ਏਅਰ ਫੋਰਸ ਸਟੇਸ਼ਨ ਨੇੜੇ 13 ਨਾਜਾਇਜ਼ ਉਸਾਰੀਆਂ ਢਾਹੀਆਂ

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਅੱਜ ਸਥਾਨਕ ਪ੍ਰਸ਼ਾਸਨ ਨੇ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਦੀ ਕੰਧ ਦੇ ਨਾਲ ਪਾਬੰਦੀਸ਼ੁਦਾ 100 ਮੀਟਰ ਦੇ ਘੇਰੇ ਵਿੱਚ ਨਾਜਾਇਜ਼ ਉਸਾਰੀਆਂ ਨੂੰ ਤੋੜਨ ਦੀ ਮੁਹਿੰਮ ਸ਼ੁਰੂ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅੱਜ 13 ਕਮਰਸ਼ੀਅਲ ਉਸਾਰੀਆਂ ਨੂੰ ਢਾਹਿਆ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਦੇ 100 ਮੀਟਰ ਦੇ ਪਾਬੰਦੀਸ਼ੁਦਾ ਘੇਰੇ ਵਿੱਚ ਨਾਜਾਇਜ਼ ਉਸਾਰੀਆਂ ਸਬੰਧੀ ਹਾਈ ਕੋਰਟ ਵਿੱਚ 19 ਫਰਵਰੀ ਨੂੰ ਸੁਣਵਾਈ ਹੋਈ ਸੀ ਅਤੇ ਨਾਜਾਇਜ਼ ਉਸਾਰੀਆਂ ਨੂੰ ਤੋੜਨ ਪ੍ਰਤੀ ਢਿੱਲ ਵਰਤ ਰਹੇ ਅਧਿਕਾਰੀਆਂ ਨੂੰ ਫਟਕਾਰ ਲਗਾਈ ਗਈ ਸੀ। ਇਸ ਮਗਰੋਂ ਅੱਜ ਸਵੇਰ 9 ਵਜੇ ਪ੍ਰਸ਼ਾਸਨਿਕ ਅਧਿਕਾਰੀ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਲਈ ਏਅਰ ਫੋਰਸ ਸਟੇਸ਼ਨ ਦੇ ਨਾਲ ਜੁੜਦੇ ਜ਼ੀਰਕਪੁਰ ਦੇ ਭਬਾਤ ਗੋਦਾਮ ਖੇਤਰ ਵਿੱਚ ਪਹੁੰਚ ਗਏ। ਪ੍ਰਸ਼ਾਸਨ ਦੇ ਅਮਲੇ ਵਿੱਚ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਇਕ ਕ੍ਰੇਨ, ਪੰਜ ਜੇਸੀਬੀ ਮਸ਼ੀਨਾਂ ਮੌਜੂਦ ਸਨ। ਇਸ ਦੌਰਾਨ ਅਮਲੇ ਵੱਲੋਂ 13 ਨਾਜਾਇਜ਼ ਗੋਦਾਮਾਂ ਨੂੰ ਜੇਸੀਬੀ ਦੀ ਮਦਦ ਨਾਲ ਤੋੜ ਦਿੱਤਾ ਗਿਆ।
ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਕੀਤੇ ਸਰਵੇ ਦੌਰਾਨ ਭਬਾਤ ਖੇਤਰ ਵਿੱਚ ਕੁੱਲ 81 ਉਸਾਰੀਆਂ ਨੂੰ ਨਾਜਾਇਜ਼ ਪਾਇਆ ਗਿਆ ਹੈ ਜਿਨ੍ਹਾਂ ਨੂੰ ਢਾਹੁਣ ਲਈ ਅੱਜ ਪਹਿਲੇ ਫੇਜ਼ ਦੌਰਾਨ 13 ਉਸਾਰੀਆਂ ਨੂੰ ਢਾਹਿਆ ਗਿਆ ਤੇ ਬਾਕੀ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਅਗਲੇ ਦਿਨਾਂ ਵਿੱਚ ਕਾਰਵਾਈ ਕੀਤੀ ਜਾਏਗੀ। ਇਨ੍ਹਾਂ ਨਾਜਾਇਜ਼ ਉਸਾਰੀਆਂ ਵਿੱਚ ਘਰ, ਦੁਕਾਨਾਂ ਤੇ ਗੋਦਾਮ ਸ਼ਾਮਲ ਹਨ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਕਿਹਾ ਕਿ ਬਾਕੀ ਨਾਜਾਇਜ਼ ਉਸਾਰੀਆਂ ਨੂੰ ਵੀ ਛੇਤੀ ਹੀ ਢਾਹ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਇਸ ਕਾਰਵਾਈ ਨੂੰ ਵੱਖ-ਵੱਖ ਫੇਜ਼ਾਂ ਵਿੱਚ ਅਮਲ ਵਿੱਚ ਲਿਆਂਦਾ ਜਾਏਗਾ।

Previous articleਚਿਨਮਯਾਨੰਦ ਕੇਸ: ਸੁਪਰੀਮ ਕੋਰਟ ਕਰ ਸਕਦੀ ਹੈ ਜ਼ਮਾਨਤ ਬਾਰੇ ਵਿਚਾਰ
Next articleਵਜ਼ੀਫ਼ਾ ਸਕੀਮ: ਸਰਕਾਰ ਵਲੋਂ ਵਿਦਿਅਕ ਅਦਾਰਿਆਂ ਨੂੰ ਤਾੜਨਾ