ਖਮਾਣੋਂ- ਨਜ਼ਦੀਕੀ ਪਿੰਡ ਲਖਣਪੁਰ ਵਿੱਚ ਉਸਾਰੀ ਅਧੀਨ ਸ਼ੈੱਲਰ ਦੀ ਕੰਧ ਡਿੱਗਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਹਾਦਸੇ ਦੇ ਜ਼ਖ਼ਮੀਆਂ ਦਾ ਇਲਾਜ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ’ਚੋਂ ਕਰਵਾਉਣ ਲਈ ਕਿਹਾ ਹੈ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਘਟਨਾ ਸਥਾਨ ’ਤੇ ਪੁੱਜ ਕੇ ਮੌਕੇ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕ ਨਿਰਮਾਣ ਵਿਭਾਗ ਤੋਂ ਵੀ ਤਕਨੀਕੀ ਜਾਂਚ ਰਿਪੋਰਟ ਮੰਗ ਲਈ ਹੈ। ਉਂਜ ਮੌਕੇ ਉੱਤੇ ਇਕੱਤਰ ਲੋਕਾਂ ਵੱਲੋਂ ਹਾਦਸੇ ਦਾ ਕਾਰਨ ਸ਼ੈੱਲਰ ਮਾਲਕ ਅਤੇ ਨਿਰਮਾਣ ਕਾਰਜ ਵਿੱਚ ਲੱਗੇ ਠੇਕੇਦਾਰ ਦੀ ਕਥਿਤ ਅਣਗਹਿਲੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਪਿੰਡ ਲਖਣਪੁਰ ਵਿੱਚ ਉਸਾਰੀ ਅਧੀਨ ਸ਼ੈੱਲਰ ਦੀ ਕੰਧ ਅਚਾਨਕ ਡਿੱਗ ਪਈ ਤੇ ਉਥੇ ਕੰਮ ਕਰ ਰਹੇ 16 ਮਜ਼ਦੂਰਾਂ ਵਿੱਚੋਂ 5 ਮਜ਼ਦੂਰਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ 6 ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ਉੱਤੇ ਪਹੁੰਚੇ ਐਸ.ਐਮ.ਓ. ਡਾ. ਨਰੇਸ਼ ਚੌਹਾਨ, ਉਨ੍ਹਾਂ ਦੀ ਟੀਮ ਅਤੇ ਐਸ.ਐਚ.ਓ. ਖਮਾਣੋਂ ਇੰਸਪੈਕਟਰ ਨਵਦੀਪ ਸਿੰਘ ਨੇ ਮਲਬੇ ਹੇਠ ਦਬੇ ਮਜ਼ਦੂਰਾਂ ਨੂੰ ਇਕੱਤਰ ਲੋਕਾਂ ਦੀ ਸਹਾਇਤਾ ਨਾਲ ਬਾਹਰ ਕੱਢਿਆ ਅਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਦੀਆਂ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਖਮਾਣੋਂ ਪਹੁੰਚਾਇਆ। ਜ਼ਖ਼ਮੀ ਮਜ਼ਦੂਰਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਲਈ ਚੰਡੀਗੜ੍ਹ ਸਥਿਤ ਸੈਕਟਰ 32 ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਜਦੋਂ ਕਿ ਇੱਕ ਮਜ਼ਦੂਰ ਨੇ ਚੰਡੀਗੜ੍ਹ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ। ਪੰਜ ਮਜ਼ਦੂਰ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਹਨ। ਸ਼ੈਲਰ ਵਿੱਚ ਕੰਮ ਕਰ ਰਹੇ ਕੁੱਲ 16 ਮਜ਼ਦੂਰਾਂ ਵਿੱਚੋਂ 5 ਮਜ਼ਦੂਰਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਹਾਦਸੇ ਵਿੱਚ ਫ਼ੌਤ ਹੋਏ ਮਜ਼ਦੂਰਾਂ ਦੀ ਪਛਾਣ ਜਗਜੀਤ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਲਖਣਪੁਰ, ਮਨਜੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਲਖਣਪੁਰ, ਪਰਮੇਸ਼ਵਰ ਮੁਖੀਆ ਪੁੱਤਰ ਰਾਜ ਕੁਮਾਰ ਮੁਖੀਆ (ਪਰਵਾਸੀ ਮਜ਼ਦੂਰ), ਰਣਬੀਰ ਸਿੰਘ ਵਾਸੀ ਧੂਰੀ, ਹਰਪ੍ਰੀਤ ਸਿੰਘ ਵਾਸੀ ਮਾਨਾਵਾਲਾ (ਧੂਰੀ) ਅਤੇ ਰਘਬੀਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਫਰੌਰ ਵਜੋਂ ਹੋਈ ਹੈ। ਜ਼ਖਮੀਆਂ ਵਿੱਚ ਜਸਵੀਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਫਰੌਰ, ਹਰਭਜਨ ਸਿੰਘ ਪੁੱਤਰ ਅਮਰ ਸਿੰਘ ਵਾਸੀ ਫਰੌਰ, ਲਖਵੀਰ ਸਿੰਘ ਪੁੱਤਰ ਬਹਾਦਰ ਸਿੰਘ ਧੂਰੀ, ਮੱਖਣ ਸਿੰਘ ਪੁੱਤਰ ਭੋਲਾ ਸਿੰਘ ਗਗੜਪੁਰ ਅਤੇ ਕੁਲਵੰਤ ਸਿੰਘ ਪੁੱਤਰ ਪਹਿਲਵਾਨ ਸਿੰਘ ਧੂਰੀ ਦੇ ਨਾਮ ਸ਼ਾਮਲ ਹਨ।
ਐਸਡੀਐਮ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਮਗਰੋਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
INDIA ਉਸਾਰੀ ਅਧੀਨ ਸ਼ੈੱਲਰ ਦੀ ਕੰਧ ਡਿੱਗੀ, 6 ਮਜ਼ਦੂਰ ਹਲਾਕ