ਏਸ਼ਿਆਡ ਦੇ ਅੱਠਵੇਂ ਦਿਨ ਭਾਰਤ ਦੀ ‘ਚਾਂਦੀ’

ਤੇਜ਼ ਦੌੜਾਕ ਦੁੱਤੀ ਚੰਦ ਨੇ 18ਵੀਆਂ ਏਸ਼ਿਆਈ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਦੀ 100 ਮੀਟਰ ਦੌੜ ਵਿੱਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਅੱਜ ਚਾਂਦੀ ਦਾ ਤਗ਼ਮਾ ਜਿੱਤ ਲਿਆ, ਜਦਕਿ ਨਵੀਂ ਸਟਾਰ ਹਿਮਾ ਦਾਸ ਅਤੇ ਯਹੀਆ ਮੁਹੰਮਦ ਅਨਾਸ ਨੇ ਵੀ 400 ਮੀਟਰ ਦੌੜ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ। ਹਾਲਾਂਕਿ ਲਕਸ਼ਮਣ ਗੋਵਿੰਦਨ ਨੇ ਪੁਰਸ਼ 10000 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਪਰ ਕੁੱਝ ਦੇਰ ਮਗਰੋਂ ਹੀ ਉਸ ਨੂੰ ਅੜਿੱਕਾ ਡਾਹੁਣ ਕਾਰਨ ਅਯੋਗ ਕਰਾਰ ਦਿੱਤਾ ਗਿਆ। ਇੱਕ ਸਮੇਂ ਜੈਂਡਰ ਵਿਵਾਦ ਵਿੱਚ ਫਸੀ ਉੜੀਸਾ ਦੀ ਦੁੱਤੀ ਨੇ 100 ਮੀਟਰ ਦੇ ਫਾਈਨਲ ਵਿੱਚ ਲਾਜਵਾਬ ਪ੍ਰਦਰਸ਼ਨ ਕੀਤਾ ਅਤੇ ਇਸ ਮੁਕਾਬਲੇ ਦੇ ਸੋਨ, ਚਾਂਦੀ ਅਤੇ ਕਾਂਸੀ ਤਗ਼ਮੇ ਦਾ ਫ਼ੈਸਲਾ ਫੋਟੋ ਫਿਨਿਸ਼ ਰਾਹੀਂ ਹੋਇਆ। ਦੁੱਤੀ ਨੇ 11.32 ਸੈਕਿੰਡ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਬਹਿਰੀਨ ਦੀ ਐਡਿਡਿਯੋਂਗ ਨੇ 11.30 ਸੈਕਿੰਡ ਵਿੱਚ ਸੋਨਾ ਅਤੇ ਚੀਨ ਦੀ ਯੋਂਗਲੀ ਵੇਈ ਨੇ 11.33 ਸੈਕਿੰਡ ਵਿੱਚ ਕਾਂਸੀ ਜਿੱਤੀ।
22 ਸਾਲ ਦੀ ਦੁੱਤੀ ਇਸ ਤਰ੍ਹਾਂ ਦੇਸ਼ ਦੀ ਮਹਾਨ ਅਥਲੀਟ ਪੀਟੀ ਊਸ਼ਾ ਦੇ 1986 ਦੇ ਸੋਲ ਏਸ਼ਿਆਈ ਖੇਡਾਂ ਵਿੱਚ 100 ਮੀਟਰ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ।
ਭਾਰਤ ਅੱਜ ਕੋਈ ਸੋਨ ਤਗ਼ਮਾ ਨਹੀਂ ਜਿੱਤ ਸਕਿਆ, ਪਰ ਪੰਜ ਚਾਂਦੀ ਤਗ਼ਮੇ ਜਿੱਤਣ ਵਿੱਚ ਸਫਲ ਰਿਹਾ। ਦੇਸ਼ ਸੱਤ ਸੋਨੇ, ਦਸ ਚਾਂਦੀ ਅਤੇ 19 ਕਾਂਸੀ ਨਾਲ ਕੁੱਲ 36 ਤਗ਼ਮੇ ਜਿੱਤ ਕੇ ਸੂਚੀ ਵਿੱਚ ਨੌਂਵੇਂ ਸਥਾਨ ’ਤੇ ਹੈ।
ਹਿਮਾ ਨੇ ਦੋ ਦਿਨ ਵਿੱਚ ਦੂਜੀ ਵਾਰ ਮਹਿਲਾ 400 ਮੀਟਰ ਵਿੱਚ ਕੌਮੀ ਰਿਕਾਰਡ ਤੋੜ ਕੇ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਅਨਸ ਵੀ ਇਸੇ ਵਰਗ ਦੀ ਪੁਰਸ਼ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਰਿਹਾ।
ਹਿਮਾ ਅਤੇ ਅਨਾਸ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਚਾਂਦੀ ਦੇ ਤਗ਼ਮੇ ਦਾ ਹੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਕਿਉਂਕਿ ਇਨ੍ਹਾਂ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀ ਚੋਟੀ ’ਤੇ ਰਹਿਣ ਦੇ ਮਜ਼ਬੂਤ ਦਾਅਵੇਦਾਰ ਸਨ। ਹਿਮਾ ਨੇ 50.59 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਨਾਲ ਹੀ ਦੋ ਦਿਨ ਵਿੱਚ ਦੂਜੀ ਵਾਰ ਕੌਮੀ ਰਿਕਾਰਡ ਤੋੜਿਆ।

Previous articleIran’s parliament impeaches Economy Minister
Next articleਸੁਖਜਿੰਦਰ ਰੰਧਾਵਾ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੇ ਸੰਕੇਤ