ਨਵੀਂ ਦਿੱਲੀ: ਕਰਜ਼ੇ ’ਚ ਡੁੱਬੀ ਏਅਰ ਇੰਡੀਆ ਨੂੰ ਚਾਲੂ ਵਿੱਤੀ ਵਰ੍ਹੇ ਦੌਰਾਨ 46 ਸੌ ਕਰੋੜ ਰੁਪਏ ਦਾ ਘਾਟਾ ਪਿਆ ਹੈ ਅਤੇ ਉਸਨੇ ਅਗਲੇ ਵਿੱਤੀ ਵਰ੍ਹੇ ਦੌਰਾਨ ਉਡਾਣਾਂ ਤੋਂ ਲਾਭ ਮਿਲਣ ਦੀ ਉਮੀਦ ਪ੍ਰਗਟਾਈ ਹੈ। ਕੰਪਨੀ ਨੂੰ ਘਾਟਾ ਪੈਣ ਪਿੱਛੇ ਕਾਰਨ ਮੁੱਖ ਕਾਰਨ ਤੇਲ ਕੀਮਤਾਂ ’ਚ ਤੇਜ਼ੀ ਅਤੇ ਵਿਦੇਸ਼ੀ ਮੁਦਰਾ ਵਟਾਂਦਰਾ ਦਰ ’ਚ ਬਦਲਾਅ ਨੂੰ ਮੰਨਿਆ ਗਿਆ ਹੈ।
ਏਅਰ ਇੰਡੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨਜ਼ ਨੂੰ ਸਾਲ 2018-19 ’ਚ 84 ਸੌ ਕਰੋੜ ਰੁਪਏ ਦਾ ਘਾਟਾ ਪਿਆ ਹੈ ਜਦਕਿ ਕੁੱਲ ਆਮਦਨ 26,400 ਕਰੋੜ ਰਹੀ ਹੈ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਏਅਰ ਇੰਡੀਆ ਨੂੰ 2019-20 ’ਚ ਏਅਰ ਇੰਡੀਆ ਨੂੰ 700 ਤੋਂ 800 ਕਰੋੜ ਰੁਪਏ ਦਾ ਲਾਹਾ ਹੋਣ ਦਾ ਅਨੁਮਾਨ ਹੈ ਜੇਕਰ ਤੇਲ ਕੀਮਤਾਂ ’ਚ ਵੱਡਾ ਵਾਧਾ ਜਾਂ ਵਿਦੇਸ਼ੀ ਮੁਦਰਾ ਵਟਾਂਦਰਾ ਦਰ (ਡਾਲਰ ਕੀਮਤਾਂ) ’ਚ ਕੋਈ ਵੱਡਾ ਉਤਰਾਅ-ਚੜ੍ਹਾਅ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਏਅਰਲਾਈਨਜ਼ ਨੂੰ ਜੂਨ ਵਿੱਚ ਸਮਾਪਤ ਤਿਮਾਹੀ ਦੌਰਾਨ 175 ਤੋਂ 200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦਾ ਕਾਰਨ ਭਾਰਤੀ ਜਹਾਜ਼ਾਂ ਲਈ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣਾ ਸੀ। ਇਸ ਕਾਰਨ ਕੰਪਨੀ ਦੀ ਲਾਗਤ ਵਧੀ ਅਤੇ ਰੋਜ਼ਾਨਾ 3 ਤੋਂ 4 ਕਰੋੜ ਰੁਪਏ ਦਾ ਨੁਕਸਾਨ ਹੋਇਆ ਪਰ ਆਉਣ ਵਾਲੇ ਸਮੇਂ ’ਚ ਕੰਪਨੀ ਨੂੰ ਵੱਡੇ ਜਹਾਜ਼ ਮਿਲਣ ਸਦਕਾ ਲਾਭ ਹੋਣ ਦੀ ਉਮੀਦ ਹੈ।
ਹਵਾਈ ਅਮਲੇ ਨੂੰ ਹਲਕਾ ਭੋਜਨ ਦੇਣ ਦਾ ਐਲਾਨ
ਏਅਰ ਇੰਡੀਆ ਨੇ ਆਪਣੇ ਹਵਾਈ ਅਮਲੇ ਦੀ ਸਿਹਤ ’ਚ ਸੁਧਾਰ ਲਈ ਖਾਣ-ਪੀਣ ਵਾਲੇ ਸਾਮਾਨ ਦੇ ਸੂਚੀ ਵਿੱਚ ਬਦਲਾਅ ਕਰਦਿਆਂ ਘੱਟ ਫੈਟ ਵਾਲਾ ਭੋਜਨ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਅਨੁਸਾਰ ਇਸ ਵਿੱਚ ਤਲੀ ਹੋਈ ਪਾਲਕ, ਟਿੱਕੀ, ਪਾਲਕ ਮਟਰ ਭੁਰਜੀ, ਟਿੰਡਾ ਮਸਾਲਾ ਅਤੇ ਦਾਲ ਮਲਕਾ ਮਸੂਰ ਆਦਿ ਸ਼ਾਮਲ ਹੋਣਗੇ। ਫਿਲਹਾਲ ਇਹ ਬਦਲਾਅ ਸਿਰਫ ਦਿੱਲੀ ਤੇ ਮੁੰਬਈ ਤੋਂ ਚੱਲਣ ਵਾਲੀਆਂ ਉਡਾਣਾਂ ਦੇ ਅਮਲੇ ਲਈ ਕੀਤਾ ਗਿਆ ਹੈ ਜੋ ਕਿ 15 ਸਤੰਬਰ ਤੋਂ ਲਾਗੂ ਹੋਵੇਗਾ।