ਏਸ਼ਿਆਈ ਕੁਸ਼ਤੀ: ਹਰਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਗ੍ਰੀਕੋ ਰੋਮਨ ਪਹਿਲਵਾਨ ਹਰਪ੍ਰੀਤ ਸਿੰਘ ਅਤੇ ਗਿਆਨੇਂਦਰ ਦੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਨਾਲ ਭਾਰਤ ਨੇ ਅੱਜ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਨੂੰ 16 ਤਗ਼ਮਿਆਂ ਨਾਲ ਸਮਾਪਤ ਕੀਤਾ ਹੈ। ਟੂਰਨਾਮੈਂਟ ਦੇ ਆਖ਼ਰੀ ਦਿਨ ਹਰਪ੍ਰੀਤ ਨੇ 82 ਕਿਲੋ ਭਾਰ ਵਰਗ ਵਿੱਚ ਚਾਂਦੀ, ਜਦਕਿ ਗਿਆਨੇਂਦਰ ਨੇ 60 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਟੂਰਨਾਮੈਂਟ ਵਿੱਚ ਕੁੱਲ 16 ਤਗ਼ਮੇ ਹਾਸਲ ਕੀਤੇ। ਇਸ ਵਿੱਚ ਅੱਠ ਤਗ਼ਮੇ ਪੁਰਸ਼ ਫਰੀਸਟਾਈਲ ਪਹਿਲਵਾਨਾਂ (ਇੱਕ ਸੋਨਾ, ਤਿੰਨ ਚਾਂਦੀ ਅਤੇ ਚਾਰ ਕਾਂਸੀ), ਚਾਰ ਕਾਂਸੀ ਮਹਿਲਾ ਫਰੀ ਸਟਾਈਲ ਪਹਿਲਵਾਨਾਂ, ਜਦਕਿ ਗਰੀਕੋ ਰੋਮਨ ਪਹਿਲਵਾਨਾਂ ਨੇ ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਹਾਸਲ ਕੀਤਾ।
ਹਰਪ੍ਰੀਤ ਨੇ ਕੁਆਰਟਰ ਫਾਈਨਲ ਵਿੱਚ ਕਿਰਗਿਸਤਾਨ ਦੇ ਬੁਰਗੋ ਬੇਸ਼ਾਲੀਵ ਨੂੰ 5-1 ਨਾਲ, ਜਦਕਿ ਸੈਮੀ ਫਾਈਨਲ ਵਿੱਚ ਚੀਨ ਦੇ ਹੈਤਾਓ ਕਿਆਨ ਨੂੰ 10-1 ਨਾਲ ਤਕੜੀ ਸ਼ਿਕਸਤ ਦੇ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਫਾਈਨਲ ਵਿੱਚ ਉਹ ਇਰਾਨ ਦੇ ਸੈਯਦ ਮੋਰਾਦ ਅਬਦਲਵੀ ਦੀ ਚੁਣੌਤੀ ਪਾਰ ਨਹੀਂ ਕਰ ਸਕਿਆ ਅਤੇ ਉਸ ਨੂੰ 0-8 ਨਾਲ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਗਿਆਨੇਂਦਰ ਨੇ ਕੁਆਰਟਰ ਫਾਈਨਲ ਵਿੱਚ ਜੌਰਡਨ ਦੇ ਖਿਡਾਰੀ ਨੂੰ ਹਰਾਇਆ, ਪਰ ਸੈਮੀ ਫਾਈਨਲ ਵਿੱਚ ਉਜ਼ਬੇਕਿਸਤਾਨ ਦੇ ਪਹਿਲਵਾਨ ਤੋਂ ਹਾਰ ਗਿਆ।

Previous articleSunny Deol prays at Golden Temple before filing nomination
Next articleVoting begins in 72 seats in fourth phase of LS polls