ਐੱਸ.ਏ.ਐੱਸ. ਨਗਰ (ਮੁਹਾਲੀ) (ਸਮਾਜ ਵੀਕਲੀ) : ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਸਹਾਇਕ ਇੰਸਪੈਕਟਰ ਜਨਰਲ (ਏਆਈਜੀ) ਆਸ਼ੀਸ਼ ਕਪੂਰ ਨੂੰ ਅੱਜ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਪੁਸ਼ਟੀ ਵਿਜੀਲੈਂਸ ਵੱਲੋਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏਆਈਜੀ ਮਨਮੋਹਨ ਕੁਮਾਰ ਨੇ ਕੀਤੀ।
ਸ੍ਰੀ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਆਸ਼ੀਸ਼ ਕਪੂਰ ਨੂੰ ਭਲਕੇ 7 ਅਕਤੂਬਰ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕਾਂਗਰਸ ਸਰਕਾਰ ਸਮੇਂ ਆਸ਼ੀਸ਼ ਕਪੂਰ ਖ਼ੁਦ ਵਿਜੀਲੈਂਸ ਵਿਭਾਗ ਦੇ ਮੁਹਾਲੀ ਸਥਿਤ ਦਫ਼ਤਰ ਵਿੱਚ ਏਆਈਜੀ ਦੇ ਅਹੁਦੇ ’ਤੇ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਕਾਫ਼ੀ ਅਧਿਕਾਰੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ ਪਰ ਅੱਜ ਉਹ ਖ਼ੁਦ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਫਸ ਗਏ। ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਦਾ ਵਿਜੀਲੈਂਸ ਦਫ਼ਤਰ ਤੋਂ ਤਬਾਦਲਾ ਹੋਇਆ ਸੀ ਅਤੇ ਇਸ ਵੇਲੇ ਉਹ ਚੌਥੀ ਆਈਆਰਬੀ ਪਠਾਨਕੋਟ ਵਿੱਚ ਕਮਾਂਡੈਂਟ ਵਜੋਂ ਤਾਇਨਾਤ ਸਨ। ਵਿਜੀਲੈਂਸ ਅਨੁਸਾਰ ਆਸ਼ੀਸ਼ ਕਪੂਰ ਨੂੰ ਵੱਖ-ਵੱਖ ਚੈੱਕਾਂ ਰਾਹੀਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਡੀਐੱਸਪੀ ਇੰਟੈਲੀਜੈਂਸ ਪਵਨ ਕੁਮਾਰ ਅਤੇ ਏਐੱਸਆਈ ਹਰਜਿੰਦਰ ਸਿੰਘ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਵਿਜੀਲੈਂਸ ਵੱਲੋਂ ਇਸ ਸਬੰਧੀ ਆਸ਼ੀਸ਼ ਕਪੂਰ ਤੋਂ ਇਲਾਵਾ ਡੀਐੱਸਪੀ ਪਵਨ ਕੁਮਾਰ ਅਤੇ ਏਐੱਸਆਈ ਹਰਜਿੰਦਰ ਸਿੰਘ ਖ਼ਿਲਾਫ਼ ਮੁਹਾਲੀ ਸਥਿਤ ਵਿਜੀਲੈਂਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਮੁਹਾਲੀ ਵਿੱਚ ਦਸਹਿਰਾ ਸਮਾਗਮ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਸੀ ਕਿ ਭ੍ਰਿਸ਼ਟਾਚਾਰੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭ੍ਰਿਸ਼ਟ ਸਿਆਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਨੂੰ ਜੇਲ੍ਹ ਜਾਣਾ ਹੀ ਪਵੇਗਾ। ਕਈ ਸਾਬਕਾ ਮੰਤਰੀਆਂ ਤੇ ਸੀਨੀਅਰ ਸਿਆਸੀ ਆਗੂਆਂ ਤੋਂ ਇਲਾਵਾ ਉੱਚ ਅਧਿਕਾਰੀ ਵੀ ਸਰਕਾਰ ਦੇ ਨਿਸ਼ਾਨੇ ’ਤੇ ਹਨ।
ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਸਾਲ 2016 ਵਿੱਚ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਜੇਲ੍ਹ ਸੁਪਰਡੈਂਟ ਵਜੋਂ ਤਾਇਨਾਤੀ ਦੌਰਾਨ ਆਸ਼ੀਸ਼ ਕਪੂਰ ਦੀ ਜਾਣ-ਪਛਾਣ ਹਰਿਆਣਾ ਦੀ ਰਹਿਣ ਵਾਲੀ ਔਰਤ ਪੂਨਮ ਰਾਜਨ ਨਾਲ ਹੋਈ ਜੋ ਕਿ ਕਿਸੇ ਕੇਸ ਤਹਿਤ ਨਿਆਂਇਕ ਹਿਰਾਸਤ ਵਿੱਚ ਜੇਲ੍ਹ ’ਚ ਬੰਦ ਸੀ। ਉਪਰੰਤ ਜਦੋਂ ਉਕਤ ਔਰਤ ਆਪਣੀ ਮਾਂ ਪ੍ਰੇਮ ਲਤਾ, ਭਰਾ ਕੁਲਦੀਪ ਸਿੰਘ ਅਤੇ ਭਰਜਾਈ ਪ੍ਰੀਤੀ ਸਮੇਤ ਸਾਲ 2018 ਵਿੱਚ ਥਾਣਾ ਜ਼ੀਰਕਪੁਰ ਵਿੱਚ ਧਾਰਾ 420/120-ਬੀ ਤਹਿਤ ਦਰਜ ਕਿਸੇ ਕੇਸ ਵਿੱਚ ਪੁਲੀਸ ਰਿਮਾਂਡ ’ਤੇ ਸੀ ਤਾਂ ਉਦੋਂ ਆਸ਼ੀਸ਼ ਕਪੂਰ ਖ਼ੁਦ ਜ਼ੀਰਕਪੁਰ ਥਾਣੇ ਪਹੁੰਚੇ ਅਤੇ ਧੋਖੇ ਨਾਲ ਉਕਤ ਔਰਤ ਦੀ ਮਾਂ ਨੂੰ ਜ਼ਮਾਨਤ ਦਿਵਾਉਣ ਤੇ ਅਦਾਲਤ ਤੋਂ ਬਰੀ ਕਰਵਾਉਣ ਲਈ ਮਦਦ ਕਰਨ ਵਾਸਤੇ ਰਾਜ਼ੀ ਕਰ ਲਿਆ।
ਇਸ ਤੋਂ ਬਾਅਦ ਆਸ਼ੀਸ਼ ਕਪੂਰ ਨੇ ਜ਼ੀਰਕਪੁਰ ਥਾਣੇ ਦੇ ਤਤਕਾਲੀ ਐੱਸਐੱਚਓ ਪਵਨ ਕੁਮਾਰ (ਹੁਣ ਡੀਐੱਸਪੀ) ਅਤੇ ਏਐੱਸਆਈ ਹਰਜਿੰਦਰ ਸਿੰਘ ਦੀ ਮਿਲੀਭੁਗਤ ਨਾਲ ਔਰਤ ਦੀ ਭਰਜਾਈ ਨੂੰ ਬੇਕਸੂਰ ਕਰਾਰ ਦੇ ਦਿੱਤਾ। ਇਸ ਦੇ ਬਦਲੇ ਵਿੱਚ ਆਸ਼ੀਸ਼ ਕਪੂਰ ਨੇ ਪ੍ਰੇਮ ਲਤਾ ਕੋਲੋਂ ਇਕ ਕਰੋੜ ਰੁਪਏ ਦੇ ਵੱਖ-ਵੱਖ ਚੈੱਕਾਂ ’ਤੇ ਦਸਤਖਤ ਕਰਵਾ ਲਏ ਅਤੇ ਇਹ ਚੈੱਕ ਆਪਣੇ ਜਾਣਕਾਰਾਂ ਦੇ ਨਾਂ ’ਤੇ ਜਮ੍ਹਾਂ ਕਰਵਾ ਕੇ ਏਐੱਸਆਈ ਹਰਜਿੰਦਰ ਸਿੰਘ ਰਾਹੀਂ ਪੈਸੇ ਪ੍ਰਾਪਤ ਕੀਤੇ। ਮੁਲਜ਼ਮਾਂ ਆਸ਼ੀਸ਼ ਕਪੂਰ, ਪਵਨ ਕੁਮਾਰ ਅਤੇ ਹਰਜਿੰਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਨਵਾਂ ਕੇਸ ਦਰਜ ਕੀਤਾ ਗਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly