ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਹੈ ਕਿ ਸੱਤਾ ’ਚ ਭਾਈਵਾਲੀ ਦਾ 50-50 ਫਾਰਮੂਲਾ ਲਾਗੂ ਕਰਨ ਦਾ ਵੇਲਾ ਆ ਗਿਆ ਹੈ। ਉਨ੍ਹਾਂ ਸੰਕੇਤ ਦਿੱਤੇ ਕਿ ਮਹਾਰਾਸ਼ਟਰ ’ਚ ਸਰਕਾਰ ਦੇ ਗਠਨ ਸਮੇਂ ਉਹ ਭਾਈਵਾਲ ਪਾਰਟੀ ਭਾਜਪਾ ਨਾਲ ਬਰਾਬਰ ਦੀ ਹਿੱਸੇਦਾਰੀ ’ਤੇ ਜ਼ੋਰ ਦੇਣਗੇ। ਭਾਜਪਾ-ਸ਼ਿਵ ਸੈਨਾ ਗੱਠਜੋੜ ਨੂੰ ਮਹਾਰਾਸ਼ਟਰ ’ਚ ਭਾਵੇਂ ਮੁੜ ਸਰਕਾਰ ਬਣਾਉਣ ਲਈ ਬਹੁਮਤ ਮਿਲ ਗਿਆ ਹੈ ਪਰ ਭਾਜਪਾ ਮਿੱਥੇ ਟੀਚੇ ਮੁਤਾਬਕ ਸੀਟਾਂ ਹਾਸਲ ਕਰਨ ’ਚ ਨਾਕਾਮ ਰਹੀ ਹੈ ਜਿਸ ਕਾਰਨ ਸ਼ਿਵ ਸੈਨਾ ਦਾ ਹੱਥ ਉਪਰ ਹੋ ਗਿਆ ਹੈ।
ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕਿਹੜੀ ਪਾਰਟੀ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ ਤਾਂ ਠਾਕਰੇ ਨੇ ਕਿਹਾ,‘‘ਇਹ ਭਾਜਪਾ ਨੂੰ ਚੇਤੇ ਕਰਾਉਣ ਦਾ ਸਮਾਂ ਹੈ ਕਿ ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਮੇਰੇ ਘਰ ਆਏ ਸਨ ਤਾਂ ਅਸੀਂ 50-50 ਫਾਰਮੂਲੇ ਦਾ ਫ਼ੈਸਲਾ ਲਿਆ ਸੀ।’’
ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਭਾਜਪਾ ਤੋਂ ਘੱਟ ਸੀਟਾਂ ’ਤੇ ਲੜਨ ਲਈ ਸਹਿਮਤ ਹੋ ਗਏ ਸਨ ਪਰ ਭਾਜਪਾ ਨੂੰ ਹਰ ਵਾਰੀ ਇਹ ਮੌਕਾ ਨਹੀਂ ਮਿਲੇਗਾ। ‘ਮੈਂ ਵੀ ਆਪਣੀ ਪਾਰਟੀ (ਸ਼ਿਵ ਸੈਨਾ) ਨੂੰ ਵਧਿਆ-ਫੁਲਿਆ ਦੇਖਣਾ ਚਾਹੁੰਦਾ ਹਾਂ।’ ਸ਼ਿਵ ਸੈਨਾ ਮੁਖੀ ਨੇ ਕਿਹਾ ਕਿ ਉਹ ਨਤੀਜਿਆਂ ਬਾਰੇ ਪਾਰਟੀ ਅਤੇ ਭਾਜਪਾ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨਗੇ ਅਤੇ ਸੱਤਾ ’ਚ ਬਰਾਬਰ ਹਿੱਸੇਦਾਰੀ ਦਾ ਫਾਰਮੂਲਾ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਾਉਣ ਦੀ ਕੋਸ਼ਿਸ਼ ਕਰਨਗੇ। ਕਾਂਗਰਸ-ਐੱਨਸੀਪੀ ਦੇ ਬਿਹਤਰ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਹੁਣ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਤੇ ਸਵਾਲ ਖੜ੍ਹੇ ਨਹੀਂ ਕਰਨਗੀਆਂ।
HOME ਊਧਵ ਵੱਲੋਂ ਸੱਤਾ ’ਚ ਬਰਾਬਰ ਦੀ ਹਿੱਸੇਦਾਰੀ ’ਤੇ ਜ਼ੋਰ