ਏਹੁ ਹਮਾਰਾ ਜੀਵਣਾ ਹੈ -326

ਬਰਜਿੰਦਰ-ਕੌਰ-ਬਿਸਰਾਓ.

(ਸਮਾਜ ਵੀਕਲੀ)

ਵੈਸੇ ਤਾਂ ਮਨੁੱਖ ਦੀ ਜ਼ਿੰਦਗੀ ਰਿਕਵੈਸਟ ਤੋਂ ਸ਼ੁਰੂ ਹੋ ਕੇ ਬਲੌਕ ਤੱਕ ਹੀ ਮੁੱਕਦੀ ਹੈ। ਹਾਂ ਹਾਂ ,ਮੈਂ ਬਿਲਕੁਲ ਸਹੀ ਕਿਹਾ ਹੈ, ਰੱਬ ਅੱਗੇ ਬੇਨਤੀਆਂ ਅਰਜ਼ੋਈਆਂ ਕਰਕੇ ਜਵਾਕ ਝੋਲ਼ੀ ਪੈਂਦਾ ਹੈ ਤੇ ਆਪਣੀ ਜ਼ਿੰਦਗੀ ਹੱਸ ਖੇਡ ਕੇ ਹੰਢਾ ਕੇ ਉਮਰ ਭੋਗ ਕੇ ਇੱਥੋਂ ਤੁਰ ਜਾਂਦਾ ਹੈ ਜਾਣੀ ਕਿ ਜਦੋਂ ਉੱਪਰ ਵਾਲ਼ਾ ਸੁਆਸਾਂ ਤੇ ਬਲੌਕ ਮਾਰਦਾ ਹੈ ਤਾਂ ਜ਼ਿੰਦਗੀ ਦਾ ਕਿੱਸਾ ਤਮਾਮ ਹੋ ਜਾਂਦਾ ਹੈ। ਆਹ ਜਿਹੜਾ ਸੋਸ਼ਲ ਮੀਡੀਆ ਵਾਲ਼ਾ ਕੀੜਾ ਸਾਡੇ ਹੱਡਾਂ ਨੂੰ ਘੁਣ ਵਾਂਗ ਲੱਗ ਗਿਆ ਐਥੇ ਵੀ ਤਾਂ ਇਹੀ ਕੁਛ ਹੁੰਦਾ। ਇੱਥੇ ਵੀ ਰਿਕਵੈਸਟ ਆਉਂਦੀ ਹੈ, ਫਿਰ ਉਹਦੇ ਉੱਤੇ ਛਾਣਬੀਣ ਅਤੇ ਖੋਜ ਕਰਨ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ,ਜੇ ਛਾਣਬੀਣ ਦੌਰਾਨ ਵਿਅਕਤੀ ਆਪਣੇ ਦਿਮਾਗ ਦੀ ਪਸੰਦ ਮੁਤਾਬਕ ਖਰਾ ਨਾ ਉਤਰੇ ਤਾਂ ਉਹ ਰਿਕਵੈਸਟ ਭਾਵ ਬੇਨਤੀ ਕਬੂਲ ਨਹੀਂ ਹੁੰਦੀ। ਗੱਲ ਤਾਂ ਸਾਰੀ ਪਿਛਲੇ ਕਰਮਾਂ ਦੇ ਲੇਖੇ ਜੋਖੇ ਤੇ ਆ ਕੇ ਮੁੱਕਦੀ ਹੈ।ਜੇ ਪ੍ਰੋਫਾਈਲ ਵਿੱਚ ਉਹਦੇ ਪਿਛਲੇ ਕਰਮ ਚੰਗੇ ਨਹੀਂ ਕੀਤੇ ਹੁੰਦੇ ਤਾਂ ਰਿਕਵੈਸਟ ਵੀ ਮਨਜ਼ੂਰ ਨਹੀਂ ਹੁੰਦੀ,ਜਿਸ ਦੇ ਵਧੀਆ ਕਰਮ ਕੀਤੇ ਹੁੰਦੇ ਹਨ ਉਹਦੀਆਂ ਬੇਨਤੀਆਂ ਤਾਂ ਝਟ ਪਟ ਕਬੂਲ ਹੋ ਜਾਂਦੀਆਂ ਹਨ ਤੇ ਫਿਰ ਖ਼ੁਸ਼ਕਿਸਮਤੀ ਨਾਲ਼ ਇੱਕ ਦੂਜੇ ਦੀ ਦੁਨੀਆਂ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਹੈ।

       ਹੁਣ ਉਸ ਤੋਂ ਅਗਲਾ ਪੜਾਅ ਸ਼ੁਰੂ ਹੁੰਦਾ ਹੈ ਜਦੋਂ ਇੱਕ ਦੂਜੇ ਦੀ ਸਿੱਧੇ ਤੌਰ ਤੇ ਜਾਣ ਪਛਾਣ ਭਾਵ ਇੰਟ੍ਰੋ ਦਾ ਮੌਕਾ ਮਿਲਦਾ ਹੈ। ਕਹਿੰਦੇ ਹਨ ਕਿ ਇਕੱਲੇ ਫੇਸਬੁੱਕ ਤੇ ਹੀ ਇੱਕ ਦਿਨ ਵਿੱਚ ਇੱਕ ਬਿਲੀਅਨ ਸੁਨੇਹਿਆਂ ਭਾਵ ਮੈਸੇਜੇਜ਼ ਦੀ  ਵਰਤੋਂ ਕੀਤੀ ਜਾਂਦੀ ਹੈ। ਹੋ ਸਕਦਾ ਹੈ ਕਿ ਉਹ ਇੱਕ ਬਿਲੀਅਨ ਸੁਨੇਹਿਆਂ ਵਿੱਚੋਂ ਅੱਧਾ ਬਿਲੀਅਨ ਤਾਂ ਕੀ ਪਤਾ ਇੱਕ ਦੂਜੇ ਨੂੰ ਜਾਨਣ ਵਾਲੇ ਸੁਨੇਹੇ ਹੀ ਹੋਣ ,ਇਹ ਤਾਂ ਰੱਬ ਹੀ ਜਾਣਦਾ ਹੈ। ਚਲੋ ਫਿਰ ਜਾਣ ਪਛਾਣ ਹੋਈ ਤੇ ਦੋਸਤੀ ਦੇ ਕਿੱਸੇ ਸ਼ੁਰੂ ਹੁੰਦੇ ਹਨ।ਇਹ ਜ਼ਰੂਰੀ ਨਹੀਂ ਕਿ ਪੁਲਿੰਗ ਅਤੇ ਇਸਤਰੀ ਲਿੰਗ ਵਿੱਚ ਹੀ ਇਹ ਦੌਰ ਸ਼ੁਰੂ ਹੁੰਦਾ ਹੋਵੇਗਾ।ਇਹ ਤਾਂ ਜਦੋਂ ਕੋਈ ਦੋ ਨਵੇਂ ਰਿਸ਼ਤੇਦਾਰ ਮਿਲ਼ਦੇ ਹਨ, ਨਵੇਂ ਸਹਿਕਰਮੀ,ਕਈ ਵਾਰ ਯਾਤਰਾ ਕਰਦੇ ਕਰਦੇ ਹਮਸਫ਼ਰ,ਆਂਢ ਗੁਆਂਢ ਅਤੇ ਹੋਰ ਬਹੁਤ ਸਾਰੇ ਤੁਸੀਂ ਆਪਣੇ ਆਪਣੇ ਦਿਮਾਗ ਅਤੇ ਤਜਰਬੇ ਅਨੁਸਾਰ ਗਿਣ ਸਕਦੇ ਹੋ। ਰਿਕਵੈਸਟ ਭੇਜਣ ਦਾ ਸਿਲਸਿਲਾ ਬਹੁਤ ਹੀ ਪਿਆਰ ਅਤੇ ਭਾਵਨਾਵਾਂ ਦੇ ਹੜ੍ਹ ਦੇ ਵਹਿਣ ਵਿੱਚੋਂ ਉਪਜਦਾ ਹੈ।ਇੰਟ੍ਰੋ ਤਾਂ ਬਹੁਤ ਕਰਕੇ ਮੁੰਡੇ ਕੁੜੀਆਂ ਜਾਂ ਮਰਦ ਤ੍ਰੀਮਤਾਂ ਵਿੱਚ ਹੁੰਦੀ ਹੈ,ਬਾਕੀ ਤਾਂ ਸਭ ਜਾਣਦੇ ਹੀ ਹੁੰਦੇ ਹਨ।
          ਹੌਲੀ ਹੌਲੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇੱਕ ਦੂਜੇ ਨੂੰ ਬਹੁਤੀ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਦੀਆਂ ਸਾਰੀਆਂ ਪੋਸਟਾਂ ਨੂੰ ‘ਲਾਈਕ’ ਅਤੇ ‘ਕੁਮੈਂਟ’ ਕਰਕੇ ਆਪਣੇ ਰਿਸ਼ਤੇ ਦੀ ਪਰਪੱਕਤਾ ਦਿਖਾਈ ਜਾਂਦੀ ਹੈ। ਜੇ ਗੁਆਂਢੀ, ਰਿਸ਼ਤੇਦਾਰ, ਸਹਿਕਰਮੀ ਜਾਂ ਹੋਰ ਜਾਣ ਪਛਾਣ ਵਾਲਾ ਹੈ ਤਾਂ ਉਸ ਦਾ ਇਹ ਰਿਸ਼ਤਾ ਬਾਹਰੀ ਭਾਵ ਦੁਨਿਆਵੀ ਵਰਤਾਓ ਤੇ ਨਿਰਭਰ ਕਰਦਾ ਹੈ। ਜੇ ਕਿਤੇ ਮਾੜਾ ਮੋਟਾ ਫਿੱਕ ਪੈ ਜਾਵੇ ਤਾਂ ਇੱਕ ਦੂਜੇ ਦੀਆਂ ਪੋਸਟਾਂ ਤੇ ਕੁਮੈਂਟ ਕਰਨੇ ਬੰਦ ਕਰ ਦਿੱਤੇ ਜਾਂਦੇ ਹਨ,ਜੇ ਹੋਰ ਥੋੜ੍ਹਾ ਜਿਹਾ ਜ਼ਿਆਦਾ ਫਿੱਕ ਪੈ ਜਾਵੇ ਤਾਂ ਇੱਕ ਦੂਜੇ ਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਸਾਨੂੰ ਨਹੀਂ ਪਤਾ ਕਿ ਤੁਸੀਂ ਕੀ ਕਰ ਰਹੇ ਹੋ।ਸਿੱਧੇ ਤੌਰ ਤੇ ਆਖੀਏ ਤਾਂ ਲਾਈਕ ਤੇ ਕੁਮੈਂਟ ਕਰਨੇ ਬੰਦ ਕਰ ਦਿੱਤੇ ਜਾਂਦੇ ਹਨ ਮਤਲਬ ਕਿ ਇੱਕ ਦੂਜੇ ਨੂੰ ਦੁੱਖ ਦੇਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।ਇਸ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਹੁਣ ਰਿਸ਼ਤੇ ਵਿੱਚ ਕੜਵਾਹਟ ਭਰਨ ਲੱਗ ਗਈ ਹੈ।
             ਫਿਰ ਸਭ ਤੋਂ ਅਖੀਰ ਵਿੱਚ ਅੰਤਲਾ ਪੜਾਅ ਜੋ ਬਹੁਤ ਹੀ ਦੁਖਦਾਈ ਹੁੰਦਾ ਹੈ ਉਸ ਵਿੱਚ ਹੁਣ ਜਾਣੋ ਕਿ ਇੱਕ ਦੂਜੇ ਨੂੰ ਸੂਲੀ ਟੰਗਣ ਤੱਕ ਦੀ ਨੌਬਤ ਆ ਜਾਂਦੀ ਹੈ। ਪਿੱਛੇ ਜਿਹੇ ਮੇਰੇ ਦੋ ਗੁਆਂਢੀਆਂ ਦੀ ਆਪਸ ਵਿੱਚ ਅਣਬਣ ਹੋ ਗਈ,ਇੱਕ ਗੁਆਂਢਣ ਦੇ ਹੱਥ ਵਿੱਚ ਫੋਨ ਫੜਿਆ ਸੀ ਉਸ ਨੇ ਲੜਦੇ ਲੜਦੇ ਹੀ‌ ਇਹ ਕਹਿ ਕੇ ਬਲੌਕ ਕਰ ਦਿੱਤਾ,”ਮੈਂ ਤਾਂ ਤੇਰੇ ਵਰਗੀ ਨੂੰ ਆਪਣੇ ਨਾਲ ਊਈਂ ਨੀ ਰੱਖਦੀ ,ਆਹ ਲੈ ਮੈਂ ਤੈਨੂੰ ਬਲੌਕ ਕਰਦੀਆਂ।” ਦੂਜੀ ਕਿਹੜਾ ਘੱਟ ਸੀ ,ਓਹਨੇ ਵਟਸਐਪ ਤੋਂ ਬਲੌਕ ਕਰ ਦਿੱਤਾ । ਸੋ ਇਸ ਤਰ੍ਹਾਂ ਗੁਆਂਢੀ, ਰਿਸ਼ਤੇਦਾਰ, ਸਹਿਕਰਮੀ ਜਾਂ ਫੇਸਬੁੱਕੀਏ ਪ੍ਰੇਮੀ ਪ੍ਰੇਮਿਕਾਵਾਂ ਦੀ ਜਦ ਤਕੜੀ ਅਣਬਣ ਹੁੰਦੀ ਹੈ ਤਾਂ ਇੱਕ ਨਰਮ ਧਿਰ ਵੱਲੋਂ ਮਾੜੀ ਮੋਟੀ ਸਹਿਨਸ਼ੀਲਤਾ ਦਿਖਾਕੇ ਰਿਸ਼ਤੇ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਗਰਮ ਧੜੇ ਵੱਲੋਂ ਤੁਰੰਤ ਬਲੌਕ ਮਾਰ ਕੇ ਗੁੱਸੇ ਅਤੇ ਨਫ਼ਰਤ ਦਾ ਇਜ਼ਹਾਰ ਕਰ ਦਿੱਤਾ ਜਾਂਦਾ ਹੈ। ਫਿਰ ਇਹ ਬਲੌਕ ਹੋਣ ਤੋਂ ਬਾਅਦ ਵਾਲੀ ਵੀਰਾਨਗੀ ਕਿਸੇ ਉਜਾੜੇ ਤੋਂ ਘੱਟ ਨਹੀਂ ਹੁੰਦੀ।  ਹਿੰਦ-ਪਾਕ ਵੰਡ ਤੋਂ ਬਾਅਦ ਰਿਸ਼ਤਿਆਂ ਦੀਆਂ ਵੰਡੀਆਂ ਵਾਲੇ ਉਜਾੜੇ ਚੋਂ ਉਪਜਿਆ ਆਪਣਿਆਂ ਦੇ ਵਿਛੋੜੇ ਦੇ ਅਸਹਿ ਦਰਦਾਂ ਨੂੰ ਜਿਵੇਂ ਲੋਕਾਂ ਨੇ ਹੰਢਾਇਆ ਸੀ ਬਿਲਕੁਲ ਉਸੇ ਤਰ੍ਹਾਂ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਤੇ ਰਿਕਵੈਸਟ ਟੂ ਬਲੌਕ ਵਾਲ਼ਾ ਅਸਹਿ ਦਰਦ ਪਤਾ ਨਹੀਂ ਕਿੰਨੇ ਕੁ ਲੋਕ ਹੰਢਾਉਂਦੇ ਹੋਣਗੇ।
ਰੱਬ ਰਾਖਾ! ਪਰ ਜ਼ਿੰਦਗੀ ਤਾਂ ਐਦਾਂ ਹੀ ਚੱਲਦੀ ਰਹਿਣੀ ਹੈ ਹੈ ਚਾਹੇ ਕੋਈ ਰਿਕਵੈਸਟ ਭੇਜੇ ਜਾਂ ਬਲੌਕ ਕਰੇ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMOTHER INDIA SEEKS UNITY
Next articleਪੰਜਾਬ ਜਲਦ ਹੀ ਹੋਣ ਵਾਲਾ ਹੈ ਪਾਣੀ-ਮੁਕਤ