ਲੰਡਨ (ਸਮਾਜ ਵੀਕਲੀ) – ਸੇਵਾ ਟਰੱਸਟ ਯੂ. ਕੇ. ਅਤੇ ਸਿੰਘ ਸਭਾ ਸਾਊਥਹਾਲ ਦੇ ਸੀਨੀਅਰ ਨੁਮਾਇੰਦਿਆਂ ਦੀ ਏਅਰ ਇੰਡੀਆ ਨਾਲ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਪਾਰਕ ਐਵੀਨਿਊ ਵਿਖੇ ਹੋਈ। ਮੀਟਿੰਗ ਵਿੱਚ ਸੇਵਾ ਟਰੱਸਟ ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ, ਸਿੰਘ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਏਅਰ ਇੰਡੀਆ ਦੇ ਹੀਥਰੋ ਅਤੇ ਸਟੇਨਸਟੈਡ ਹਵਾਈ ਅੱਡਿਆਂ ਦੇ ਮੈਨੇਜਰ ਅਨਿਲ ਮਾਥਿਨ ਅਤੇ ਰਾਜ ਮਲਹੋਤਰਾ ਨੇ ਭਾਗ ਲਿਆ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਅਨਿਲ ਮਾਥਿਨ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੂਰਬ ਤੇ ਏਅਰ ਇੰਡੀਆਂ ਵਲੋਂ ਸਟੇਨਸਟੈਡ ਹਵਾਈ ਅੱਡੇ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਜੋ ਸਿੱਧੀ ਉਡਾਣ ਸ਼ੁਰੂ ਕੀਤੀ ਗਈ ਸੀ, ਦੇ ਬਾਰੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਦਕਿ ਏਅਰ ਇੰਡੀਆ ਵਲੋਂ ਇਸ ਉਡਾਣ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਹਵਾਈ ਰੂਟ ਦੀ ਸਫ਼ਲਤਾ ਸਵਾਰੀਆਂ ਦੀ ਗਿਣਤੀ ਤੇ ਵੀ ਨਿਰਭਰ ਹੁੰਦੀ ਹੈ ਕਿ ਕਿੰਨੀ ਮਾਤਰਾ ਵਿੱਚ ਸਵਾਰੀਆਂ ਸਫ਼ਰ ਕਰ ਰਹੀਆਂ ਹਨ।
ਉਹਨਾਂ ਸਮੂਹ ਸੰਗਤਾਂ ਦੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਫਲਾਈਟ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਯਾਤਰੀ ਸਫ਼ਰ ਕਰਨ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦੁਨੀਆਂ ਦੀ ਪਹਿਲੀ ਅਤੇ ਇੱਕੋ- ਇੱਕ ਏਅਰਲਾਈਨ ਹੈ ਜਿਸ ਨੇ ਜਹਾਜ਼ ਤੇ ਇੱਕ ਓਂਕਾਰ ਦਾ ਚਿੰਨ੍ਹ ਲਗਾ ਕੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਅਤੇ ਸਮੂਹ ਸਿੱਖ ਕਮਿਊਨਿਟੀ ਦਾ ਸਨਮਾਨ ਕਰਦੀ ਹੈ ਅਤੇ ਅਗਾਂਹ ਤੋਂ ਵੀ ਵਧੀਆਂ ਸੇਵਾਵਾਂ ਲਈ ਵਚਨਬੱਧ ਹੈ।
ਇਸ ਮੌਕੇ ਕੌਂਸਲਰ ਸੇਖੋਂ ਅਤੇ ਸ. ਮੱਲੀ ਨੇ ਹੀਥਰੋ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਸੰਬੰਧੀ ਤੱਥ ਸਾਂਝੇ ਕੀਤੇ। ਉਹਨਾਂ ਪੰਜਾਬੀ ਅਤੇ ਸਿੱਖ ਭਾਈਚਾਰੇ ਵੱਲੋਂ ਵੱਡੇ ਪੱਧਰ ’ਤੇ ਉੱਠ ਰਹੀ ਇਸ ਮੰਗ ਤੋਂ ਜਾਣੂ ਕਰਵਾਇਆ ਕਿ ਹੀਥਰੋ ਤੋਂ ਏਅਰ ਇੰਡੀਆ ਨੁੰ ਸਟੈਨਸਟਿੱਡ ਨਾਲੋਂ ਵੱਧ ਸਵਾਰੀਆਂ ਮਿਲਣਗੀਆਂ ਅਤੇ ਅਮਰੀਕਾ, ਕੈਨੇਡਾ, ਯੂਰਪ ਤੋਂ ਆਉਣ ਵਾਲੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਵੀ ਇਸ ਫਲਾਈਟ ਦਾ ਲਾਭ ਮਿਲੇਗਾ। ਇਸ ਨਾਲ ਏਅਰ ਇੰਡੀਆ ਦੀ ਆਮਦਨ ਵੀ ਵਧੇਗੀ। ਉਕਤ ਅਧਿਕਾਰੀਆਂ ਨੇ ਕਿਹਾ ਕਿ ਉਹ ਪੰਜਾਬੀਆਂ ਦੀ ਇਸ ਮੰਗ ਨੂੰ ਮੁੜ ਸੀਨੀਅਰ ਅਧਿਕਾਰੀਆਂ ਨਾਲ ਸਾਂਝੀ ਕਰਨਗੇ।
ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਗੁਰਮੇਲ ਸਿੰਘ ਮੱਲ੍ਹੀ ਨੇ ਕਿਹਾ ਕਿ ਉਹ ਏਅਰ ਇੰਡੀਆ ਦਾ ਸਹਿਯੋਗ ਲਈ ਧੰਨਵਾਦ ਕਰਦੇ ਹਨ। ਉਨ੍ਹਾਂ ਸੇਵਾ ਟਰੱਸਟ ਵੱਲੋਂ ਅਤੇ ਹੋਰਨਾਂ ਸਾਰੀਆਂ ਸੰਸਥਾਵਾਂ, ਨੁਮਾਇੰਦਿਆਂ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਵੀ ਧੰਨਵਾਦ ਕੀਤਾ।
ਏਅਰ ਇੰਡੀਆ ਦੇ ਸੀਨੀਅਰ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਸੇਖੋਂ ਨੇ ਕਿਹਾ ਕਿ ਉਹ ਸੇਵਾ ਟਰੱਸਟ ਦੇ ਸੱਦੇ ’ਤੇ ਸਾਊਥਹਾਲ ਗੁਰੂਦੁਆਰਾ ਸਾਹਿਬ ਵਿੱਚ ਮੀਟਿੰਗ ਲਈ ਉਚੇਚੇ ਤੌਰ ’ਤੇ ਪਹੁੰਚੇ ਹਨ। ਉਨ੍ਹਾਂ ਪ੍ਰਧਾਨ ਮੱਲ੍ਹੀ ਅਤੇ ਸਮੂਹ ਸਾਊਥਹਾਲ ਗੁਰੂ ਘਰ ਕਮੇਟੀ ਦਾ ਧੰਨਵਾਦ ਕੀਤਾ ਜੋ ਸੇਵਾ ਟਰੱਸਟ ਅਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਿੱਧੀ ਉਡਾਣ ਲਈ ਆਰੰਭੇ ਸਾਂਝੇ ਯਤਨਾਂ ਨੂੰ ਲਗਾਤਾਰ ਸਹਿਯੋਗ ਦਿੰਦੇ ਆ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਨਿਲ ਮਾਥਿਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਨਵੀਂ ਉਡਾਣ ਸ਼ੁਰੂ ਹੋਣ ਦੇ ਪ੍ਰਬੰਧਾਂ ਵਿੱਚ ਖਾਸ ਭੂਮਿਕਾ ਨਿਭਾਈ ਹੈ।
ਏਅਰ ਇੰਡੀਆ ਦੇ ਨੁਮਾਇੰਦਿਆਂ ਦਾ ਲੰਡਨ ਤੋਂ ਅੰਮ੍ਰਿਤਸਰ ਸਿੱਧੀ ਉਡਾਨ ਸ਼ੁਰੂ ਕਰਨ ਵਿੱਚ ਕੀਤੇ ਸਹਿਯੋਗ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਏਅਰ ਇੰਡੀਆ ਦੇ ਮੈਨੇਜਰ ਟੀਨਾ ਸਿੰਘ ਵੀ ਹਾਜ਼ਰ ਸਨ।