ਪੰਜਾਬ ਅਰਬਨ ਡਿਵੈਲਪਮੈਂਟ ਅਥਾਰਿਟੀ ਬਠਿੰਡਾ (ਬੀਡੀਏ) ਦੀ ਬਿਲਡਿੰਗ ਬਰਾਂਚ ਟੀਮ ਵੱਲੋਂ ਇਸ ਸ਼ਹਿਰ ਦੇ ਪੌਸ਼ ਇਲਾਕੇ ਨਜ਼ਦੀਕ ਧੋਬੀਆਣਾ ਬਸਤੀ ਵਿਚਲੇ 35 ਦੇ ਕਰੀਬ ਘਰਾਂ ਉਪਰ ਬੁਲਡੋਜ਼ਰ ਚਲਾ ਦਿੱਤਾ ਗਿਆ। ਇਸ ਨਾਲ ਲੋਕਾਂ ਦੇ ਆਸ਼ੀਆਨੇ ਉੱਜੜ ਗਏ ਤੇ ਸਾਮਾਨ ਟੁੱਟਣ ਤੋਂ ਇਲਾਵਾ ਰੁਲ ਗਿਆ। ਇਸ ਕਾਰਵਾਈ ਕਾਰਨ ਦਹਿਸ਼ਤ ਫੈਲ ਗਈ ਤੇ ਔਰਤਾਂ ਭੁੱਬਾਂ ਮਾਰ ਕੇ ਰੋਣ ਲੱਗੀਆਂ। ਪੁਲੀਸ ਦੇ ਨਾਲ ਪੁੱਜੀ ਬੀਡੀਏ ਨੇ ਜਦੋਂ ਪੀਲਾ ਪੰਜਾ ਚਲਾਇਆ ਤਾਂ ਔਰਤਾਂ ਉਸ ਦੇ ਅੱਗੇ ਆ ਗਈਆਂ। ਇਸ ਮੌਕੇ ਪੁਲੀਸ ਨੇ ਔਰਤਾਂ ਦੀ ਖਿੱਚਧੂਹ ਕੀਤੀ ਗਈ। ਕਾਰਵਾਈ ਦਾ ਵਿਰੋਧ ਕਰਨ ਵਾਲੀਆਂ ਔਰਤਾਂ ਨੂੰ ਥਾਣੇ ਡੱਕ ਦਿੱਤਾ ਗਿਆ। ਇਸ ਕਾਰਵਾਈ ਮੌਕੇ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਸੁਖਬੀਰ ਬਰਾੜ ਸਨ। ਐਕਸੀਅਨ ਅਜੈ ਗਰਗ, ਐੱਸਡੀਓ ਬਲਵਿੰਦਰ ਸਿੰਘ ਅਤੇ ਰਮੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਘਰਾਂ ਨੂੰ ਨਾਜਾਇਜ਼ ਉਸਾਰੀਆਂ ਮੰਨਦੇ ਹੋਏ ਮਕਾਨ ਖ਼ਾਲੀ ਕਰਨ ਦੇ ਹੁਕਮ ਦਿੱਤਾ। ਲੋਕਾਂ ਵੱਲੋਂ ਮਿੰਨਤਾਂ-ਤਰਲੇ ਕਰਨ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀਡੀਏ ਦੇ ਅਫ਼ਸਰ ਦੀ ਫ਼ੌਜ ਨੇ ਇੱਕ ਨਾ ਮੰਨੀ ਅਤੇ ਬੁਲਡੋਜ਼ਰ ਚਲਾਉਣੇ ਸ਼ੁਰੂ ਕਰਵਾ ਦਿੱਤੇ। ਧੋਬੀਆਣਾ ਬਸਤੀ ਦੇ ਲੋਕਾਂ ਨੇ ਇਸ ਤੋਂ ਨਾਰਾਜ਼ ਹੋ ਕੇ ਪੰਜਾਬ ਸਰਕਾਰ ਅਤੇ ਬੀਡੀਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੈਂਟ ਖੇਤਰ ਵਿਚ ਪੈਂਦੇ ਧੋਬੀਆਣਾ ਸਲੱਮ ਖੇਤਰ ਅੰਦਰ ਗੁਰਤੇਜ ਕੌਰ, ਕਾਕਾ ਸਿੰਘ, ਮੱਖਣ ਸਿੰਘ, ਰੂਪ ਸਿੰਘ, ਬਲਵਿੰਦਰ ਕੌਰ, ਕਰਨ ਕਬਾੜੀਆ, ਇਕਬਾਲ ਸਿੰਘ ਦੇ ਘਰਾਂ ਸਣੇ ਤਿੰਨ ਦਰਜਨ ਘਰਾਂ ’ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਸ਼ਹਿਰ ਦੇ ਇਸ ਮੌਕੇ ਵੱਖ ਵੱਖ ਥਾਣਿਆਂ ਦੀ ਪੁਲੀਸ ਸਮੇਤ ਦੰਗਾ ਰੋਕੂ ਦਸਤੇ ਵੀ ਤਾਇਨਾਤ ਸਨ, ਜਦੋਂ ਬੁਲਡੋਜ਼ਰ ਚਾਲੂ ਹੋਇਆ ਤਾਂ ਲੋਕ ਉਸ ਦੇ ਅੱਗੇ ਬੈਠ ਗਏ। ਪੁਲੀਸ ਨੇ ਲੋਕਾਂ ਨੂੰ ਘੜੀਸ ਕੇ ਪਾਸੇ ਕੀਤਾ। ਬਸਤੀ ਦੇ ਇਕਬਾਲ ਸਿੰਘ ਨੇ ਪੁਲੀਸ ’ਤੇ ਦੋਸ਼ ਲਗਾਏ ਕਿ ਉਸ ਦੀ ਭੈਣ ਸੰਦੀਪ ਕੌਰ ਦੇ ਢਿੱਡ ਵਿਚ ਠੁੱਡੇ ਮਾਰੇ ਤੇ ਉਸ ਦੀ ਪਤਨੀ ਭਾਦੋਂ ਕੌਰ, ਜੋ ਤਿੰਨ ਮਹੀਨਿਆਂ ਦੀ ਗਰਭਵਤੀ ਹੈ, ਨੂੰ ਧੂਹਿਆ ਗਿਆ, ਜਿਸ ਕਾਰਨ ਉਸ ਦਾ ਗਰਭਪਾਤ ਹੋ ਗਿਆ। ਇਕੱਠੇ ਹੋਏ ਅੱਧੀ ਦਰਜਨ ਲੋਕਾਂ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਮਕਾਨ ਰਿੰਗ ਰੋਡ ਤੋਂ 400 ਗਜ਼ ਪਿੱਛੇ ਬਣੇ ਹੋਏ ਹਨ। ਸੰਦੀਪ ਕੌਰ ਨੇ ਦੋਸ਼ ਲਗਾਏ ਪੁੱਡਾ ਦੇ ਕਰਮਚਾਰੀ ਜਦੋਂ ਕਿ ਉਹ ਕੰਧ ਵਗ਼ੈਰਾ ਕੱਢਣੇ ਬਦਲੇ ਰਿਸ਼ਵਤ ਵਸੂਲ ਰਹੇ ਹਨ। ਇਸ ਮੌਕੇ ਕਾਰਵਾਈ ਵਾਲੀ ਟੀਮ ਦੇ ਮੈਂਬਰ ਐੱਸਡੀਓ ਰਮੇਸ਼ ਕੁਮਾਰ ਨੇ ਕਿਹਾ ਕਿ ਅਥਾਰਿਟੀ ਦੇ ਹੁਕਮ ’ਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਤੇ ਜਦੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਲੋਕ ਅਜਿਹੇ ਦੋਸ਼ ਲਗਾ ਦਿੰਦੇ ਹਨ। ਬਸਤੀ ਦੇ ਪੀੜਤ ਲੋਕਾਂ ਨੇ ਕਾਰਵਾਈ ਨੂੰ ਇਕਪਾਸੜ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਗਾਏ ਕਿ ਵੱਡੇ ਘਰਾਂ ਵਿਚ ਇਸ ਜਗਾ ’ਤੇ ਮਕਾਨ ਬਣਾ ਕੇ ਕਰਾਏ ਦਿੱਤੇ ਗਏ ਹਨ ਤੇ ਉਨ੍ਹਾਂ ’ਤੇ ਬੁਲਡੋਜ਼ਰ ਨਹੀਂ ਚਲਾਇਆ ਗਿਆ। ਕਾਰਵਾਈ ਵਿੱਚ ਸਿਰਫ਼ ਗ਼ਰੀਬ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਨਜ਼ਦੀਕ ਬਣੀਆਂ ਵੱਡੇ ਘਰਾਂ ਦੀ ਕੋਠੀਆਂ ਤੇ ਬੁਲਡੋਜ਼ਰ ਫੇਰਨ ਵੇਲੇ ਬਠਿੰਡਾ ਵਿਕਾਸ ਅਥਾਰਿਟੀ ਦਾ ਡੰਡਾ ਕਿਥੇ ਗ਼ਾਇਬ ਹੋ ਗਿਆ। ਪੀੜਤਾਂ ਨੇ ਕਾਂਗਰਸ ਅਤੇ ਅਕਾਲੀ ਨੇਤਾਵਾਂ ਦੀ ਆਲੋਚਨਾ ਕੀਤੀ ਕਿ ਇਸ ਔਖੇ ਸਮੇਂ ਕੋਈ ਵੀ ਉਨ੍ਹਾਂ ਨਾਲ ਨਹੀਂ ਖੜ੍ਹਿਆ।
INDIA ਉਮਰ ਗੁਜ਼ਰ ਜਾਂਦੀ ਹੈ ਇਕ ਘਰ ਬਣਾਉਣ ’ਚ, ਤੁਸੀਂ ਤਰਸ ਨਹੀਂ ਖਾਂਦੇ...