ਅਦਾਕਾਰਾ ਤੋਂ ਸਿਆਸੀ ਆਗੂ ਬਣੀ ਉਰਮਿਲਾ ਮਾਤੋਂਡਕਰ ਦਾ ਕਹਿਣਾ ਹੈ ਕਿ ਉਸਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਇਸੇ ਸਾਲ ਮਾਰਚ ਵਿਚ ਕਾਂਗਰਸ ਵਿਚ ਸ਼ਾਮਲ ਹੋਈ ਸੀ। ਉਨ੍ਹਾਂ ਨਾਲ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਕਿ੍ਰਪਾਸ਼ੰਕਰ ਸਿੰਘ ਨੇ ਵੀ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਉਰਮਿਲਾ ਨੇ ‘ਪਾਰਟੀ ਵਿਚ ਅੰਦਰਖ਼ਾਤੇ ਸੌੜੀ ਰਾਜਨੀਤੀ’ ਨੂੰ ਕਾਂਗਰਸ ਛੱਡਣ ਦੀ ਵਜ੍ਹਾ ਦੱਸਿਆ ਹੈ। ਉਰਮਿਲਾ ਨੇ ਕਿਹਾ ਕਿ ਸਿਆਸੀ ਤੇ ਸਮਾਜਿਕ ਸੰਵੇਦਨਾ ਉਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਮੁੰਬਈ ਕਾਂਗਰਸ ਵਿਚ ਕਿਸੇ ਵੱਡੇ ਮੰਤਵ ਲਈ ਕੰਮ ਕਰਨ ਦੀ ਥਾਂ ਸਵਾਰਥੀ ਤੱਤ ਉਨ੍ਹਾਂ ਦਾ ਇਸਤੇਮਾਲ ਪਾਰਟੀ ਵਿਚ ਅੰਦਰੂਨੀ ਗੁੱਟਬਾਜ਼ੀ ਨਾਲ ਨਜਿੱਠਣ ਲਈ ਕਰਨ। ਜ਼ਿਕਰਯੋਗ ਹੈ ਕਿ ਉਰਮਿਲਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ ਤੇ ਮੁੰਬਈ ਉੱਤਰੀ ਸੀਟ ਤੋਂ ਉਹ 2,41,431 ਵੋਟਾਂ ਲੈ ਕੇ ਨਾਕਾਮ ਰਹੇ ਸੀ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਰਮਿਲਾ ਵੱਲੋਂ ਕਾਂਗਰਸ ਛੱਡੇ ਜਾਣ ਨੂੰ ਪਾਰਟੀ ਲਈ ਝਟਕਾ ਦੱਸਿਆ ਜਾ ਰਿਹਾ ਹੈ। ਅਗਲੇ ਮਹੀਨੇ ਸੂਬੇ ਵਿਚ ਚੋਣਾਂ ਹਨ ਤੇ ਪਾਰਟੀ ਆਪਣੇ ਆਗੂਆਂ ਤੇ ਵਰਕਰਾਂ ਨੂੰ ਇਸ ਸਮੇਂ ਇਕਜੁੱਟ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਰਮਿਲਾ ਨੂੰ ਭਾਜਪਾ ਆਗੂ ਗੋਪਾਲ ਸ਼ੈੱਟੀ ਨੇ ਹਰਾਇਆ ਸੀ। ਉਰਮਿਲਾ ਨੇ ਬਿਆਨ ਵਿਚ ਕਿਹਾ ਹੈ ਕਿ ਮੁੰਬਈ ਕਾਂਗਰਸ ਜਾਂ ਤਾਂ ਪਾਰਟੀ ਵਿਚ ਤਬਦੀਲੀ ਲਿਆਉਣਾ ਹੀ ਨਹੀਂ ਚਾਹੁੰਦੀ ਜਾਂ ਫਿਰ ਸਮਰੱਥ ਨਹੀਂ ਹੈ। ਮਾਤੋਂਡਕਰ ਨੇ ਕਿਹਾ ਕਿ ਅਸਤੀਫ਼ੇ ਦਾ ਖਿਆਲ ਪਹਿਲਾਂ ਉਸ ਵੇਲੇ ਉਨ੍ਹਾਂ ਦੇ ਮਨ ਵਿਚ ਆਇਆ ਸੀ ਜਦ 16 ਮਈ ਨੂੰ ਲਿਖੇ ਉਨ੍ਹਾਂ ਦੇ ਪੱਤਰਾਂ ਦਾ ਮੁੰਬਈ ਕਾਂਗਰਸ ਪ੍ਰਧਾਨ ਮਿਲਿੰਦ ਦਿਓੜਾ ਨੇ ਕੋਈ ਜਵਾਬ ਨਹੀਂ ਦਿੱਤਾ। ਉਰਮਿਲਾ ਨੇ ਸਾਬਕਾ ਮੁੰਬਈ ਕਾਂਗਰਸ ਪ੍ਰਧਾਨ ਸੰਜੈ ਨਿਰੂਪਮ ਦੇ ਨੇੜਲੇ ਸੰਦੇਸ਼ ਕੋਂਡਵਿਲਕਰ ਤੇ ਭੂਸ਼ਨ ਪਾਟਿਲ ਦੀ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉੱਤਰੀ ਮੁੰਬਈ ਤੋਂ ਮਾੜੀ ਕਾਰਗੁਜ਼ਾਰੀ ਦੇ ਬਾਵਜੂਦ ਕੁਝ ਆਗੂਆਂ ਨੂੰ ਉੱਚੇ ਅਹੁਦਿਆਂ ਨਾਲ ਨਿਵਾਜਿਆ ਗਿਆ ਤੇ ਪੱਤਰ ਲਿਖਣ ਦੇ ਬਾਵਜੂਦ ਜ਼ਿੰਮੇਵਾਰੀ ਤੈਅ ਨਹੀਂ ਹੋਈ। ਉਨ੍ਹਾਂ ਭਵਿੱਖੀ ਰਣਨੀਤੀ ਬਾਰੇ ਕੁਝ ਨਹੀਂ ਦੱਸਿਆ।
INDIA ਉਰਮਿਲਾ ਮਾਤੋਂਡਕਰ ਨੇ ਕਾਂਗਰਸ ਛੱਡੀ