ਹਰ ਇਕ ਡਾਲਰ ਦੇ ਬਰਾਬਰ ਯੋਗਦਾਨ ਪਾਉਣ ਦਾ ਐਲਾਨ
ਕਨੇਡਾ ਸਰੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸਰੀ- ਕੈਂਸਰ ਦੇ ਇਲਾਜ ਅਤੇ ਖੋਜ ਲਈ ਕੈਨੇਡਾ ਵਾਕ ਕਰਨ ਵਾਲੇ ਪ੍ਰੋ ਅਵਤਾਰ ਸਿੰਘ ਵਿਰਦੀ ਦੀ ਫੰਡਰੇਜਿੰਗ ਮੁਹਿੰਮ ਨੂੰ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਨੇ ਆਪਣੀ ਇਸ ਮੁਹਿੰਮ ਲਈ ਇਕ ਮਿਲੀਅਨ ਡਾਲਰ ਇਕੱਠਾ ਕਰਕੇ ਬੀ ਸੀ ਕੈਂਸਰ ਫਾਊਂਡੇਸ਼ਨ ਨੂੰ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਉਹਨਾਂ ਦੀ ਇਸ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋ ਕੈਨੇਡਾ ਦੇ ਉਘੇ ਬਿਜਨੈਸਮੈਨ ਸ ਮਨਜੀਤ ਸਿੰਘ ਲਿਟ ਨੇ ਐਲਾਨ ਕੀਤਾ ਕਿ ਉਹ ਪ੍ਰੋ ਵਿਰਦੀ ਵਲੋ ਇਕੱਤਰ ਕੀਤੇ ਜਾ ਰਹੇ ਹਰ ਇਕ ਡਾਲਰ ਨਾਲ ਇਕ ਡਾਲਰ ਮੈਚ ਕਰਨਗੇ। ਭਾਵ ਪ੍ਰੋ ਵਿਰਦੀ ਵਲੋ ਇਕ ਲੱਖ ਡਾਲਰ ਇਕੱਠਾ ਹੋਣ ਤੇ ਉਹ ਆਪਣੇ ਵਲੋ ਇਕ ਲੱਖ ਡਾਲਰ ਦਾ ਯੋਗਦਾਨ ਪਾਉਣਗੇ। ਉਹਨਾਂ ਦੇ ਇਸ ਐਲਾਨ ਦਾ ਪ੍ਰੋ ਵਿਰਦੀ ਨੇ ਸਵਾਗਤ ਕਰਦਿਆਂ ਹੋਰ ਲੋਕਾਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਤਾਂਕਿ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨੂੰ ਜੜੋ ਖਤਮ ਕੀਤਾ ਜਾ ਸਕੇ।
ਇਸ ਮੌਕੇ ਉਘੇ ਸਮਾਜ ਸੇਵੀ ਜਤਿੰਦਰ ਸਿੰਘ ਜੇ ਮਿਨਹਾਸ ਅਤੇ ਸ ਇੰਦਰਜੀਤ ਸਿੰਘ ਬੈਂਸ ਨੇ ਸ ਲਿੱਟ ਦੇ ਐਲਾਨ ਦਾ ਸਵਾਗਤ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਹੈ। ਜਿ਼ਕਰਯੋਗ ਹੈ ਕਿ ਪ੍ਰੋ ਵਿਰਦੀ ਦੀ ਕੈਂਸਰ ਖਿਲਾਫ ਮੁਹਿੰਮ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਲੋ ਸਪਾਂਸਰ ਕੀਤਾ ਗਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly