ਉਸ ਪਿੰਡ ਦਾ ਜਿੰਮੀਦਾਰ

(ਸਮਾਜ ਵੀਕਲੀ)

ਜਿੱਥੇ ਵਸਦਾ ਸੀ ਰੱਬ,ਰਹਿੰਦੇ ਖੁਸ਼ੀ ਖੁਸ਼ੀ ਸਭ
ਅੱਜ ਉਸ ਪਿੰਡ ਵਾਲ਼ਾ ਜਿੰਮੀਦਾਰ ਬੋਲਦਾ।

ਇੱਕ ਸੀ ਚਰਾਉਂਦਾ ਮੱਝਾਂ ਦੂਜਾ ਸੀ ਬਈ ਹਾਲ਼ੀ
ਤੀਜਾ ਲਿਆਂਦਾ ਖੇਤਾਂ ਵਿੱਚੋਂ ਪੱਠੇ ਵੱਢਕੇ!
ਚੌਥਾ ਸਰਕਾਰੀ ਪਿੰਡ ਲੱਗਾ ਪਟਵਾਰੀ
ਫੌਜੀ ਪੰਜਵਾਂ ਸਲੂਟ ਮਾਰੇ ਗੱਡਕੇ!
ਜਦੋਂ ਛੁੱਟੀ ਪਿੰਡ ਆਇਆ, ਕੰਮ ਖੇਤਾਂ ਚ ਕਰਾਇਆ,
ਲੈ ਮੈਂ ਚੱਲਿਆ ਬਈ ਹੋਕੇ ਤਿਆਰ ਬੋਲਦਾ।
ਜਿੱਥੇ ਵਸਦਾ ਸੀ ਰੱਬ,ਰਹਿੰਦੇ ਖੁਸ਼ੀ ਖੁਸ਼ੀ ਸਭ
ਅੱਜ ਉਸ ਪਿੰਡ ਵਾਲ਼ਾ ਜਿੰਮੀਦਾਰ ਬੋਲਦਾ।

ਇੱਕ ਛੱਤ ਹੇਠ ਰਹਿੰਦਾ ਸਾਡਾ ਪਰਿਵਾਰ
ਪੰਜ ਤਾਏ ਚਾਚੇ ਘਰ ਤਾਈਆਂ ਚਾਚੀਆਂ।
ਸਾਝਾਂ ਭਾਈਚਾਰਾ ਓਦੋਂ,ਭਾਵੇਂ ਕੱਚਾ ਢਾਰਾ ਓਦੋਂ
ਗੋਡਿਆਂ ਤੋਂ ਸੂਥਣਾ ਸੀ ਫਾਟੀਆਂ।
ਟਾਕੀ ਜੁੱਤੀ ਨੂੰ ਲਵਾਕੇ,ਚਾਚਾ ਗਿਆ ਪਰ ਪਾਕੇ
ਭਾਂਡੇ ਮਿੱਟੀ ਦੇ ਲੈ ਲਓ ਘੁਮਿਆਰ ਬੋਲਦਾ।
ਜਿੱਥੇ ਵਸਦਾ ਸੀ ਰੱਬ,ਰਹਿੰਦੇ ਖੁਸ਼ੀ ਖੁਸ਼ੀ ਸਭ
ਅੱਜ ਉਸ ਪਿੰਡ ਵਾਲ਼ਾ ਜਿੰਮੀਦਾਰ ਬੋਲਦਾ।

ਏਦਾਂ ਸੀ ਪੰਜਾਬ ਕੁਝ ਓਸ ਵੇਲੇ ਦਾ ਬਈ ਜਦ,
ਖੁਸ਼ੀ ਖੁਸ਼ੀ ਰਹਿੰਦਾ ਉਹ ਸਮਾਜ ਸੀ।
ਸਿਰਾਂ ਉੱਤੇ ਚੁੰਨੀਆਂ ਸੀ, ਗੁੱਤਾਂ ਨਹੀਓਂ ਮੁੰਨੀਆਂ ਸੀ
ਅੱਖ ਵਿੱਚ ਸ਼ਰਮ ਲਿਹਾਜ ਸੀ।
ਆਉਂਦਾ ਬੂਹਾ ਖੜਕਾ ਕੇ,ਜੱਟ ਮੁੱਛਾਂ ਨੂੰ ਚੜਾਕੇ
ਫੇਰ ਮਾਰਕੇ ਖੰਘੁਰਾ ਲਾਣੇਦਾਰ ਬੋਲਦਾ।
ਜਿੱਥੇ ਵਸਦਾ ਸੀ ਰੱਬ,ਰਹਿੰਦੇ ਖੁਸ਼ੀ ਖੁਸ਼ੀ ਸਭ
ਅੱਜ ਓਸ ਪਿੰਡ ਵਾਲ਼ਾ ਜਿੰਮੀਦਾਰ ਬੋਲਦਾ।

ਭਲਾ ਸੀ ਜ਼ਮਾਨਾ ਮੱਲਾ ਭਾਈਆਂ ਵਿੱਚ ਪਿਆਰ
ਦਾਦੀ ਪੋਤੇ ਨੂੰ ਸਲਾਓਂਦੀ ਦੇਕੇ ਲੋਰੀਆਂ।
ਕੋਲ਼ੇ ਭੱਠੀ ਉੱਤੇ ਕੁੱਟੇ,ਵਿਆਹ ਦੇ ਵਿੱਚ ਬੁੱਲ੍ਹੇ ਲੁੱਟੇ
ਭੈਣਾਂ ਬਾਪੂ ਨੇ ਸੀ ਦੋ ਸਹੁਰੇ ਤੋਰੀਆਂ।
ਧੰਨਾ ਨਿੱਕਾ ਜਾ ਸ਼ੁਦਾਈ,ਬਹੁਤ ਕਰਦਾ ਗਲ਼ਾਈ
ਪਾਉਂਦਾ ਸ਼ੋਰ ਕਿਉਂ ਏਂ ਬਾਬਾ ਕਰਤਾਰ ਬੋਲਦਾ।
ਜਿੱਥੇ ਵਸਦਾ ਸੀ ਰੱਬ,ਰਹਿੰਦੇ ਖੁਸ਼ੀ ਖੁਸ਼ੀ ਸਭ
ਅੱਜ ਉਸ ਪਿੰਡ ਵਾਲ਼ਾ ਜਿੰਮੀਦਾਰ ਬੋਲਦਾ।

ਧੰਨਾ ਧਾਲੀਵਾਲ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਰਿਆਦ
Next articleTwo new BJP Rajya Sabha members take oath