ਅਲੀਗੜ੍ਹ (ਯੂਪੀ) (ਸਮਾਜ ਵੀਕਲੀ) : ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪਿਛਲੇ 18 ਦਿਨਾਂ ਵਿੱਚ 34 ਅਧਿਆਪਕ ਕੋਵਿਡ ਤੇ ਕੋਵਿਡ-19 ਜਿਹੇ ਲੱਛਣਾਂ ਕਰਕੇ ਮੌਤ ਦੇ ਮੂੰਹ ਪੈ ਗਏ ਹਨ। ਇਨ੍ਹਾਂ ਅਧਿਆਪਕਾਂ ਵਿੱਚੋਂ ਕੁਝ ਸੇਵਾਮੁਕਤ ਹੋ ਚੁੱਕੇ ਸਨ, ਜੋ ’ਵਰਸਿਟੀ ਕੈਂਪਸ ਤੇ ਇਸ ਦੇ ਆਲੇ ਦੁਆਲੇ ਰਹਿ ਰਹੇ ਸਨ। ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਲੰਘੇ ਦਿਨ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੂੰ ਲਿਖੇ ਪੱਤਰ ਕੈਂਪਸ ਦੇ ਆਲੇ ਦੁਆਲੇ ਫੈਲ ਚੁੱਕੇ ਕਰੋਨਾਵਾਇਰਸ ਦੇ ਇਸ ਵੇਰੀਐਂਟ (ਕਿਸਮ) ਦਾ ਅਧਿਐਨ ਕਰਵਾਉਣ ਦੀ ਅਪੀਲ ਕੀਤੀ ਹੈ।
ਉਪ ਕੁਲਪਤੀ ਤਾਰਿਕ ਮਨਸੂਰ ਨੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਪਿਛਲੇ 18 ਦਿਨਾਂ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਸੇਵਾਵਾਂ ਨਿਭਾ ਰਹੇ 16 ਅਧਿਆਪਕ ਤੇ 18 ਸੇਵਾ ਮੁਕਤ ਅਧਿਆਪਕਾਂ ਤੋਂ ਇਲਾਵਾ ਕੁਝ ਹੋਰ ਮੁਲਾਜ਼ਮ ਕਰੋਨਾ ਦੀ ਲਾਗ ਕਰਕੇ ਜਾਨ ਤੋਂ ਹੱਥ ਧੋ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਏਐੱਮਯੂ ਕੈਂਪਸ ਦੇ ਚਾਰ ਚੁਫ਼ੇਰੇ ਤੇ ਨੇੜਲੇ ਇਲਾਕਿਆਂ ਵਿੱਚ ‘ਇਕ ਖਾਸ ਕਿਸਮ ਦਾ ਵਾਇਰਸ ਫੈਲਿਆ ਹੋਇਆ ਹੈ’, ਜਿਸ ਕਰਕੇ ਇਹ ਸਾਰੀਆਂ ਮੌਤਾਂ ਹੋ ਰਹੀਆਂ ਹਨ।
ਉਪ ਕੁਲਪਤੀ ਨੇ ਜ਼ੋਰ ਦੇ ਕੇ ਆਖਿਆ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਧਿਐਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਸਥਿਤ ਮਾਈਕਰੋਬਾਇਓਲੋਜੀ ਲੈਬਾਰਟਰੀ ਵੱਲੋਂ ਨਵੀਂ ਦਿੱਲੀ ਦੇ ਇੰਸਟੀਚਿਊਟ ਆਫ਼ ਜੀਨੋਮਿਕ ਤੇ ਇੰਟੇਗਰੇਟਿਡ ਬਾਇਓਲੋਜੀ ਲੈਬਾਰਟਰੀ ਨੂੰ ਜੀਨੋਮ ਸੀਕੁਐਂਸਿੰਗ ਲਈ ਨਮੂਨੇ ਭੇਜੇ ਜਾ ਰਹੇ ਹਨ। ਇਸ ਦੌਰਾਨ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸ਼ਾਹਿਦ ਅਲੀ ਸਿੱਦਿਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਪੰਦਰਾਂ ਦਿਨਾਂ ਦੌਰਾਨ ਹਸਪਤਾਲ ਦੇ 25 ਡਾਕਟਰ ਕਰੋਨਾ ਦੀ ਲਾਗ ਲਈ ਪਾਜ਼ੇਟਿਵ ਪਾਏ ਗਏ ਹਨ। ਸਿੱਦਿਕੀ ਨੇ ਕਿਹਾ ਕਿ ਇਨ੍ਹਾਂ ’ਚੋਂ ਤਿੰਨ ਡਾਕਟਰ ਜ਼ੇਰੇ ਇਲਾਜ ਹਨ ਜਦੋਂਕਿ ਬਾਕੀ ਸਿਹਤਯਾਬ ਹੋ ਚੁੱਕੇ ਹਨ।
ਕਾਲਜ ਦੇ ਮੈਡੀਸਨ ਵਿਭਾਗ ਦੇ ਮੁਖੀ ਪ੍ਰੋ.ਸ਼ਾਦਾਬ ਖ਼ਾਨ ਦੋ ਦਿਨ ਪਹਿਲਾਂ ਕੋਵਿਡ-19 ਅੱਗੇ ਜ਼ਿੰਦਗੀ ਦੀ ਜੰਗ ਹਾਰ ਗਏ ਸਨ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਹਸਪਤਾਲ ਵਿੱਚ ਆਕਸੀਜਨ ਦੀ ਵੱਡੀ ਕਿੱਲਤ ਹੈ ਤੇ ਸਪਲਾਈ ਆਪਣੇ ਤਿੰਨ ਤਰਲ ਆਕਸੀਜਨ ਪਲਾਂਟਾਂ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਦਿਨਾਂ ਦੌਰਾਨ ਹਸਪਤਾਲ ਨੂੰ ਕੋਸ਼ਿਸ਼ਾਂ ਦੇ ਬਾਵਜੂਦ ਬਾਹਰੋਂ ਆਕਸੀਜਨ ਦਾ ਇਕ ਵੀ ਸਿਲੰਡਰ ਨਹੀਂ ਮਿਲਿਆ ਹੈ।