ਚੰਡੀਗੜ੍ਹ, (ਸਮਾਜਵੀਕਲੀ) : ਉੱਤਰੀ ਭਾਰਤ ਵਿੱਚ ਮੌਨਸੂਨ ਮੁੜ ਸਰਗਰਮ ਹੋ ਗਈ ਹੈ। ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਜ ਸ਼ਾਮ ਨੂੰ ਪਏ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਅਤੇ ਲੋਕਾਂ ਨੇ ਪੈ ਰਹੀ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਹਰਿਆਣਾ, ਦਿੱਲੀ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਕੁੱਝ ਥਾਵਾਂ ’ਤੇ ਅਗਲੇ 24 ਘੰਟਿਆਂ ਤੱਕ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਦੋਂਕਿ ਪੰਜਾਬ ਵਿੱਚ 10, 11 ਅਤੇ 12 ਜੁਲਾਈ ਨੂੰ ਮੀਂਹ ਪੈਣ ਦੇ ਆਸਾਰ ਹਨ।
ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਸ਼ਾਮ ਸਮੇਂ ਭਾਰੀ ਮੀਂਹ ਪਿਆ। ਇਹ ਮੌਨਸੂਨ ਦੇ ਦਸਤਕ ਦੇਣ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਮੀਂਹ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 52.4 ਐੱਮਐੱਮ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਤਾਪਮਾਨ ਵੀ ਹੇਠਾਂ ਚਲਾ ਗਿਆ। ਚੰਡੀਗੜ੍ਹ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 35.5 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਚੰਡੀਗੜ੍ਹ ਦੇ ਨਾਲ ਲਗਦੇ ਸ਼ਹਿਰ ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਦੇਰ ਸ਼ਾਮ ਕਾਫ਼ੀ ਮੀਂਹ ਪਿਆ ਹੈ, ਜਿਸ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ। ਹਾਲਾਂਕਿ ਲੁਧਿਆਣਾ ਅਤੇ ਜਲੰਧਰ ਇਲਾਕੇ ਵਿੱਚ ਲੰਘੀ ਰਾਤ 10 ਐੱਮਐੱਮ ਮੀਂਹ ਦਰਜ ਕੀਤਾ ਗਿਆ। ਹਰਿਆਣਾ ਦੇ ਰੋਹਤਕ ਅਤੇ ਝੱਜਰ ਇਲਾਕੇ ਵਿੱਚ ਮੀਂਹ ਪਿਆ। ਮੀਂਹ ਕਾਰਨ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਠੰਢੀਆਂ ਹਵਾਵਾਂ ਸ਼ੁਰੂ ਹੋ ਗਈਆਂ। ਮੌਸਮ ਵਿਭਾਗ ਨੇ 10, 11 ਅਤੇ 12 ਜੁਲਾਈ ਨੂੰ ਪੰਜਾਬ ਭਰ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਅੰਮ੍ਰਿਤਸਰ ਵਿੱਚ ਅੱਜ ਘੱਟ ਤੋਂ ਘੱਟ 28.2 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 35.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ਵਿੱਚ ਹੇਠਲਾ ਤਾਪਮਾਨ 24.4 ਡਿਗਰੀ ਅਤੇ ਉਪਰਲਾ 35.7, ਡਿਗਰੀ, ਪਟਿਆਲਾ ਵਿੱਚ ਘੱਟ ਤੋਂ ਘੱਟ 27.9 ਡਿਗਰੀ ਅਤੇ ਵੱਧ ਤੋਂ ਵੱਧ 35.2 ਡਿਗਰੀ ਤਾਪਮਾਨ ਰਿਹਾ।
ਰਾਜਸਥਾਨ ਦੇ ਭਾਰਤਪੁਰ ਦੇ ਬਿਅਾਨਾ ਵਿੱਚ ਸਭ ਤੋਂ ਵੱਧ 103 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਰਾਜਸਥਾਨ ਦੇ ਗੋਗੁੰਡਾ (ਉਦੈਪੁਰ), ਨਾਥਵਾੜਾ ਅਤੇ ਬਾਕਨੀ ਵਿੱਚ ਕ੍ਰਮਵਾਰ 66, 65 ਅਤੇ 63 ਐਮਐੱਮ ਮੀਂਹ ਰਿਕਾਰਡ ਕੀਤਾ ਗਿਆ।