(ਸਮਾਜ ਵੀਕਲੀ)
(ਵਿਸ਼ਵ ਜਮਹੂਰੀਅਤ ਦਿਵਸ ਨੂੰ ਸਮਰਪਿਤ)
ਲੋਕਤੰਤਰ ਜਾਂ ਜਮਹੂਰੀਅਤ ਦਾ ਸ਼ਾਬਦਿਕ ਅਰਥ ਹੈ ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ ਚੁਣਿਆ ਜਾਣ ਵਾਲ਼ਾ ਰਾਜ ਪ੍ਰਬੰਧ ਹੈ, ਜਿਸ ਦੇ ਤਹਿਤ ਸਾਰੇ ਨਾਗਰਿਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਚੁਣੇ ਨੁਮਾਇੰਦਿਆਂ ਰਾਹੀਂ ਕਾਨੂੰਨ ਦੇ ਪ੍ਰਸਤਾਵ , ਉਸ ਦੇ ਵਿਕਾਸ ਅਤੇ ਸਿਰਜਣਾਤਮਕਤਾ ਵਿੱਚ ਹਿੱਸਾ ਲੈਣ ਦਾ ਬਰਾਬਰ ਦਾ ਹੱਕ ਹੋਵੇ। ਲੋਕਤੰਤਰ ਦੇ ਅਸੂਲਾਂ ਨੂੰ ਉਤਸ਼ਾਹਿਤ ਕਰਨ ਅਤੇ ਚੱਲਦਾ ਰੱਖਣ ਦੇ ਉਦੇਸ਼ ਨਾਲ 2007 ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਉਸ ਦੇ ਸਾਰੇ ਮੈਂਬਰ ਦੇਸ਼ਾਂ ਅਤੇ ਸੰਗਠਨਾਂ ਨੂੰ ਸੱਦਾ ਦਿੱਤਾ ਸੀ। 15 ਸਤੰਬਰ ਦਾ ਦਿਨ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਜਾਂ ਜਮਹੂਰੀਅਤ ਦਿਵਸ ਦੇ ਤੌਰ ‘ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ।ਇਸ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਲੋਕਰਾਜ ਅਤੇ ਆਪਣੇ ਹੱਕਾਂ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ।
ਲੋਕਤੰਤਰਿਕ ਸਰਕਾਰਾਂ ਲੋਕਾਂ ਦੀਆਂ ਵੋਟਾਂ ਦੀ ਬਹੁਗਿਣਤੀ ਮਿਲਣ ਨਾਲ ਹੀ ਬਣਦੀਆਂ ਹਨ ਤੇ ਲੋਕ ਆਸ ਕਰਦੇ ਹਨ ਕਿ ਉਹਨਾਂ ਦੁਆਰਾ ਚੁਣੀ ਹੋਈ ਸਰਕਾਰ ਦੁਆਰਾ ਉਨ੍ਹਾਂ ਦੇ ਬੁਨਿਆਦੀ ਮਸਲੇ ਹੱਲ ਕੀਤੇ ਜਾਣ।ਲੋਕਾਂ ਵੱਲੋਂ ਸਰਕਾਰਾਂ ਦਾ ਵਿਰੋਧ ਕਰਨਾ ਉਨ੍ਹਾਂ ਦਾ ਜਮਹੂਰੀ ਹੱਕ ਹੈ ਪਰ ਸਰਕਾਰਾਂ ਦੁਆਰਾ ਲੋਕਾਂ ਦਾ ਵਿਰੋਧ ਕਰਨਾ ਗ਼ੈਰਜਮਹੂਰੀ ਅਤੇ ਅਸੰਵਿਧਾਨਕ ਹੈ। ਲੋਕਤੰਤਰਿਕ ਪ੍ਰਣਾਲੀ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਨਾਲ ਸਬੰਧਿਤ ਕਾਨੂੰਨ ਬਣਾਉਣ ਤੋਂ ਪਹਿਲਾਂ ਸਬੰਧਿਤ ਵਰਗ ਦੀ ਸਲਾਹ ਲੈਣ ਦੀ ਲੋੜ ਹੁੰਦੀ ਹੈ। ਲੋਕਤੰਤਰਿਕ ਪ੍ਰਣਾਲੀ ਵਿਚ ਰਾਜ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਕੋਈ ਵੀ ਵਰਗ ਪ੍ਰੇਸ਼ਾਨ ਹੈ ਤਾਂ ਉਸ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।ਹਰ ਰਾਜ ਵਿੱਚ ਕੁਝ ਢਾਹੂ ਨੀਤੀਆਂ ਹੁੰਦੀਆਂ ਹਨ ਪਰ ਸੰਵਿਧਾਨਕ ਲੀਹਾਂ ’ਤੇ ਚੱਲਦੀਆਂ ਲੋਕਤੰਤਰਿਕ ਸਰਕਾਰਾਂ ਉਦਾਰਵਾਦੀ ਖ਼ਿਆਲਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਖਿਆਲ ਵੀ ਰੱਖਦੀਆਂ ਹਨ।
ਲੋਕਤੰਤਰ ਵਿੱਚ ਹੋਰ ਤਰੀਕਿਆਂ ਨਾਲ ਚੱਲਣ ਵਾਲੀਆਂ ਸਰਕਾਰਾਂ ਦੇ ਮੁਕਾਬਲੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕਿਤੇ ਜ਼ਿਆਦਾ ਹੁੰਦੀ ਹੈ। ਲੋਕਤੰਤਰਿਕ ਸਰਕਾਰਾਂ ਵਿੱਚ ਕਾਰਪੋਰੇਟ ਕੰਪਨੀਆਂ ਅਤੇ ਕਾਰਪੋਰੇਟ ਮੀਡੀਆ ਹਾਊਸ ਦੇ ਵੱਡੇ ਵਿੱਤੀ ਅਦਾਰੇ ਵਿਚਾਰਾਂ ਦੇ ਪ੍ਰਗਟਾਵੇ ਨੂੰ ਪ੍ਰਭਾਵਿਤ ਅਤੇ ਲੋਕਾਂ ਦੀ ਸੂਝ-ਸਮਝ ਨੂੰ ਕਾਰਪੋਰੇਟ-ਪੱਖੀ ਬਣਾਉਣ ਦੇ ਵੱਡੇ ਯਤਨ ਕਰਦੇ ਹਨ ਪਰ ਇਸ ਦੇ ਬਾਵਜੂਦ ਲੋਕਤੰਤਰ ਵਿੱਚ ਵੱਖ ਵੱਖ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਜਾਰੀ ਰਹਿੰਦਾ ਹੈ।ਆਧੁਨਿਕ ਲੋਕਤੰਤਰਿਕ ਪ੍ਰਣਾਲੀ ਵਿੱਚ ਵੀ ਸੱਤਾਧਾਰੀ ਧਿਰ ਆਮ ਲੋਕਾਂ ਦੇ ਦਿਮਾਗ਼ਾਂ ਨੂੰ ਅਸਿੱਧੇ ਤਰੀਕੇ ਨਾਲ ਵੱਸ ਵਿਚ ਕਰਨਾ ਜਾਣਦੀ ਹੈ ਅਤੇ ਲੋਕਾਂ ਦੇ ਦਿਮਾਗ਼ਾਂ ਨੂੰ ਵੱਖ ਵੱਖ ਅਣਦਿਸਦੇ ਜ਼ਾਬਤਿਆਂ ਅਤੇ ਰੋਕਾਂ ਵਿੱਚ ਬੰਨ੍ਹਿਆ ਜਾਂਦਾ ਹੈ। ਕਈ ਵਾਰ ਲੋਕਤੰਤਰ ਪ੍ਰਬੰਧਾਂ ਵਿੱਚ ਵੀ ਇਹੋ ਜਿਹੇ ਹਾਲਾਤ ਹੋ ਸਕਦੇ ਹਨ ਕਿ ਭਾਵੇਂ ਬਾਹਰੀ ਤੌਰ ’ਤੇ ਐਮਰਜੈਂਸੀ ਨਹੀਂ ਹੁੰਦੀ ਪਰ ਵੱਖ ਵੱਖ ਸਮਾਜਿਕ ਸੰਸਥਾਵਾਂ ਅਤੇ ਸਮਾਜ ਉੱਤੇ ਕਈ ਅਣਦਿਸਦੀਆਂ ਪਾਬੰਦੀਆਂ ਲਾਗੂ ਕੀਤੀਆਂ ਜਾਂਦੀਆਂ ਹਨ।
ਪਾਰਟੀਆਂ ਦੀ ਆਪਸੀ ਮੁਕਾਬਲੇਬਾਜ਼ੀ ਚਾਹੇ ਲੋਕਤੰਤਰ ਲਈ ਜ਼ਰੂਰੀ ਹੁੰਦੀ ਹੈ ਪਰ ਅਜਿਹੀ ਮੁਕਾਬਲੇਬਾਜ਼ੀ ਹਮੇਸ਼ਾਂ ਮਰਿਆਦਾ ਵਿੱਚ ਰਹਿਣੀ ਚਾਹੀਦੀ ਹੈ। ਵਿਸ਼ਵਭਰ ਵਿੱਚ 123 ਲੋਕਤੰਤਰਿਕ ਦੇਸ਼ ਹਨ ਜਦ ਕਿ 69 ਦੇਸ਼ਾਂ ਵਿੱਚ ਹੋਰ ਤਰੀਕਿਆਂ ਨਾਲ ਸਰਕਾਰਾਂ ਚਲਾਈਆਂ ਜਾਂਦੀਆਂ ਹਨ।ਸਾਡਾ ਭਾਰਤ ਦੇਸ਼ ਦੁਨੀਆ ਦੀ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ।ਇਹ ਸਾਡੇ ਸਾਰਿਆਂ ਲਈ ਇੱਕ ਮਾਣ ਦੀ ਗੱਲ ਹੈ। ਇਸ ਲਈ ਆਪਾਂ ਸਾਰੇ ਭਾਰਤਵਾਸੀਆਂ ਨੂੰ ਇਸ ਵਿਸ਼ਵ ਲੋਕਤੰਤਰਿਕ ਦਿਵਸ ਦੀ ਮਹੱਤਤਾ ਨੂੰ ਸਮਝਦੇ ਹੋਏ ਆਪਣੇ ਜਮਹੂਰੀ ਹੱਕਾਂ ਪ੍ਰਤੀ ਆਪ ਜਾਗਰੂਕ ਹੁੰਦੇ ਹੋਏ ਚੇਤੰਨਤਾ ਨਾਲ ਆਨੰਦ ਮਾਣਦੇ ਹੋਏ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਦੂਜਿਆਂ ਤੱਕ ਪਹੁੰਚਾਉਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324