ਕਾਨਪੁਰ: ਉੱਘੇ ਲੇਖਕ ਤੇ ਅਕਾਦਮਿਕ ਹਸਤੀ ਗਿਰੀਰਾਜ ਕਿਸ਼ੋਰ ਦਾ ਅੱਜ ਇੱਥੇ ਉਨ੍ਹਾਂ ਦੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਉਹ 82 ਵਰ੍ਹਿਆਂ ਦੇ ਸਨ। ਪਦਮਸ੍ਰੀ ਨਾਲ ਸਨਮਾਨਿਤ ਗਿਰੀਰਾਜ ਨੇ ‘ਪਹਿਲਾ ਗਿਰਮਿਟਿਆ’ ਤੇ ‘ਢਾਈ ਘਰ’ ਜਿਹੇ ਨਾਵਲ ਲਿਖੇ। ਉਨ੍ਹਾਂ ਨੂੰ ਸਾਹਿਤ ਅਕਾਦਮੀ ਸਨਮਾਨ ਵੀ ਮਿਲਿਆ। ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ’ਚ 1937 ਵਿਚ ਜਨਮੇ ਗਿਰੀਰਾਜ ਦੇ ਪਿਤਾ ਜ਼ਿਮੀਂਦਾਰ ਸਨ, ਪਰ ਉਨ੍ਹਾਂ ਆਪਣੇ ਸਮਾਜਵਾਦੀ ਸਿਧਾਂਤਾਂ ਤੇ ਜ਼ਿਮੀਂਦਾਰੀ ’ਚ ਦਿਲਚਸਪੀ ਦੀ ਘਾਟ ਕਾਰਨ ਕਾਫ਼ੀ ਛੋਟੀ ਉਮਰ ਵਿਚ ਹੀ ਘਰ ਤਿਆਗ ਦਿੱਤਾ ਤੇ ਗਾਂਧੀਵਾਦੀ ਬਣ ਗਏ। ਗਿਰੀਰਾਜ ਨੇ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼, ਆਗਰਾ ਤੋਂ ਸਮਾਜ ਸੇਵਾ ’ਚ ਮਾਸਟਰ ਡਿਗਰੀ ਵੀ ਮੁਕੰਮਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕਈ ਅਹਿਮ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ।