ਉਪ ਕੁਲਪਤੀ ਦਾ ਅਸਤੀਫ਼ਾ ਲੈਣ ਤੋਂ ਮੰਤਰਾਲਾ ਇਨਕਾਰੀ

ਸ਼ਾਸਤਰੀ ਭਵਨ ਨੇੜੇ ਪ੍ਰਦਰਸ਼ਨਕਾਰੀ ਵਿਦਿਆਰਥੀ ਤੇ ਪੁਲੀਸ ਮੁਲਾਜ਼ਮ ਧੱਕਾਮੁੱਕੀ

  • ਅਸਤੀਫ਼ਾ ਸਮੱਸਿਆ ਦਾ ਹੱਲ ਨਹੀਂ: ਮੰਤਰਾਲਾ
  • ਵਿਦਿਆਰਥੀ ਅਸਤੀਫ਼ੇ ’ਤੇ ਅੜੇ; ਅੱਜ ਮੁੜ ਗੱਲਬਾਤ ਲਈ ਸੱਦਿਆ
  • ਵਿਦਿਆਰਥੀ ਤੇ ਅਧਿਆਪਕਾਂ ਵੱਲੋਂ ਮਨੁੱਖੀ ਸਰੋਤ ਮੰਤਰਾਲੇ ਤਕ ਰੋਸ ਮਾਰਚ
  • ਜੇਐੱਨਯੂ ਵੱਲੋਂ ਹਿੰਸਾ ਦੀ ਜਾਂਚ ਲਈ ਪੰਜ ਮੈਂਬਰੀ ਪੈਨਲ ਗਠਿਤ

ਨਵੀਂ ਦਿੱਲੀ-  ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਨੇ ਜੇਐੱਨਯੂ ਹਿੰਸਾ ਮਾਮਲੇ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ’ਵਰਸਿਟੀ ਦੇ ਉਪ ਕੁਲਪਤੀ ਐੱਮ.ਜਗਦੀਸ਼ ਕੁਮਾਰ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਰੱਦ ਕਰ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਉਪ ਕੁਲਪਤੀ ਨੂੰ ਹਟਾਉਣਾ ਸਮੱਸਿਆ ਦਾ ਕੋਈ ਹੱਲ ਨਹੀਂ ਹੈ ਤੇ ਸਰਕਾਰ ਦਾ ਸਾਰਾ ਧਿਆਨ ਕੈਂਪਸ ’ਚ ਉਪਜੇ ਮੁੱਖ ਮੁੱਦੇ ਵੱਲ ਮੁਖਾਤਿਬ ਹੋਣਾ ਹੈ। ਉੁਧਰ ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਸਾਫ਼ ਕਰ ਦਿੱਤਾ ਕਿ ਉਪ ਕੁਲਪਤੀ ਨੂੰ ਹਟਾਏ ਜਾਣ ਤਕ ਵਿਦਿਆਰਥੀ ਤੇ ਅਧਿਆਪਕ ਚੁੱਪ ਨਹੀਂ ਬੈਠਣਗੇ। ਮੰਤਰਾਲੇ ਨੇ ਵਿਦਿਆਰਥੀਆਂ ਨੂੰ ਸ਼ੁੱਕਰਵਾਰ ਨੂੰ ਮੁੜ ਸੱਦਿਆ ਹੈ। ਮੰਤਰਾਲਾ ਭਲਕੇ ਉਪ ਕੁਲਪਤੀ ਤੇ ਉਨ੍ਹਾਂ ਦੀ ਟੀਮ ਨਾਲ ਵੀ ਮੁਲਾਕਾਤ ਕਰੇਗਾ। ਇਸ ਦੌਰਾਨ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਨੇ 5 ਜਨਵਰੀ ਨੂੰ ਨਕਾਬਪੋਸ਼ ਗੁੰਡਿਆਂ ਵੱਲੋਂ ਕੈਂਪਸ ਵਿੱਚ ਕੀਤੀ ਬੁਰਛਾਗਰਦੀ ਦੀ ਜਾਂਚ ਲਈ ਅੱਜ ਪੰਜ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਜੇਐੱਨਯੂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਯੂਨੀਵਰਸਿਟੀ ’ਚ ਹੋਈ ਹਿੰਸਾ ਦੇ ਵਿਰੋਧ ਵਿੱਚ ਵੱਖ-ਵੱਖ ਅਗਾਂਹਵਧੂ ਸੰਗਠਨਾਂ ਦੇ ਨਾਲ ਅੱਜ ਮੰਡੀ ਹਾਊਸ ਤੋਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤੱਕ ਰੋਸ ਮਾਰਚ ਕੀਤਾ। ਮਾਰਚ ‘ਜੇਐਨਯੂ ਟੀਚਰਜ਼ ਐਸੋਸੀਏਸ਼ਨ’ ਤੇ ‘ਜੇਐਨਯੂ ਸਟੂਡੈਂਟਸ ਯੂਨੀਅਨ’ ਵੱਲੋਂ ਸਾਂਝੇ ਤੌਰ ’ਤੇ ਵਿਉਂਤਿਆ ਗਿਆ ਸੀ। ਰੋਸ ਮਾਰਚ ਵਿੱਚ ਸੀਪੀਐੱਮ ਆਗੂ ਸੀਤਾਰਾਮ ਯੇਚੁਰੀ, ਡੀ.ਰਾਜਾ, ਪ੍ਰਕਾਸ਼ ਕਰਾਤ ਤੇ ਬਰਿੰਦਾ ਕਰਾਤ ਤੇ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਸਮੇਤ ਹੋਰਨਾਂ ਆਗੂਆਂ ਨੇ ਵੀ ਹਾਜ਼ਰੀ ਲਵਾਈ। ਐੱਲਜੇਡੀ ਆਗੂ ਸ਼ਰਦ ਯਾਦਵ ਵੀ ਇਸ ਮੌਕੇ ਮੌਜੂਦ ਸਨ। ਮੰਡੀ ਹਾਊਸ ਤੋਂ ਤੁਰਿਆ ਮਾਰਚ ਸ਼ਾਸਤਰੀ ਭਵਨ ਪੁੱਜਾ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਥੇ ਪ੍ਰਦਰਸ਼ਨਕਾਰੀ ਵਿਦਿਆਰਥੀ ਤੇ ਪੁਲੀਸ ਮੁਲਾਜ਼ਮ ਧੱਕਾਮੁਕੀ ਹੋਏ ਤੇ ਪੁਲੀਸ ਨੇ ਕੁਝ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਵੀ ਲਿਆ।

ਇਸ ਦੌਰਾਨ ਪੁਲੀਸ ਜੇਐੱਨਯੂ ਵਿਦਿਆਰਥੀ ਯੂਨੀਅਨ ਤੇ ਅਧਿਆਪਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਵਫ਼ਦ ਨੂੰ ਐੱਚਆਰਡੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਮਿਲਾਉਣ ਲਈ ਲੈ ਗਈ। ਐੱਚਆਰਡੀ ਸਕੱਤਰ ਅਮਿਤ ਖਰੇ ਨੇ ਇਸ ਵਫ਼ਦ ਨਾਲ ਗੱਲਬਾਤ ਕੀਤੀ। ਖ਼ਰੇ ਨੇ ਸਾਫ਼ ਕਰ ਦਿੱਤਾ ਕਿ ਉਪ ਕੁਲਪਤੀ ਨੂੰ ਲਾਂਭੇ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਫੀਸਾਂ ਵਿੱਚ ਤਬਦੀਲੀ ਲਈ ਪਿਛਲੇ ਮਹੀਨੇ ਸਬੰਧਤ ਧਿਰਾਂ ਨਾਲ ਸਲਾਹ ਮਸ਼ਵਰੇ ਮਗਰੋਂ ਬਣੇ ‘ਫਾਰਮੂਲੇ’ ਨੂੰ ਹੀ ਲਾਗੂ ਕੀਤਾ ਜਾਵੇਗਾ।ਇਸ ਦੌਰਾਨ ਜੇਐੱਨਯੂ ਨੇ 5 ਜਨਵਰੀ ਨੂੰ ਨਕਾਬਪੋਸ਼ ਗੁੰਡਿਆਂ ਵੱਲੋਂ ਕੈਂਪਸ ਵਿੱਚ ਕੀਤੀ ਬੁਰਛਾਗਰਦੀ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਐੱਮ.ਜਗਦੀਸ਼ ਕੁਮਾਰ ਨੇ ਕਿਹਾ ਕਿ ਕਮੇਟੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਾਪਦੰਡਾਂ ਦੀ ਸਿਫਾਰਿਸ਼ ਸਮੇਤ ਸੁਰੱਖਿਆ ਵਿੱਚ ਹੋਈ ਉਕਾਈ (ਜੇਕਰ ਕੋਈ ਹੋਈ) ਦੀ ਵੀ ਜਾਂਚ ਕਰੇਗੀ। ਕੁਮਾਰ ਨੇ ਕਿਹਾ, ‘ਕਮੇਟੀ ਕਮਜ਼ੋਰ ਸੁਰੱਖਿਆ ਖੇਤਰਾਂ, ਸੀਸੀਟੀਵੀ ਦੀ ਸਥਾਪਨਾ ਯਕੀਨੀ ਬਣਾਉਣ ਸਮੇਤ ਵਿਦਿਆਰਥੀਆਂ ਦੀ ਸੁਰੱਖਿਆ ਵਧਾਉਣ ਲਈ ਹੋਰ ਉਪਰਾਲਿਆਂ ’ਤੇ ਵੀ ਨਜ਼ਰਸਾਨੀ ਕਰੇਗੀ।’ ਫੀਸਾਂ ਨੂੰ ਲੈ ਕੇ ਵਿਦਿਆਰਥੀਆਂ ਦੀ ਦੁਚਿੱਤੀ ਨੂੰ ਖ਼ਤਮ ਕਰਦਿਆਂ ਕੁਮਾਰ ਨੇ ਕਿਹਾ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸਲਾਹ ਮਸ਼ਵਰੇ ਮਗਰੋਂ ਬਣੇ ‘ਫਾਰਮੂਲੇ’ ਨਾਲ ਕੋਈ ਛੇੜਖਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਯੂਟਿਲਟੀ ਤੇ ਸੇਵਾ ਫੀਸ ਮੁਆਫ਼ ਕੀਤੇ ਜਾਣ ਕਰਕੇ ਪੈਣ ਵਾਲੇ ਭਾਰ ਨੂੰ ਘਟਾਉਣ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਲਿਖ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਰੋਸ ਮਾਰਚ ਵਿੱਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਐੱਨਯੂ ਵਿਚ ਹਿੰਸਾ ਦੀ ਆਲਮੀ ਪੱਧਰ ’ਤੇ ਨਿਖੇਧੀ ਹੋ ਰਹੀ ਹੈ, ਪਰ ਅਜੇ ਤਕ ਹਮਲਾਵਰਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਇਸ ਦੇ ਉਲਟ ਜੇਐੱਨਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ਹੋਰਨਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਰੋਸ ਮਾਰਚ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਨੂੰ ਅਣ-ਐਲਾਨੀ ਐਮਰਜੈਂਸੀ ਕਿਹਾ ਜਾ ਸਕਦਾ ਹੈ ਜਿਥੇ ਸਰਕਾਰ ਬਦਲੇ ਦੀ ਭਾਵਨਾ ਨਾਲ ਨਕਾਬਪੋਸ਼ ਹਥਿਆਰਬੰਦ ਗੁੰਡਿਆਂ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਇਕ ਨਿਰਪੱਖ ਤੇ ਸੁਤੰਤਰ ਏਜੰਸੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਹ ਅਗਾਮੀ ਦਿਨਾਂ ’ਚ ਜੇਐੱਨਯੂ ਪ੍ਰਸ਼ਾਸਨ ਅਤੇ ਪੁਲੀਸ ਹਮਲਾਵਰਾਂ ਦੀ ਭੂਮਿਕਾ ਅਤੇ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਨਗੇ।

ਵਿਦਿਆਰਥੀਆਂ ਨੇ ‘ਹੱਲਾ ਬੋਲ’, ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ। ਇਸ ਦੌਰਾਨ ਵਿਦਿਆਰਥੀਆਂ ਨੇ ‘ਸੀਏਏ ਤੇ ਐੱਨਆਰਸੀ ਨੂੰ ਨਾਂਹ’ ‘ਏਬੀਵੀਪੀ ਨੂੰ ਯੂਨੀਵਰਸਿਟੀ ਕੈਂਪਸ ’ਚ ਬੈਨ ਕਰੋ’ ਜਿਹੇ ਨਾਅਰੇ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ। ਰੋਸ ਮਾਰਚ ਵਿੱਚ ਸ਼ਾਮਲ ਖੱਬੇਪੱਖੀ ਆਗੂ ਬਰਿੰਦਾ ਕਰਾਤ ਨੇ ਸੱਤਾਧਾਰੀ ਭਾਜਪਾ ਸਰਕਾਰ ਦਾ ਹਵਾਲਾ ਦਿੰਦਿਆਂ ਕਿਹਾ, ‘ਲੋਕ ਹੁਣ ਬੋਲਣ ਲੱਗੇ ਹਨ ਤੇ ਇਹੀ ਗੱਲ ਇਨ੍ਹਾਂ ਨੂੰ ਪਚਾਉਣੀ ਔਖੀ ਹੋ ਗਈ ਹੈ। ਉਹ ਕਹਾਣੀਆਂ ਘੜ ਰਹੇ ਹਨ ਕਿ ਪ੍ਰਦਰਸ਼ਨਾਂ ਦਾ ਵਿਦਿਆਰਥੀਆਂ ਜਾਂ ਕਿਰਤੀਆਂ ਨਾਲ ਕੋਈ ਲਾਗਾ ਦੇਗਾ ਨਹੀਂ। ਇਹ ਸਿਆਸੀ ਹਨ।’ ਸ੍ਰੀ ਯੇਚੁਰੀ ਨੇ ਕਿਹਾ, ‘ਨਕਾਬਪੋਸ਼ ਗੁੰਡੇ ਤਿੰਨ ਘੰਟੇ ਤਕ ਵਰਸਿਟੀ ’ਚ ਵਿਦਿਆਰਥੀਆਂ ਦੀ ਕੁੱਟਮਾਰ ਕਰਦੇ ਹਨ। ਉਹ ਪੁਲੀਸ ਦੀ ਮੌਜੂਦਗੀ ’ਚ ਮੁੱਖ ਗੇਟ ਰਾਹੀਂ ਦਾਖ਼ਲ ਹੁੰਦੇ ਹਨ।’ ਉਨ੍ਹਾਂ ਕਿਹਾ ਕਿ ਇਹ ਘਟਨਾ ਕਥਿਤ ਉਪ ਕੁਲਪਤੀ ਦੀ ਸ਼ਹਿ ਤੋਂ ਬਿਨਾਂ ਨਹੀਂ ਘਟ ਸਕਦੀ। ਇਸ ਦੌਰਾਨ ਜੇਐੱਨਯੂ ਵਿਦਿਆਰਥੀ ਜਿਵੇਂ ਹੀ ਰਾਸ਼ਟਰਪਤੀ ਭਵਨ ਵੱਲ ਵਧੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਅਮਨ ਤੇ ਕਾਨੂੰਨ ਬਣਾਏ ਰੱਖਣ ਦੀ ਅਪੀਲ ਕੀਤੀ।

Previous articleIL&FS case: NCLAT seeks clarity on proceedings against auditors
Next articleਦੇਸ਼ ਮੁਸ਼ਕਿਲ ਦੌਰ ’ਚੋਂ ਗੁਜ਼ਰ ਰਿਹੈ: ਸੁਪਰੀਮ ਕੋਰਟ