ਰਾਜ ਸਭਾ ’ਚ ਨਾਗਰਿਕਤਾ ਸੋਧ ਬਿੱਲ ਦੀ ਅਜ਼ਮਾਿੲਸ਼ ਅੱਜ
ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ;
ਹੋਰਨਾਂ ਸੂਬਿਆਂ ’ਚ ਵੀ ਰੋਸ ਮੁਜ਼ਾਹਰੇ
ਲੋਕ ਸਭਾ ਵਿੱਚ ਬੀਤੇ ਦਿਨ ਪਾਸ ਕੀਤੇ ਗਏ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅੱਜ ਉੱਤਰ-ਪੂਰਬ ਦੇ ਵਧੇਰੇ ਹਿੱਸਿਆਂ ’ਚ ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਤੇ ਖੱਬੇਪੱਖੀ ਤੇ ਜਮਹੂਰੀ ਜਥੇਬੰਦੀਆਂ ਦੀ ਅਗਵਾਈ ਹੇਠ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ। ਲੋਕ ਸਭਾ ’ਚ ਪਾਸ ਹੋਣ ਮਗਰੋਂ ਹੁਣ ਨਾਗਰਿਕਤਾ ਸੋਧ ਬਿੱਲ ਭਲਕੇ 11 ਦਸੰਬਰ ਨੂੰ ਬਹਿਸ ਲਈ ਰਾਜ ਸਭ ਵਿੱਚ ਪੇਸ਼ ਕੀਤਾ ਜਾਵੇਗਾ ਪਰ ਇਸ ਤੋਂ ਇੱਕ ਦਿਨ ਪਹਿਲਾਂ ਹੀ ਅਸਾਮ ਸਟੂਡੈਂਟਸ ਯੂਨੀਅਨ ਅਤੇ ਉੱਤਰ-ਪੂਰਬ ਵਿਦਿਆਰਥੀ ਜਥੇਬੰਦੀ (ਨੈਸੋ) ਦੀ ਅਗਵਾਈ ਹੇਠ ਕੀਤੇ ਗਏ ਬੰਦ ਕਾਰਨ ਅਸਾਮ ਦੀ ਬ੍ਰਹਮਪੁੱਤਰ ਘਾਟੀ ’ਚ ਆਮ ਜੀਵਨ ਲੀਹੋਂ ਲੱਥ ਗਿਆ ਹੈ।
ਮੁਜ਼ਾਹਰਾਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਦੇ ਪੁਤਲੇ ਵੀ ਸਾੜੇ। ਉੱਤਰ ਪੂਰਬੀ ਸੂਬਿਆਂ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ ਹਨ।
ਇਸ ਹੜਤਾਲ ਨੂੰ ਖੱਬੇਪੱਖੀ ਜਥੇਬੰਦੀਆਂ ਐੱਸਐੱਫਆਈ, ਡੀਵਾਈਐੱਫਆਈ, ਏਆਈਡੀਡਬਲਿਊਏ, ਏਆਈਐੱਸਐੱਫ ਅਤੇ ਆਇਸਾ ਦੀ ਹਮਾਇਤ ਹਾਸਲ ਹੈ। ਗੁਹਾਟੀ ਦੇ ਵੱਖ ਵੱਖ ਇਲਾਕਿਆਂ ’ਚ ਵੱਡੇ ਪੱਧਰ ’ਤੇ ਲੋਕਾਂ ਨੇ ਰੋਸ ਮੁਜ਼ਾਹਰੇ ਕਰਦਿਆਂ ਇਸ ਬਿੱਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਸਾਮ ਵਿੱਚ ਵਿਧਾਨ ਸਭਾਵਾਂ ਤੇ ਸਕੱਤਰੇਤ ਦੀਆਂ ਇਮਾਰਤਾਂ ਦੇ ਬਾਹਰ ਮੁਜ਼ਾਹਰਾਕਾਰੀਆਂ ਦੀਆਂ ਸੁਰੱਖਿਆ ਬਲਾਂ ਨਾਲ ਝੜਪਾਂ ਵੀ ਹੋਈਆਂ। ਡਿਬਰੂਗੜ੍ਹ ਜ਼ਿਲ੍ਹੇ ’ਚ ਮੁਜ਼ਾਹਰਾਕਾਰੀਆਂ ਦੀ ਸੀਆਈਐੱਸਐੱਫ ਮੁਲਾਜ਼ਮਾਂ ਨਾਲ ਝੜਪ ਹੋ ਗਈ, ਜਿਸ ’ਚ ਤਿੰਨ ਮੁਜ਼ਾਹਰਾਕਾਰੀ ਜ਼ਖ਼ਮੀ ਹੋ ਗਏ। ਰੇਲਵੇ ਨੇ ਦੱਸਿਆ ਕਿ ਅੱਜ ਸਾਰੇ ਅਸਾਮ ’ਚ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਬੰਦ ਕਾਰਨ ਯੂਨੀਵਰਸਿਟੀਆਂ ਵੱਲੋਂ ਆਪਣੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਹੜਤਾਲ ਦਾ ਥੋੜ੍ਹਾ ਬਹੁਤਾ ਅਸਰ ਬੰਗਾਲੀ ਪ੍ਰਭਾਵ ਵਾਲੀ ਬਰਾਕ ਘਾਟੀ ’ਤੇ ਵੀ ਦਿਖਾਈ ਦਿੱਤਾ।
ਪੁਲੀਸ ਨੇ ਦੱਸਿਆ ਕਿ ਧਲਾਈ ਜ਼ਿਲ੍ਹੇ ’ਚ ਨੈਸੋ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਪ੍ਰਦਰਸ਼ਨਕਾਰੀ ਨੇ ਇੱਕ ਬਾਜ਼ਾਰ ਨੂੰ ਅੱਗ ਲਗਾ ਦਿੱਤੀ, ਜਿੱਥੇ ਬਹੁਤੀਆਂ ਦੁਕਾਨਾਂ ਗ਼ੈਰ-ਕਬਾਇਲੀ ਲੋਕਾਂ ਦੀਆਂ ਸਨ ਹਾਲਾਂਕਿ ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬੰਦ ਕਾਰਨ ਧਲਾਈ, ਪੱਛਮੀ ਤ੍ਰਿਪੁਰਾ ਅਤੇ ਖੋਵਾਈ ਜ਼ਿਲ੍ਹਿਆਂ ’ਚ ਜੀਵਨ ਪ੍ਰਭਾਵਿਤ ਰਿਹਾ।
ਅਰੁਣਾਚਲ ਪ੍ਰਦੇਸ਼ ’ਚ ਆਲ ਅਰੁਣਾਚਲ ਪ੍ਰਦੇਸ਼ ਸਟੂਡੈਂਟਸ ਯੂਨੀਅਨ (ਏਏਪੀਐੱਯੂ) ਦੇ ਸੱਦੇ ’ਤੇ ਬੰਦ ਦੇ ਸੱਦੇ ਦੌਰਾਨ ਸਾਰੀਆਂ ਵਿਦਿਅਕ ਸੰਸਥਾਵਾਂ, ਬੈਂਕਾਂ, ਕਾਰੋਬਾਰੀ ਅਦਾਰੇ ਅਤੇ ਬਾਜ਼ਾਰ ਬੰਦ ਰਹੇ। ਸਰਕਾਰੀ ਦਫਤਰਾਂ ’ਚ ਮੁਲਾਜ਼ਮਾਂ ਦੀ ਹਾਜ਼ਰੀ ਵੀ ਨਾਂ ਦੇ ਬਰਾਬਰ ਰਹੀ। ਆਲ ਮਨੀਪੁਰ ਵਿਦਿਆਰਥੀ ਯੂਨੀਅਨ ਦੇ ਸੱਦੇ ’ਤੇ ਮਨੀਪੁਰ ’ਚ ਵੀ ਮੁਕੰਮਲ ਬੰਦ ਰਿਹਾ। ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ’ਚ ਪ੍ਰਦਰਸ਼ਨਕਾਰੀਆਂ ਨੇ ਟਾਇਰਾਂ ਨੂੰ ਅੱਗ ਲਾਈ ਤੇ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਪੂਰਬੀ ਖਾਲੀ ਪਹਾੜੀ ਜ਼ਿਲ੍ਹੇ ਦੇ ਮਵਲਾਈ ਖੇਤਰ ’ਚ ਮੁਜ਼ਾਹਰਾਕਾਰੀਆਂ ਨੇ ਪੁਲੀਸ ਦੇ ਵਾਹਨਾਂ ’ਤੇ ਪੈਟਰੋਲ ਬੰਬ ਸੁੱਟੇ। ਅਧਿਕਾਰੀਆਂ ਨੇ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ’ਚ ਵਾਧੂ ਪੁਲੀਸ ਤੇ ਸੀਆਰਪੀਐੱਫ ਦੇ ਦਸਤੇ ਭੇਜੇ ਗਏ ਹਨ।