ਮੁੰਬਈ (ਸਮਾਜਵੀਕਲੀ) :ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸੋਮਵਾਰ ਨੂੰ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਸਹੁੰ ਚੁੱਕੀ। ਦੱਖਣੀ ਮੁੰਬਈ ਸਥਿਤ ਵਿਧਾਨ ਭਵਨ ਵਿੱਚ ਹੋਏ ਸਮਾਗਮ ਦੌਰਾਨ ਪ੍ਰੀਸ਼ਦ ਦੇ ਚੇਅਰਮੈਨ ਰਾਮਰਾਜੇ ਨਾਇਕ ਨਿੰਬਲਕਰ ਵਲੋਂ ਠਾਕਰੇ ਅਤੇ ਅੱਠ ਹੋਰ ਮੈਂਬਰਾਂ ਨੂੰ ਸਹੁੰ ਚੁਕਾਈ ਗਈ, ਜੋ 14 ਮਈ ਨੂੰ ਨਿਰਵਿਰੋਧ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ ਸਨ।
ਹਲਫ਼ ਲੈਣ ਵਾਲਿਆਂ ਵਿੱਚ ਪ੍ਰੀਸ਼ਦ ਦੇ ਡਿਪਟੀ ਚੇਅਰਪਰਸਨ ਅਤੇ ਸ਼ਿਵ ਸੈਨਾ ਆਗੂ ਨੀਲਮ ਗੋਰਹੇ, ਭਾਜਪਾ ਦੇ ਚਾਰ ਉਮੀਦਵਾਰ ਰਣਜੀਤਸਿੰਹ ਮੋਹਿਤ ਪਾਟਿਲ, ਗੋਪੀਚੰਦ ਪਦਲਕਰ, ਪ੍ਰਵੀਨ ਦੱਤਕੇ ਅਤੇ ਰਮੇਸ਼ ਕਰਦ, ਐੱਨਸੀਪੀ ਦੇ ਸ਼ਸ਼ੀਕਾਂਤ ਸ਼ਿੰਦੇ ਤੇ ਅਮੋਲ ਮਿਟਕਾਰੀ ਅਤੇ ਕਾਂਗਰਸ ਦੇ ਰਾਜੇਸ਼ ਰਾਠੌੜ ਸ਼ਾਮਲ ਹਨ। ਵਿਧਾਨ ਪ੍ਰੀਸ਼ਦ ਦੀਆਂ ਨੌਂ ਸੀਟਾਂ 24 ਅਪਰੈਲ ਨੂੰ ਖਾਲੀ ਹੋਈਆਂ ਸਨ।