ਫ਼ਰੀਦਕੋਟ ਜ਼ਿਲ੍ਹੇ ਦੇ ਕੁੱਝ ਪਿੰਡਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਜਾਰੀ ਕੀਤੇ ਫੰਡ ਦੀ ਕਥਿਤ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕ ਇਨਸਾਫ਼ ਪਾਰਟੀ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਅਤੇ ਕਨਵੀਨਰ ਕ੍ਰਿਸ਼ਨ ਕੁਮਾਰ ਨੇ ਅੱਜ ਇੱਥੇ ਕੀਤੀ ਮੀਡੀਆ ਕਾਨਫ਼ਰੰਸ ਦੌਰਾਨ ਦੋਸ਼ ਲਾਇਆ ਕਿ ਐੱਸਜੀਪੀਸੀ ਮੈਂਬਰ ਸ਼ੇਰ ਸਿੰਘ ਮੰਡ ਵੋਟਰਾਂ ਨੂੰ ਪੈਸੇ ਵੰਡ ਰਹੇ ਹਨ। ਪਾਰਟੀ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਸਬੂਤ ਵੀ ਉਨ੍ਹਾਂ ਕੋਲ ਹਨ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਵੱਲੋਂ ਲੋਕ ਭਲਾਈ ਕਾਰਜਾਂ ਲਈ ਹਰ ਮੈਂਬਰ ਨੂੰ ਪੈਸੇ ਦਿੱਤੇ ਜਾਂਦੇ ਹਨ ਤੇ ਸ਼ੇਰ ਸਿੰਘ ਇਸੇ ਦੀ ਦੁਰਵਰਤੋਂ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਮੈਂਬਰ ਕੋਟਕਪੂਰਾ ਹਲਕੇ ਅਧੀਨ ਪੈਂਦੇ ਪਿੰਡ ਮੰਡਵਾਲਾ ਤੋਂ ਸਰਪੰਚੀ ਦੀ ਚੋਣ ਲੜ ਰਿਹਾ ਹੈ। ਜਤਿੰਦਰ ਭੱਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਦੀ ਮੁੱਖ ਜ਼ਿੰਮੇਵਾਰੀ ਧਰਮ ਪ੍ਰਚਾਰ ਦੀ ਹੁੰਦੀ ਹੈ। ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸ਼ੇਰ ਸਿੰਘ ਮੰਡ ਮਈ ਮਹੀਨੇ ਤੋਂ ਹੀ ਗਰਾਮ ਪੰਚਾਇਤ ਚੋਣਾਂ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਐੱਸਜੀਪੀਸੀ ਅਧੀਨ ਆਉਂਦੀ ਧਰਮ ਪ੍ਰਚਾਰ ਕਮੇਟੀ ਦੇ ਆਰਡਰ ਨੰਬਰ 77 ਮਿਤੀ 19 ਮਈ 2018 ਦੀਆਂ ਕਾਪੀਆਂ ਵੰਡਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ 3 ਲੱਖ ਰੁਪਏ ਦੀ ਗਰਾਂਟ ਮੈਂਬਰਾਂ ਨੂੰ ਆਪੋ-ਆਪਣੇ ਹਲਕੇ ਅਧੀਨ ਪੈਂਦੇ ਪਿੰਡਾਂ ’ਚ ਕੈਂਸਰ ਪੀੜਤਾਂ, ਧਰਮ ਪ੍ਰਚਾਰ, ਗਰੀਬ ਕੁੜੀਆਂ ਦੇ ਵਿਆਹਾਂ ਅਤੇ ਬੱਚਿਆਂ ਦੀਆਂ ਵਰਦੀਆਂ ਲਈ ਖਰਚਣ ਲਈ ਦਿੱਤੀ ਜਾਂਦੀ ਹੈ, ਪਰ ਮੈਂਬਰ ਨੇ ਇਹ ਗਰਾਂਟ ਆਪਣੇ ਜੱਦੀ ਪਿੰਡ ਦੇ ਹੀ 31 ਪਰਿਵਾਰਾਂ ਨੂੰ ਵੰਡ ਦਿੱਤੀ ਹੈ। ਲੋਕ ਇਨਸਾਫ਼ ਪਾਰਟੀ ਨੇ ਮਾਮਲੇ ਸਬੰਧੀ ਸੂਬਾਈ ਚੋਣ ਕਮਿਸ਼ਨਰ ਕੋਲ ਸ਼ਿਕਾਇਤ ਵੀ ਕੀਤੀ ਹੈ।
INDIA ਉਮੀਦਵਾਰ ’ਤੇ ਐੱਸਜੀਪੀਸੀ ਦੇ ਫੰਡ ਦੀ ਦੁਰਵਰਤੋਂ ਦੇ ਦੋਸ਼