ਏਮਜ਼ ਦੇ ਉਦਘਾਟਨ ਵੇਲੇ ਪਈਆਂ ਸੋਨੀ ਤੇ ਬਾਦਲ ਦੀਆਂ ‘ਜੱਫੀਆਂ’

ਬਠਿੰਡਾ– ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ.ਸੋਨੀ ਅੱਜ ਬਠਿੰਡਾ ਏਮਜ਼ ਦੇ ਸਮਾਰੋਹਾਂ ’ਚ ਬਾਦਲਾਂ ਨਾਲ ਘਿਓ ਖਿਚੜੀ ਹੋਏ। ਵਜ਼ੀਰ ਸੋਨੀ ਨੇ ਬਾਦਲਾਂ ਪ੍ਰਤੀ ਇੰਨਾ ਨਿੱਘ ਤੇ ਮੋਹ ਦਿਖਾਇਆ ਜਿਸ ਤੋਂ ਲੱਗਾ ਕਿ ਸਿੱਖਿਆ ਮਹਿਕਮਾ ਖੁੱਸਣ ਮਗਰੋਂ ਸੋਨੀ ਹਾਲੇ ਵੀ ਅਮਰਿੰਦਰ ਤੋਂ ਨਾਖੁਸ਼ ਹਨ। ਸਟੇਜ ਤੋਂ ਬਾਦਲਾਂ ਨੇ ਵੀ ਸੋਨੀ ਦਾ ਬਣਦਾ ਮੁੱਲ ਮੋੜਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜ਼ਿਆਦਾ ਭਾਅ ਅੱਜ ਵਜ਼ੀਰ ਸੋਨੀ ਨੇ ਬਾਦਲ ਪਰਿਵਾਰ ਨੂੰ ਦਿੱਤਾ। ਸੋਨੀ ਸਮਾਰੋਹਾਂ ’ਚ ਬਾਦਲਾਂ ਨਾਲ ਇੰਨਾ ਰਚ ਮਿਚ ਗਏ ਕਿ ਗੱਲ ਗੱਲ ’ਤੇ ਉਹ ਬਾਦਲਾਂ ਦੇ ਸੋਹਲੇ ਗਾਉਂਦੇ ਰਹੇ। ਪੰਡਾਲ ’ਚ ਉਦੋਂ ਹੀ ਚਰਚਾ ਛਿੜ ਗਈ ਕਿ ਦਾਲ ਵਿਚ ਕਾਲਾ ਜਾਪਦਾ ਹੈ। ਸੁਖਬੀਰ ਬਾਦਲ ਨਾਲ ਵਜ਼ੀਰ ਸੋਨੀ ਨੇ ਸਿਰ ਜੋੜ ਕੇ ਗੁਫ਼ਤਗੂ ਵੀ ਕੀਤੀ। ਦੂਸਰੀ ਤਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਟਵੀਟ ਕਰਕੇ ਕਿਹਾ ਕਿ ਪੰਜਾਬ ਵਿਚ ਮਾਲੀ ਸਥਿਤੀ ਵਿਚ ਪੈਦਾ ਹੋਏ ਵਿਗਾੜ ਲਈ ਅਕਾਲੀ ਜ਼ਿੰਮੇਵਾਰ ਹਨ ਅਤੇ ਹੁਣ ਅਕਾਲੀ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਕਾਂਗਰਸ ਸਰਕਾਰ ਇਸ ਪ੍ਰਸਥਿਤੀ ’ਚੋਂ ਨਿਕਲਣ ਲਈ ਜੁਟੀ ਹੋਈ ਹੈ। ਇਸੇ ਦੌਰਾਨ ਮੰਤਰੀ ਓਪੀ ਸੋਨੀ ਨੇ ਆਖਿਆ ਕਿ ਵੱਡੇ ਬਾਦਲ ਦੀ ਪੰਜਾਬ ਬਾਰੇ ਸੋਚ ਚੰਗੀ ਰਹੀ ਹੈ ਅਤੇ ਉਹ ਪ੍ਰਧਾਨ ਮੰਤਰੀ ਤੋਂ ਵੱਡੇ ਵੱਡੇ ਪ੍ਰਾਜੈਕਟ ਲੈ ਕੇ ਆਏ ਹਨ। ਸ੍ਰੀ ਸੋਨੀ ਨੇ ਸੁਖਬੀਰ ਸਿੰਘ ਨੂੰ ਭਰਾ ਅਤੇ ਹਰਸਿਮਰਤ ਕੌਰ ਨੂੰ ਭੈਣ ਦੱਸਦੇ ਹੋਏ ਆਖਿਆ ਕਿ ਅਕਾਲੀ ਦਲ ਦੀ ਬਦੌਲਤ ਏਮਜ਼ ਪ੍ਰਾਜੈਕਟ ਆਇਆ ਹੈ। ਸੋਨੀ ਨੇ ਕਿਹਾ ਕਿ ਅੱਜ ਵੀ ਸੁਖਬੀਰ ਜੋ ਮਰਜ਼ੀ ਕੰਮ ਕਹਿਣ, ਉਹ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰਸਿਮਰਤ ਨੇ ਏਮਜ਼ ਪ੍ਰਾਜੈਕਟ ਲਈ ਬਹੁਤ ਜ਼ੋਰ ਲਾਇਆ ਅਤੇ ਇਹ ਪ੍ਰਾਜੈਕਟ ਲਿਆਂਦਾ। ਅੱਜ ਸਟੇਜ ’ਤੇ ਪੂਰੇ ਸਮਾਰੋਹ ਦੌਰਾਨ ਸੋਨੀ ਤੇ ਸੁਖਬੀਰ ਦੀ ਗੱਲਬਾਤ ਚੱਲਦੀ ਰਹੀ ਅਤੇ ਦੋਵਾਂ ਨੇ ਜੱਫੀਆਂ ਵੀ ਪਾਈਆਂ। ਦੂਸਰੀ ਤਰਫ਼ ਐਮ.ਪੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਜ਼ੀਰ ਸੋਨੀ ਪ੍ਰਤੀ ਅਪਣੱਤ ਵਾਲਾ ਰਵੱਈਆ ਰੱਖਿਆ ਅਤੇ ਸੋਨੀ ਦੀ ਤਾਰੀਫ਼ ਵੀ ਕੀਤੀ। ਸਿਆਸੀ ਮਾਹਿਰ ਇਸ ਗੱਲੋਂ ਹੈਰਾਨ ਸੀ ਕਿ ਅਚਾਨਕ ਸੋਨੀ ਦਾ ਬਾਦਲਾਂ ਪ੍ਰਤੀ ਏਨਾ ਮੋਹ ਕਿਉਂ ਜਾਗਿਆ ਹੈ। ਕਾਂਗਰਸ ਸਰਕਾਰ ਦੇ ਵਜ਼ੀਰ ਵੀ ਵਿਕਾਸ ਦੇ ਮੁੱਦੇ ’ਤੇ ਗੱਠਜੋੜ ਸਰਕਾਰ ਨੂੰ ਨਿਸ਼ਾਨੇ ’ਤੇ ਰੱਖ ਰਹੇ ਹਨ ਜਦੋਂ ਕਿ ਵਿਕਾਸ ਦੇ ਮਾਮਲੇ ’ਤੇ ਸੋਨੀ ਅੱਜ ਬਾਦਲਾਂ ਨਾਲ ਖੜ੍ਹੇ ਨਜ਼ਰ ਆਏ। ਅੱਜ ਉਨ੍ਹਾਂ ਨੇ ਜਨਤਕ ਤੌਰ ’ਤੇ ਬਾਦਲਾਂ ਪ੍ਰਤੀ ਤਾਰੀਫ ਵਾਲੀ ਸੁਰ ਰੱਖ ਕੇ ਮੁੱਖ ਮੰੰਤਰੀ ਨੂੰ ਇਸ਼ਾਰਾ ਕੀਤਾ ਹੈ। ਵਜ੍ਹਾ ਕੋਈ ਵੀ ਰਹੀ ਹੋਵੇ ਪ੍ਰੰਤੂ ਅੱਜ ਵਜ਼ੀਰ ਸੋਨੀ ਦਾ ਬਾਦਲਾਂ ਨਾਲ ਜੱਫੀ ਮੋਹ ਕਈ ਸੁਆਲ ਖੜ੍ਹੇ ਕਰ ਗਿਆ ਹੈ।

Previous articleਧੁੰਦ ਕਾਰਨ ਸੜਕ ਹਾਦਸੇ, ਇਕ ਹਲਾਕ; ਚਾਰ ਜ਼ਖ਼ਮੀ
Next articleਨਾਜਾਇਜ਼ ਸਰੀਆ ਖਰੀਦਣ ਦੇ ਦੋਸ਼ ਹੇਠ ਕਾਂਗਰਸ ਆਗੂ ਸਣੇ ਛੇ ਗ੍ਰਿਫ਼ਤਾਰ