਂ 22 ਦੇ ਧਰਨੇ ਸਬੰਧੀ ਤਿਆਰੀਆਂ ਜ਼ੋਰਾਂ ਤੇ
Next articleਪੰਜਾਬਣ