ਉੱਤਰਾਖੰਡ ’ਚ ਢਿੱਗਾਂ ਡਿੱਗਣ ਕਾਰਨ ਪਰਿਵਾਰ ਦੇ 7 ਜੀਆਂ ਦੀ ਮੌਤ

ਉੱਤਰਾਖੰਡ ਦੇ ਟੀਹਰੀ ਜ਼ਿਲ੍ਹੇ ਵਿੱਚ ਅੱਜ ਜ਼ੋਰਦਾਰ ਬਾਰਸ਼ਾਂ ਕਾਰਨ ਢਿੱਗਾਂ ਖਿਸਕਣ ਦੇ ਸਿੱਟੇ ਵਜੋਂ ਇਕ ਪਰਿਵਾਰ ਦੇ ਸੱਤ ਜੀਅ ਮਲਬੇ ਹੇਠ ਜ਼ਿੰਦਾ ਦਫ਼ਨ ਹੋ ਗਏ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਸਨ। ਟੀਹਰੀ ਦੀ ਜ਼ਿਲ੍ਹਾ ਮੈਜਿਸਟਰੇਟ ਸੋਨਿਕਾ ਨੇ ਦੱਸਿਆ ਕਿ ਇਹ ਘਟਨਾ ਪਿੰਡ ਕੋਟ ਵਿੱਚ ਵਾਪਰੀ, ਜਦੋਂਕਿ ਇਸ ਦੌਰਾਨ ਦਸ ਸਾਲ ਦੀ ਇਕ ਕੁੜੀ ਨੂੰ ਬਚਾ ਲਿਆ ਗਿਆ। ਮ੍ਰਿਤਕਾਂ ਵਿੱਚ ਇਕ ਗਰਭਵਤੀ ਔਰਤ ਵੀ ਸ਼ਾਮਲ ਸੀ। ਘਟਨਾ ਤੜਕੇ ਕਰੀਬ 4 ਵਜੇ ਵਾਪਰੀ ਜਦੋਂ ਸਾਰਾ ਟੱਬਰ ਸੁੱਤਾ ਪਿਆ ਸੀ। ਘਟਨਾ ਵਾਪਰਦੇ ਸਾਰ ਹੀ ਪਿੰਡ ਵਾਸੀ ਪਿੰਡ ਦੇ ਬਾਹਰਵਾਰ ਸਥਿਤ ਇਸ ਘਰ ਵਿੱਚ ਬਚਾਅ ਕਾਰਜਾਂ ’ਚ ਜੁੱਟ ਗਏ। ਇਸ ਦੌਰਾਨ ਦਸ ਸਾਲਾ ਬਬਲੀ ਨੂੰ ਬਚਾ ਲਿਆ ਗਿਆ। ਉਸ ਦੇ ਪੈਰਾਂ ਉਤੇ ਸੱਟਾਂ ਲੱਗੀਆਂ ਹਨ। ਬਾਅਦ ਵਿੱਚ ਸੱਤ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਮਲਬੇ ਹੇਠੋਂ ਕੱਢ ਲਿਆ ਗਿਆ। ਮ੍ਰਿਤਕਾਂ ਦੀ ਪਛਾਣ ਮੋਰ ਸਿੰਘ (32), ਸੰਜੂ ਦੇਵੀ (30), ਲੱਛਮੀ ਦੇਵੀ (25), ਹੰਸਾ ਦੇਵੀ (28), ਅਤੁਲ (8), ਆਸ਼ੀਸ਼ (10) ਅਤੇ ਸਵਾਤੀ (3) ਵਜੋਂ ਹੋਈ ਹੈ। ਹੰਸਾ ਦੇਵੀ ਗਰਭਵਤੀ ਸੀ।

Previous articleਸ਼ੋਪੀਆਂ ’ਚ ਅਤਿਵਾਦੀਆਂ ਵੱਲੋਂ ਚਾਰ ਪੁਲੀਸ ਮੁਲਾਜ਼ਮ ਸ਼ਹੀਦ
Next articleਇਨਸਾਫ ਲੈਣ ਵਾਸਤੇ ਟੈਂਕੀ ’ਤੇ ਚੜ੍ਹਿਆ ਪੀੜਤ