ਉੱਤਰਾਖੰਡ ਦੇ ਮੀਂਹ ਪ੍ਰਭਾਵਿਤ ਉੱਤਰਕਾਸ਼ੀ ਜ਼ਿਲ੍ਹੇ ’ਚ ਰਾਹਤ ਅਤੇ ਬਚਾਅ ਕਾਰਜਾਂ ’ਚ ਜੁਟੇ ਹੈਲੀਕਾਪਟਰ ਦੇ ਬੁੱਧਵਾਰ ਨੂੰ ਡਿੱਗਣ ਕਰਕੇ ਉਸ ’ਚ ਸਵਾਰ ਸਾਰੇ ਤਿੰਨ ਵਿਅਕਤੀ ਮਾਰੇ ਗਏ। ਉੱਤਰਾਖੰਡ ਦੇ ਡੀਜੀ (ਅਮਨ ਕਾਨੂੰਨ) ਅਸ਼ੋਕ ਕੁਮਾਰ ਨੇ ਕਿਹਾ ਕਿ ਪ੍ਰਾਈਵੇਟ ਹੈਲੀਕਾਪਟਰ ’ਚ ਪਾਇਲਟ, ਸਹਿ-ਪਾਇਲਟ ਅਤੇ ਇਕ ਸਥਾਨਕ ਵਿਅਕਤੀ ਸਵਾਰ ਸਨ। ਮ੍ਰਿਤਕਾਂ ਦੀ ਪਛਾਣ ਕੈਪਟਨ ਲਾਲ, ਕੈਪਟਨ ਸ਼ੈਲੇਸ਼ ਅਤੇ ਰਾਜਪਾਲ ਰਾਣਾ ਵਜੋਂ ਹੋਈ ਹੈ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਟਵੀਟ ਕਰਕੇ ਮੌਤਾਂ ’ਤੇ ਦੁੱਖ ਪ੍ਰਗਟਾਇਆ ਅਤੇ ਤਿੰਨਾਂ ਦੇ ਨਜ਼ਦੀਕੀਆਂ ਨੂੰ 15-15 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਹੈਲੀਕਾਪਟਰ ਮੋਲਦੀ ਨੇੜੇ ਤਾਰਾਂ ’ਚ ਉਲਝ ਗਿਆ ਜਿਸ ਕਾਰਨ ਹਾਦਸਾ ਵਾਪਰਿਆ। ਜ਼ਿਲ੍ਹੇ ਦੇ ਮੋੜੀ ਇਲਾਕੇ ’ਚ ਮੋਹਲੇਧਾਰ ਮੀਂਹ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਐਤਵਾਰ ਨੂੰ ਕਈ ਘਰ ਡਿੱਗ ਗਏ ਸਨ। ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ 16 ਵਿਅਕਤੀ ਹਲਾਕ ਅਤੇ 12 ਤੋਂ ਵੱਧ ਲਾਪਤਾ ਹੋ ਗਏ ਹਨ। ਉੱਤਰਕਾਸ਼ੀ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਦੱਸਿਆ ਕਿ ਹੈਰੀਟੇਜ ਏਵੀਏਸ਼ਨ ਦਾ ਹੈਲੀਕਾਪਟਰ ਜਦੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡ ਕੇ ਪਰਤ ਰਿਹਾ ਸੀ ਤਾਂ ਹਾਦਸਾ ਵਾਪਰਿਆ।
HOME ਉੱਤਰਕਾਸ਼ੀ ’ਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ