ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਪ੍ਰਾਇਮਰੀ ਦੀਆਂ ਪੋਸਟਾਂ ਖਤਮ ਕਰਨ ਦੇ ਵਿਰੋਧ ਵਿੱਚ ਸੰਘਰਸ਼ ਦਾ ਐਲਾਨ

ਕੈਪਸ਼ਨ-ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਪ੍ਰਾਇਮਰੀ ਦੀਆਂ ਪੋਸਟਾਂ ਖਤਮ ਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦੇ ਹੋਏ

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਖਤ ਸੰਘਰਸ਼ ਲਈ ਤਿਆਰ ਹੈ ਜਥੇਬੰਦੀ-ਵੜੈਚ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਜਥੇਬੰਦੀ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਪ੍ਰਾਇਮਰੀ ਸਕੂਲਾਂ ਵਿੱਚੋਂ ਖਤਮ ਕੀਤੀਆਂ ਜਾ ਰਹੀਆਂ ਈ.ਟੀ.ਟੀ.ਅਧਿਆਪਕਾਂ ਦੀਆਂ ਅਸਾਮੀਆਂ ਦੇ ਵਿਰੁੱਧ ਲਾਮਬੰਦੀ ਕਰਨ ਲਈ ਜਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ। ਕਪੂਰਥਲਾ ਵਿਖੇ ਸਥਾਨਿਕ ਸ਼ਾਲਾਮਾਰ ਬਾਗ ਵਿਖੇ ਈ.ਟੀ.ਟੀ.ਅਧਿਆਪਕ ਯੂਨੀਅਨ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਸ੍ਰ.ਰਛਪਾਲ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਵੱਖ ਵੱਖ ਬਲਾਕਾਂ ਤੋਂ ਆਗੂ ਹਾਜਰ ਹੋਏ।

ਮੀਟਿੰਗ ਨੂੰ ਸੰਬੋਧਿਨ ਕਰਦਿਆਂ ਸ੍ਰ.ਵੜੈਚ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ 2004 ਤੋਂ ਬਾਦ ਭਰਤੀ ਮੁਲਾਜਮਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਨਵੀਂ ਪੈਨਸ਼ਨ ਸਕੀਮ ਖਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ ਪਰ ਚਾਰ ਸਾਲ ਬੀਤਣ ਤੇ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਜਥੇਬੰਦੀ ਆਉਣ ਵਾਲੇ ਦਿਨਾਂ ਚ ਇਸ ਮੰਗ ਨੂੰ ਲੈ ਕੇ ਪੰਜਾਬ ਭਰ ਵਿੱਚ ਤਿੱਖਾ ਸੰਘਰਸ਼ ਲੜਨ ਜਾ ਰਹੀ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਪ੍ਰੀ ਪਰਾਇਮਰੀ ਦੇ ਨਾਂ ਤੇ ਪਰਾਇਮਰੀ ਸਕੂਲਾਂ ਵਿੱਚੋਂ ਈ.ਟੀ.ਟੀ.ਦੀਆਂ ਹਜਾਰਾਂ ਪੋਸਟਾਂ ਖਤਮ ਕਰ ਦਿੱਤੀਆਂ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਦੇ ਵਿਰੁੱਧ ਸਖਤ ਫੈਸਲੇ ਲਏ ਜਾਣਗੇ।

ਉਹਨਾਂ ਪੂਰੇ ਜਿਲ੍ਹੇ ਦੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਜਿਸ ਤਰਾਂ ਜਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਚ ਵਾਪਸੀ ਲਈ ਜਥੇਬੰਦੀ ਵੱਲੋਂ ਲੜੇ ਸੰਘਰਸ਼ ਚ ਕਾਡਰ ਨੇ ਸਾਥ ਦਿੱਤਾ ਸੀ ਹੁਣ ਵੀ ਉਸੇ ਤਰ੍ਹਾਂ ਕਾਡਰ ਸਾਥ ਦੇਵੇ ਤਾਂ ਜੋ ਪੁਰਾਣੀ ਪੈਨਸ਼ਨ ਦੀ ਬਹਾਲੀ ਸਮੇਤ ਹੋਰ ਮੰਗਾਂ ਮਨਵਾਈਆਂ ਜਾ ਸਕਣ। ਇਸ ਮੌਕੇ ਹਾਜਰ ਆਗੂਆਂ ਨੇ ਪੰਜਾਬ ਸਰਕਾਰ ਵਿਰੱਧ ਨਾਅਰੇਬਾਜੀ ਕੀਤੀ। ਅੱਜ ਦੀ ਮੀਟਿੰਗ ਵਿੱਚ ਜਿਲ੍ਹਾ ਸਕੱਤਰ ਗੁਰਮੇਜ ਸਿੰਘ ਤਲਵੰਡੀ,ਸਰਪ੍ਰਸਤ ਇੰਦਰਜੀਤ ਸਿੰਘ ਥਿੰਦ,ਸੂਬਾ ਕਮੇਟੀ ਮੈਂਬਰ ਦਲਜੀਤ ਸਿੰਘ ਸੈਣੀ,ਬਲਾਕ ਸੁਲਤਾਨਪੁਰ ਲੋਧੀ ਤੋਂ ਪ੍ਰਧਾਨ ਸ਼ਿੰਦਰ ਸਿੰਘ ਜੱਬੋਵਾਲ,ਜਸਵਿੰਦਰ ਸਿੰਘ ਸ਼ਿਕਾਰਪੁਰ,ਬਲਾਕ ਮਸੀਤਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲੇਵਾਲ,ਜਿਲ੍ਹਾ ਕੈਸ਼ੀਅਰ ਅਵਤਾਰ ਸਿੰਘ,ਯਾਦਵਿੰਦਰ ਸਿੰਘ ਪੰਡੋਰੀ,ਰੇਸ਼ਮ ਸਿੰਘ ਬੂੜੇਵਾਲ,ਤੇਜਿੰਦਰ ਸਿੰਘ,ਯੋਗੇਸ਼ ਕੁਮਾਰ ਸ਼ੌਰੀ,ਦੀਪਕ ਕੁਮਾਰ,ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ,ਰੁਪਿੰਦਰਜੀਤ ਰਾਜਾ,ਗੁਰਪ੍ਰੀਤ ਸਿੰਘ ਬੂਲਪੁਰ,ਬਲਾਕ ਕਪੂਰਥਲਾ 2 ਦੇ ਪ੍ਰਧਾਨ ਲਕਸ਼ਦੀਪ ਸ਼ਰਮਾਂ, ਦਿਨੇਸ਼ ਸ਼ਰਮਾ,ਬਲਾਕ ਭੁਲੱਥ ਤੋ ਬਲਵੀਰ ਸਿੰਘ,ਬਲਾਕ ਕਪੂਰਥਲਾ 2 ਤੋਂ ਦਵਿੰਦਰ ਸਿੰਘ,ਇੰਦਰਜੀਤ ਗੋਪੀਪੁਰ,ਸਾਹਬ ਸਿੰਘ ਆਦਿ ਹਾਜਰ ਸਨ।

Previous articleआर सी एफ ने किया दो नए कोच शॉवर टेस्‍टिंग रिगों का इंस्‍टालेशन
Next articleश्रम कानूनों पर कन्वेंशन करवाई गई