ਜੰਡਿਆਲਾ ਗੁਰੂ- ਇੱਥੋਂ ਨਜ਼ਦੀਕੀ ਸਥਿਤ ਐਕਸਿਸ ਬੈਂਕ ਗਹਿਰੀ ਮੰਡੀ ਦੀ ਬ੍ਰਾਂਚ ਵਿੱਚੋਂ ਦੇਰ ਰਾਤ ਲੁਟੇਰਿਆਂ ਵੱਲੋਂ ਬੈਂਕ ਦਾ ਏਟੀਐਮ ਤੋੜ ਕੇ ਪੈਸੇ ਲੁੱਟਣ ਦੀ ਕੋਸ਼ਿਸ਼ ਪੁਲੀਸ ਦੇ ਪੀਸੀਆਰ ਮੁਲਾਜ਼ਮਾਂ ਵੱਲੋਂ ਨਾਕਾਮ ਕਰ ਦਿੱਤੀ ਗਈ ਹੈ। ਇਨ੍ਹਾਂ ਲੁਟੇਰਿਆਂ ਦੀ ਪਛਾਣ ਸ਼ਮਸ਼ੇਰ ਸਿੰਘ ਸ਼ੇਰੂ ਵਾਸੀ ਮਾਲ ਚੱਕ, ਵਿਕਰਮਜੀਤ ਸਿੰਘ ਵਿੱਕੀ ਵਾਸੀ ਦੀਨਪੁਰ, ਪ੍ਰਭਜੀਤ ਸਿੰਘ ਵਾਸੀ ਮਾਲ ਚੱਕ, ਅਮਰਜੀਤ ਸਿੰਘ ਵਾਸੀ ਦੀਨਪੁਰ ਅਤੇ ਅਰਸ਼ ਰਾਜ ਸਿੰਘ ਵਾਸੀ ਮਾਲਚੱਕ (ਸਾਰੇ ਜ਼ਿਲਾ ਤਰਨ ਤਾਰਨ) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਤਿੰਨ ਲੁਟੇਰੇ ਮੌਕੇ ’ਤੇ ਪੁਲੀਸ ਵੱਲੋਂ ਕਾਬੂ ਕੀਤੇ ਗਏ ਜਦਕਿ ਇਨ੍ਹਾਂ ਦੇ ਦੋ ਸਾਥੀ ਭੱਜਣ ਵਿੱਚ ਸਫ਼ਲ ਹੋ ਗਏ। ਇਸ ਬਾਰੇ ਜੰਡਿਆਲਾ ਗੁਰੂ ਥਾਣੇ ਦੇ ਐਸਐਚਓ ਇੰਸਪੈਕਟਰ ਰਛਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕੁਝ ਅਣਪਛਾਤੇ ਲੁਟੇਰੇ ਐਕਸਿਸ ਬੈਂਕ ਦਾ ਸ਼ਟਰ ਤੋੜ ਕੇ ਉਸ ਦੇ ਅੰਦਰ ਵੜ ਗਏ ਅਤੇ ਏਟੀਐੱਮ ਦੀ ਤੋੜ ਭੰਨ ਕਰਨ ਲੱਗੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਰਾਤੀਂ 1.40 ਵਜੇ ਬੈਂਕ ਮੈਨੇਜਰ ਜਸਪ੍ਰੀਤ ਸਿੰਘ ਦਾ ਇਸ ਸਬੰਧੀ ਫੋਨ ਆਇਆ ਅਤੇ ਉਨ੍ਹਾਂ ਤੁਰੰਤ ਪੀਸੀਆਰ ਮੁਲਾਜ਼ਮ ਮਨਜਿੰਦਰ ਸਿੰਘ ਅਤੇ ਮੇਜਰ ਸਿੰਘ ਨੂੰ ਐਕਸਿਸ ਬੈਂਕ ਭੇਜਿਆ। ਉੱਥੇ ਪਹੁੰਚ ਕੇ ਪੁਲੀਸ ਨੇ ਦੇਖਿਆ ਲੁਟੇਰੇ ਬੈਂਕ ਦੇ ਅੰਦਰ ਮੌਜੂਦ ਸਨ ਅਤੇ ਉਨ੍ਹਾਂ ਨੇ ਬੈਂਕ ਦਾ ਸ਼ਟਰ ਵੀ ਅੰਦਰੋਂ ਬੰਦ ਕੀਤਾ ਹੋਇਆ ਸੀ। ਪੀਸੀਆਰ ਕਰਮਚਾਰੀਆਂ ਨੇ ਤੁਰੰਤ ਬੈਂਕ ਦਾ ਸ਼ਟਰ ਬਾਹਰੋਂ ਵੀ ਬੰਦ ਕਰ ਦਿੱਤਾ। ਫੇਰ ਐਸਐਚਓ ਜੰਡਿਆਲਾ ਗੁਰੂ ਵੀ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਬਹੁਤ ਮੁਸ਼ੱਕਤ ਦੇ ਨਾਲ ਬੈਂਕ ਦਾ ਸ਼ਟਰ ਤੋੜ ਕੇ ਅੰਦਰੋਂ ਤਿੰਨ ਲੁਟੇਰੇ ਕਾਬੂ ਕੀਤੇ ਅਤੇ ਬੈਂਕ ਦੇ ਬਾਹਰ ਮੌਜੂਦ ਦੋ ਲੁਟੇਰੇ ਪੁਲੀਸ ਨੂੰ ਵੇਖ ਕੇ ਮੌਕੇ ਤੋਂ ਫ਼ਰਾਰ ਹੋ ਗਏ। ਕਾਬੂ ਕੀਤੇ ਲੁਟੇਰਿਆਂ ਕੋਲੋਂ ਪਿਸਤੌਲ, ਕਿਰਪਾਨਾਂ, ਗੰਡਾਸੀਆਂ ਅਤੇ ਰਾਡਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਦੀ ਮੁਸਤੈਦੀ ਨਾਲ ਬੈਂਕ ਦਾ ਕੈਸ਼ ਲੁੱਟਣ ਤੋਂ ਬਚ ਗਿਆ। ਐਸਐਚਓ ਨੇ ਦੱਸਿਆ ਜਦੋਂ ਪੁਲੀਸ ਬਾਹਰੋਂ ਬੈਂਕ ਨੂੰ ਘੇਰਾ ਪਾ ਕੇ ਬੈਠੀ ਸੀ ਤਾਂ ਇਨ੍ਹਾਂ ਲੁਟੇਰਿਆਂ ਨੇ ਬੈਂਕ ਦੇ ਬਾਥਰੂਮ ਦਾ ਐਗਜਾਸਟ ਤੋੜ ਕੇ ਉੱਥੋਂ ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ। ਐਸਐਚਓ ਨੇ ਦੱਸਿਆ ਕਿ ਇਨ੍ਹਾਂ ਫੜੇ ਗਏ ਲੁਟੇਰਿਆਂ ਖਿਲਾਫ਼ ਵੱਖ-ਵੱਖ ਧਾਰਾ ਅਧੀਨ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
INDIA ਏਟੀਐੱਮ ਵਿਚ ਤਿੰਨ ਲੁਟੇਰੇ ਵੜੇ, ਪੁਲੀਸ ਨੇ ਸ਼ਟਰ ਡੇਗਿਆ