ਪੇਸ਼ਕਸ਼:- ਅਮਰਜੀਤ ਚੰਦਰ, ਲੁਧਿਆਣਾ 9417600014
ਕ੍ਰਿਸਮਿਸ ਇਕ ਹਰ ਧਰਮ ਦੇ ਤਿਉਹਾਰਾਂ ਦੀ ਤਰ੍ਹਾਂ ਈਸਾਈਆਂ ਦਾ ਤਿਉਹਾਰ ਹੈ ਇਸ ਦਾ ਸਬੰਧ ਸੂਰਜ ਨਾਲ ਹੈ। ਬਾਕੀ ਤਿਉਹਾਰਾਂ ਵਾਂਗ ਇਸ ਤਿਉਹਾਰ ‘ਤੇ ਵੀ ਧਰਮ ਨੇ ਚਾਦਰ ਪਾ ਲਈ ਤਾਂ ਕ੍ਰਿਸਚੀਅਨ ਭਾਈਚਾਰਾ ਇਸ ਤਿਉਹਾਰ ਨੂੰ ਈਸਾ ਮਸੀਹ ਦੇ ਜਨਮ ਦਿਨ ਵਜੋਂ ਮਨਾਉਣ ਲੱਗਾ। ਹੌਲੀ ਹੌਲੀ ਕ੍ਰਿਸਚੀਅਨ ਭਾਈਚਾਰਾ ਏਡਾ ਭਾਰੀ ਹੋ ਗਿਆ ਕਿ ਇਸ ਤਿਉਹਾਰ ਦੀ ਅਸਲ ਹੋਂਦ ਧੁੰਦਲੀ ਹੋ ਗਈ। ਇਤਿਹਾਸ ਗਵਾਹ ਹੈ ਕਿ ਤਾਕਤਵਰ ਹਮੇਸ਼ਾ ਹੀ ਇਤਿਹਾਸ ਨੂੰ ਆਪਣੀ ਮਰਜ਼ੀ ਮੁਤਾਬਕ ਢਾਲਦਾ ਆਇਆ ਹੈ ਤਾਂ ਅੱਜ ਤੱਕ ਢੱਲਦਾ ਜਾ ਰਿਹਾ ਹੈ।
ਪੁਰਾਤਨ ਮਨੁੱਖ ਧਰਤੀ ਨੂੰ ਧੁਰਾ ਮੰਨ ਕੇ ਚੰਦ ਸੂਰਜ ਨੂੰ ਧਰਤੀ ਦੁਆਲੇ ਘੁੰਮਦਾ ਮੰਨਦਾ ਸੀ। ਵਧਦੇ ਘੱਟਦੇ ਚੰਦਰਮਾ ਨੂੰ ਤੱਕ ਕੇ ਉਸ ਨੇ ਸਮੇਂ ਦੇ ਮਾਪ ਤੋਲ ਲਈ ਕੈਲੰਡਰ ਬਣਾ ਲਿਆ। ਕੁਝ ਤਿਉਹਾਰ ਉਸਨੇ ਚੰਦਰਮਾ ਦੇ ਵਧਣ ਘਟਣ ਨਾਲ ਅਤੇ ਕੁਝ ਚੰਦਰਮਾ ਨੂੰ ਕੈਲੰਡਰ ਮੰਨ ਕੇ ਵਾਪਰੀਆਂ ਘਟਨਾਵਾਂ ਦੇ ਆਧਾਰ ਤੇ ਬਣਾ ਲਏ। ਜਿਵੇਂ ਮੱਸਿਆ, ਪੁੰਨਿਆਂ, ਦੀਵਾਲੀ, ਈਦ ਮੁਬਾਰਕ, ਰੱਖੜ ਪੁੰਨਿਆਂ, ਕਰਵਾ ਚੌਥ ਅਤੇ ਦੁਸਹਿਰਾ ਆਦਿ।
ਕੁਝ ਤਿਉਹਾਰ ਸੂਰਜ ਨਾਲ ਜੁੜੇ ਹੋਏ ਹਨ। ਅੱਜ ਅਸੀਂ ਸਿਰਫ ਇਕ ਤਿਉਹਾਰ ਦੀ ਗੱਲ ਕਰਾਂਗੇ, ਜਿਸ ਨੂੰ ਕ੍ਰਿਸਮਿਸ ਵਜੋਂ ਮਨਾਇਆ ਜਾਂਦਾ ਹੈ। ਸੂਰਜ ਅਕਾਰ ਵਿਚ ਤਾਂ ਇਕੋ ਸਮਾਨ ਰਹਿੰਦਾ ਹੈ ਪਰ ਇਸ ਦੀ ਹਾਜ਼ਰੀ ਦਾ ਸਮਾਂ ਬਦਲਣ ਨਾਲ ਕਦੇ ਅੰਤਾਂ ਦੀ ਗਰਮੀ ਅਤੇ ਕਦੇ ਠੁਰ ਠੁਰ ਕਰਦਾ ਪਾਲਾ। ਭਰ ਜਵਾਨ ਸੂਰਜ ਦੀ ਗਰਮੀ ਤੋਂ ਬਚਣ ਲਈ ਮਨੁੱਖ ਕੁੱਲੀਆਂ ਬਣਾ ਸਕਦਾ ਸੀ। ਉਸ ਦੇ ਕੋਲ ਛਾਂ ਲਈ ਦਰਖਤ ਸਨ। ਦਰਿਆਵਾਂ, ਟੋਭਿਆਂ ਵਿਚ ਵੀ ਚੁੱਭੀਆਂ ਲਾ ਸਕਦਾ ਸੀ। ਸੂਰਜ ਦੇਵਤੇ ਨੂੰ ਸ਼ਾਂਤ ਕਰਨ ਲਈ ਮਨੁੱਖ ਨੇ ਸਵੇਰੇ ਉੱਠ ਕੇ ਸੂਰਜ ਨੂੰ ਪਾਣੀ ਅਰਪਨ ਕਰਨਾ ਸ਼ੁਰੂ ਕੀਤਾ।ਸੂਰਜ ਅਲੋਪ ਹੁੰਦਿਆਂ ਹੀ ਠਰੂੰ ਠਰੂੰ ਕਰਦੀ ਸਰਦੀ ਜਦ ਆ ਡੇਰਾ ਜਮਾਉਂਦੀ ਤਾਂ ਠੰਡ ਤੋਂ ਬਚਣ ਲਈ ਮਨੁੱਖ ਪਾਸ ਸਿਰਫ ਅੱਗ ਦਾ ਸਹਾਰਾ ਸੀ। ਉਹ ਵੀ ਤਾਂ ਅੱਗ ਵਾਲੇ ਪਾਸੇ ਨਿੱਘ ਹੁੰਦਾ, ਬਾਕੀ ਸਾਰਾ ਜਿਸਮ ਤਾਂ ਨਿੱਘ ਵਿਚ ਨਹੀਂ ਲਪੇਟਿਆ ਜਾ ਸਕਦਾ ਸੀ। ਜਦ ਕਦੇ ਧੁੰਦ ਕਾਰਨ ਸੂਰਜ ਭਗਵਾਨ ਦੇ ਕਈ ਦਿਨ ਦਰਸ਼ਨ ਨਾ ਹੁੰਦੇ ਤਾਂ ਮਨੁੱਖ ਨੂੰ ਘਬਰਾਹਟ ਹੋਣੀ ਸੁਭਾਵਕ ਹੀ ਸੀ। ਉੱਪਰੋਂ ਪੁਜਾਰੀ ਤਬਕਾ ਦੱਸਦਾ ਕਿ ਸੂਰਜ ਦੇਵਤਾ ਤਾਂ ਧੁੰਦ ਦੇ ਦੈਂਤ ਨਾਲ ਜੰਗ ਵਿਚ ਰੁੱਝਾ ਹੋਇਆ ਹੈ। ਉਹ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਹੈ। ਸਾਨੂੰ ਉਸਦੀ ਮਦਦ ਲਈ ਪੂਜਾ ਪਾਠ ਕਰਨਾ ਚਾਹੀਦਾ ਹੈ। ਕੋਈ ਕੁਰਬਾਨੀ ਦੇਣੀ ਚਾਹੀਦੀ ਹੈ।
ਸਾਡੇ ਪੂਰਵਜਾਂ ਪਾਸ ਵਿਗਿਆਨਕ ਖੋਜ ਤਾਂ ਹੈ ਨਹੀਂ ਸੀ, ਉਹਨਾਂ ਦਾ ਜੀਵਨ ਤਾਂ ਮਿਥਿਹਾਸ ਸਹਾਰੇ ਚੱਲ ਰਿਹਾ ਸੀ। ਕਮਜ਼ੋਰ ਹੋਏ ਸੂਰਜ ਨੂੰ ਮਦਦ ਦੇਣ ਦੀ ਪਰਥਾ ਕੋਈ ਚਾਰ ਹਜ਼ਾਰ ਸਾਲ ਪੁਰਾਣੀ ਹੈ। ਮੈਸੋਪਟੇਮੀਆਂ ਫਰਾਤ ਅਤੇ ਟਾਈਗਰਸ ਦਰਿਆਵਾਂ ਦੇ ਵਿਚਾਲੇ ਦੇ ਇਲਾਕੇ (ਟਾਈਗਰਸ ਦਰਿਆ ਇਰਾਕ ਵਿਚ ਹੈ ਅਤੇ ਫਰਾਤ ਈਰਾਨ ਵਿਚ) ਦੇ ਇਤਿਹਾਸ ਵਿੱਚੋਂ ਕੋਈ ਚਾਰ ਹਜ਼ਾਰ ਸਾਲ ਤੋਂ ਸੂਰਜ ਦੀ ਮਦਦ ਲਈ ਕੀਤੇ ਉਪਰਾਲੇ ਦੀ ਜਾਣਕਾਰੀ ਮਿਲਦੀ ਹੈ। ਜਦ ਸੂਰਜ ਘੱਟ ਤੋਂ ਘੱਟ ਸਮੇਂ ਲਈ ਹਾਜ਼ਰੀ ਭਰਨ ਲੱਗਾ ਤਾਂ ਉਸਦੀ ਸਹਾਇਤਾ ਲਈ ਮੈਸੋਪਟੇਮੀਆਂ ਦਾ ਰਾਜਾ ਆਪਣੇ ਸਭ ਤੋਂ ਤਾਕਤਵਰ ਦੇਵਤੇ ਮਰਡੂਕ ਦੀ ਪੂਜਾ ਕਰਨ ਉਸ ਦੇ ਮੰਦਰ ਜਾਂਦਾ। ਪੂਜਾ ਤੋਂ ਉਪਰੰਤ ਰਾਜੇ ਦੀ ਕੁਰਬਾਨੀ ਦੇਣੀ ਹੁੰਦੀ ਸੀ ਤਾਂ ਕਿ ਉਹ ਮਰਡੂਕ ਦੇਵਤੇ ਨਾਲ ਰਲ ਕੇ ਸੂਰਜ ਨੂੰ ਧੁੰਦ ਦੇ ਦੈਂਤ ਤੋਂ ਛੁਡਵਾ ਲਵੇ। ਰਾਜੇ ਦੀ ਜਾਨ ਬਚਾਉਣ ਲਈ ਰਾਜੇ ਦੀ ਥਾਂ ਕਿਸੇ ਅਪਰਾਧੀ ਦੀ ਚੋਣ ਹੁੰਦੀ। ਉਸ ਨੂੰ ਰਾਜੇ ਦੇ ਬਸਤਰਾਂ ਵਰਗੇ ਬਸਤਰ ਪੁਆਏ ਜਾਂਦੇ। ਰਾਜੇ ਵਰਗੀਆਂ ਸਭ ਸੁਵਿਧਾਵਾਂ ਦਿੱਤੀਆਂ ਜਾਂਦੀਆਂਂ। ਰਾਜੇ ਜਿੰਨੀ ਇਜ਼ਤ ਹੁੰਦੀ। ਪੂਜਾ ਤੋਂ ਬਾਅਦ ਰਾਜੇ ਵਾਲੀ ਪੁਸ਼ਾਕ ਉਤਾਰ ਕੇ ਉਸ ਅਪਰਾਧੀ ਦੀ ਕੁਰਬਾਨੀ ਦੇ ਦਿੱਤੀ ਜਾਂਦੀ। ਇਹ ਸਾਰੀ ਪ੍ਰਕਿਰਿਆ ਬਾਰਾਂ ਦਸੰਬਰ ਤੋਂ ਸ਼ੁਰੂ ਹੁੰਦੀ ਅਤੇ ਬਾਰਾਂ ਦਿਨ ਚਲਦੀ।
ਇਸੇ ਤਰ੍ਹਾਂ ਹੀ ਪਰਸ਼ੀਅਨ ਅਤੇ ਬਿਬਲੋਨੀਅਨ ਦੇ ਲੋਕ ਇਹੋ ਜਿਹੇ ਉਪਰਾਲੇ ਕਰਦੇ। ਉਹਨਾਂ ਵਿਚ ਫਰਕ ਸਿਰਫ ਇਹ ਹੁੰਦਾ ਕਿ ਉਨੇ ਦਿਨ ਜੋ ਮਾਲਕ ਸਨ ਉਹ ਗੁਲਾਮ ਹੋ ਜਾਂਦੇ ਅਤੇ ਜੋ ਉਹਨਾਂ ਦੇ ਗੁਲਾਮ ਹੁੰਦੇ ਉਹ ਉਸ ਸਮ੍ਹੇਂ ਮਾਲਕ ਬਣ ਜਾਦੇ।ਉਸ ਸਮ੍ਹੇਂ ਦੇ ਮਾਲਕਾਂ ਨੂੰ ਗੁਲਾਮਾਂ ਦੀ ਤਾਬਿਦਾਰੀ ਕਰਨੀ ਪੈਂਦੀ। ਇਸ ਤਿਉਹਾਰ ਦੀ ਪੂਜਾ ਪਾਠ ਨੂੰ ਉਹ ਸਾਕਿਹੀਆ ਕਹਿੰਦੇ।ਉਸ ਸਮ੍ਹੇਂ ਸਕੈਂਡੇਨੇਵੀਆ ਵਿਚ ਸੂਰਜ ਕੋਈ ਪੈਂਤੀ ਦਿਨ ਨਜ਼ਰ ਹੀ ਨਹੀਂ ਆਉਂਦਾ।
ਕ੍ਰਿਸਮਿਸ ਕ੍ਰਾਈਸਟ ਦਾ ਜਨਮ ਦਿਨ ਈਸਾ ਮਸੀਹ ਨੂੰ ਕ੍ਰਾਈਸਟ ਵੀ ਕਿਹਾ ਜਾਂਦਾ ਹੈ। ਉਸ ਦੇ ਪੈਰੋਕਾਰਾਂ ਨੂੰ ਕ੍ਰਿਸਚੀਅਨ ਅਤੇ ਉਸ ਦੇ ਜਨਮ ਦਿਨ ਤੇ ਮਨਾਏ ਗਏ ਜਸ਼ਨ ਨੂੰ ਕ੍ਰਿਸਮਿਸ। ਈਸਾ ਮਸੀਹ ਦੀ ਸ਼ਹਾਦਤ ਤੋਂ ਬਾਅਦ ਉਸਦੇ ਸੇਵਕਾਂ ਨੂੰ ਬੇਹਦ ਕੁਰਬਾਨੀਆਂ ਦੇਣੀਆਂ ਪਈਆਂ। ਜਨਮ ਦਿਨ ਮਨਾਉਣਾ ਤਾਂ ਇਕ ਪਾਸੇ ਰਿਹਾ, ਉਹ ਤਾਂ ਇਕੱਠੇ ਵੀ ਚੋਰੀ ਛਿੱਪੇ ਹੁੰਦੇ ਸਨ। ਪਾਲ ਯਹੂਦੀ ਸੀ, ਰੋਮ ਦਾ ਜੰਮਪਲ ਹੋਣ ਕਾਰਨ ਰੋਮਨ ਸੀ। ਉਸ ਨੇ ਖੁਦ ਕ੍ਰਾਈਸਟ ਨੂੰ ਦੇਖਿਆ ਤਕ ਨਹੀਂ ਸੀ। ਬਾਕੀ ਯਹੂਦੀਆਂ ਵਾਂਗ ਉਹ ਇਸ ਨਵੇਂ ਧਰਮ ਨਾਲ ਬੇਹਦ ਨਫਰਤ ਕਰਦਾ ਸੀ। ਉਸ ਨੇ ਇਸ ਨਵੇਂ ਧਰਮ ਨੂੰ ਖਤਮ ਕਰਨ ਲਈ ਬਹੁਤ ਸਾਰੇ ਕ੍ਰਿਸਚੀਅਨ ਨੂੰ ਫੜਾਇਆ ਵੀ ਸੀ, ਜਿਹਨਾਂ ਨੂੰ ਉਸ ਵਕਤ ਬੜੇ ਅਣਮਨੁੱਖੀ ਤਸੀਹੇ ਦਿੱਤੇ ਗਏ। ਬਾਅਦ ਵਿਚ ਉਸ ਨੇ ਖੁਦ ਹੀ ਕ੍ਰਿਸਚੀਅਨ ਧਰਮ ਅਪਣਾ ਲਿਆ। ਬਹੁਤ ਹੁਸ਼ਿਆਰ ਸੀ, ਕਾਫੀ ਪੜ੍ਹਿਆ ਲਿਖਿਆ ਸੀ। ਬਹੁਤ ਜਲਦ ਹੀ ਉਹ ਕ੍ਰਿਸਚੀਅਨਾਂ ਦਾ ਸਿਰਕੱਢ ਨੇਤਾ ਬਣ ਗਿਆ। ਉਸਨੇ ਕ੍ਰਿਸਚੀਐਨਿਟੀ ਨੂੰ ਦੂਰ ਦੁਰਾਡੇ ਪ੍ਰਚਾਰਨ ਦਾ ਪਰੋਗਰਾਮ ਉਲੀਕਿਆ। ਇਸ ਨੂੰ ਪਾਲ ਦੀ ਕ੍ਰਿਸਚੀਐਨਿਟੀ ਕਹਿਣਾ ਨਾਵਾਜਬ ਨਹੀਂ ਹੋਵੇਗਾ। ਉਸ ਨੇ ਪੈਜਨਸ ਕੌਮਾਂ ਵਿਚ (ਦੇਵੀ ਦੇਵਤਿਆਂ ਵਿਚ ਵਿਸ਼ਵਾਸ ਰੱਖਣ ਵਾਲੀਆਂ ਕੌਮਾਂ) ਕ੍ਰਿਸਚੀਐਨਿਟੀ ਦਾ ਪਰਚਾਰ ਕੀਤਾ। ਹਰ ਰੋਜ਼ ਜਨ ਸਾਧਾਰਣ ਉਹਨਾਂ ਨਾਲ ਜੁੜਨ ਲੱਗਾ।
ਫਿਰ ਇਕ ਸਮਾਂ ਅਜਿਹਾ ਵੀ ਆਇਆ ਕਿ ਰੋਮ ਬਾਦਸ਼ਾਹ ਕੋਨਸਟੇਟੀਨ ਇਕ ਲੜਾਈ ਵਿਚ ਹਾਰ ਗਿਆ। ਉਸ ਨੇ ਸੋਚਿਆ ਕਿ ਉਹਨਾਂ ਦੇ ਪੁਰਖਿਆਂ ਦਾ ਰੱਬ ਕਮਜ਼ੋਰ ਹੋ ਚੁੱਕਾ ਹੈ। ਅਗਰ ਉਸਨੂੰ ਅਗਲੀ ਲੜਾਈ ਵਿਚ ਜਿੱਤ ਪ੍ਰਾਪਤ ਹੋਈ ਤਾਂ ਉਹ ਇਸ ਨਵੇਂ ਉੱਭਰ ਰਹੇ ਧਰਮ ਨੂੰ ਅਪਣਾ ਲਵੇਗਾ। ਕੁਦਰਤ ਦੀ ਮਿਹਰ ਹੋਈ ਉਸ ਦੀ ਜਿੱਤ ਹੋਈ ਅਤੇ ਉਹ ਵੀ ਕ੍ਰਿਸਚੀਅਨ ਬਣ ਗਿਆ। ਰੋਮ ਵਿਚ ਕ੍ਰਿਸਚੀਅਨ ਚਰਚ ਤੋਂ ਪਾਬੰਦੀ ਹਟਾ ਲਈ ਗਈ। ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ (ਰਾਜ ਬਿਨਾਂ ਨਹੀਂ ਧਰਮ ਚਲੇ ਹੈ) ਕੰਮ ਕਰਨ ਲੱਗਾ। ਕ੍ਰਿਸਚਿਐਨਿਟੀ ਦਾ ਫੈਲਾ ਸ਼ੁਰੂ ਹੋ ਗਿਆ। ਨਵੇਂ ਬਣੇ ਕ੍ਰਿਸਚੀਅਨ ਪੁਰਾਣੇ ਢੰਗ ਨਾਲ ਹੀ ਸੂਰਜ ਦੇ ਆਗਮਨ ਦਾ ਤਿਉਹਾਰ ਮਨਾਉਣ, ਕ੍ਰਿਸਚੀਅਨ ਰਹਿਬਰਾਂ ਨੂੰ ਇਹ ਮਨਜ਼ੂਰ ਨਹੀਂ ਸੀ। ਕ੍ਰਿਸਚੀਅਨ ਆਗੂਆਂ ਨੇ ਪੈਰੋਕਾਰਾਂ ਨੂੰ ਆਦੇਸ਼ ਦਿੱਤਾ ਕਿ ਇਹ ਤਿਉਹਾਰ ਪੈਜਨਸ ਲੋਕਾਂ ਦਾ ਹੈ, ਸਾਨੂੰ ਨਹੀਂ ਮਨਾਉਣਾ ਚਾਹੀਦਾ। ਕੁਝ ਸਫਲਤਾ ਤਾਂ ਹੋਈ ਪਰ ਉਹ ਇਸ ਤਿਉਹਾਰ ਨੂੰ ਪੂਰੀ ਤਰ੍ਹਾਂ ਨਾ ਰੋਕ ਸਕੇ। ਕ੍ਰਾਈਸਟ ਦੀ ਸ਼ਹਾਦਤ ਤੋਂ 98 ਸਾਲ ਬਾਅਦ ਫੇਰ ਆਗੂਆਂ ਨੇ ਇਕ ਹੋਰ ਪੈਂਤੜਾ ਅਪਣਾਇਆ ਕਿ ਇਹ ਤਿਉਹਾਰ ਚਰਚ ਅੰਦਰ ਬੈਠ ਕੇ ਪੂਜਾ ਪਾਠ ਨਾਲ ਮਨਾਇਆ ਜਾਵੇਗਾ। ਦੂਸਰੀ ਤਬਦੀਲੀ ਕ੍ਰਾਈਸਟ ਦੀ ਸ਼ਹਾਦਤ ਤੋਂ 137 ਸਾਲ ਬਾਅਦ ਰੋਮ ਦੇ ਬਿਸ਼ਪ ਨੇ ਆਪਣੇ ਸੇਵਕਾਂ ਨੂੰ ਪੂਜਾ ਪਾਠ ਦੇ ਨਾਲ ਨਾਲ ਇਕ ਦਾਅਵਤ ਕਰਨ ਲਈ ਵੀ ਆਦੇਸ਼ ਦਿੱਤੇ। ਕ੍ਰਾਈਸਟ ਦੀ ਸ਼ਹਾਦਤ ਤੋਂ ਕੋਈ 350 ਸਾਲ ਬਾਅਦ ਰੋਮ ਦੇ ਬਿਸ਼ਪ ਜੂਲੀਅਸ-1 ਨੇ 25 ਦਸੰਬਰ ਕ੍ਰਾਈਸਟ ਦਾ ਜਨਮ ਦਿਨ ਘੋਸ਼ਤ ਕਰ ਦਿੱਤਾ। ਉਸ ਵਕਤ ਤੋਂ ਕ੍ਰਿਸਮਸ ਕ੍ਰਾਈਸਟ ਦੇ ਜਨਮ ਦਿਨ ਵਜੋਂ ਮਨਾਈ ਜਾਣ ਲੱਗੀ। ਧਰਮ ਦਾ ਰੰਗ ਏਡਾ ਗੂੜ੍ਹਾ ਚੜ੍ਹਿਆ ਕਿ ਉਸ ਨੇ ਸਾਰੇ ਪੁਰਾਣੇ ਰੰਗ ਲਕੋ ਲਏ। ਕਈ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਕ੍ਰਾਈਸਟ ਦੇ ਜਨਮ ਦੀ ਤਾਰੀਖ 25 ਦਸੰਬਰ ਇਸ ਲਈ ਚੁਣੀ ਗਈ ਕਿ ਉਹ ਨਵੇਂ ਬਣੇ ਕ੍ਰਿਸਚੀਅਨਾਂ ਨੂੰ ਪੈਜਨਸ ਤਿਉਹਾਰ ਦਾ ਬਦਲ ਦੇ ਸਕਣ। ਉਹ ਮੌਸਮੀ ਤਿਉਹਾਰ ਅੱਜ ਸਿਰਫ ਕ੍ਰਿਸਚੀਅਨ ਤਿਉਹਾਰ ਬਣ ਕੇ ਰਹਿ ਗਿਆ ਹੈ।ਜ਼ਿਆਦਾਤਰ ਉਸ ਦੇ ਪੈਰੋਕਾਰ ਆਰਥਕ ਪੱਖੋਂ ਕਮਜ਼ੋਰ ਸਨ।25 ਦਸੰਬਰ ਨੂੰ ਉਹ ਕ੍ਰਾਈਸਟ ਦੇ ਜਨਮ ਤੇ ਚਰਚ ਵਿਚ ਇਕੱਠੇ ਹੋ ਕੇ ਖੁਸ਼ੀ ਮਨਾਉਂਦੇ।
ਸਮਾਂ ਕਦੇ ਖੜਦਾ ਨਹੀਂ ਅਤੇ ਨਾ ਹੀ ਰਸਮੋ ਰਿਵਾਜ। ਇਹ ਵੀ ਸਮੇਂ ਨਾਲ ਬਦਲਦੇ ਰਹਿੰਦੇ ਹਨ। ਯੋਰੋਸ਼ਲਮ ਦੇ ਅਫਰੀਕਾ ਤਕ ਫੈਲੀ ਤਾਂ ਉਹਨਾਂ ਦੇ ਰਸਮੋ ਰਿਵਾਜ ਦਾ ਪਰਛਾਵਾਂ ਵੀ ਕ੍ਰਿਸਮਿਸ ਤੇ ਪੈਣ ਲੱਗਾ। ਕ੍ਰਿਸਮਸ ਟਰੀ ਦੀ ਵਰਤੋਂ ਅੱਜ ਘਰਾਂ ਵਿਚ ਕ੍ਰਿਸਮਿਸ ਸੀਜ਼ਨ ਦੀ ਸ਼ੁਰੂਆਤ ਕ੍ਰਿਸਮਿਸ ਟਰੀ ਨਾਲ ਹੁੰਦੀ ਹੈ। ਵੱਖੋ ਵੱਖਰੇ ਢੰਗਾਂ ਨਾਲ ਸ਼ੰਗਾਰ ਕੇ ਸਿਖਰ ਇਕ ਤਾਰਾ ਟੰਗਿਆ ਜਾਂਦਾ ਹੈ। ਸਭ ਤੋਂ ਪਹਿਲਾਂ ਜਰਮਨ ਵਾਲਿਆਂ ਨੇ ਕੋਈ ਸੋਲ੍ਹਵੀਂ ਸਦੀ ਵਿਚ ਘਰਾਂ ਵਿਚ ਸ਼ੰਗਾਰਿਆ ਕ੍ਰਿਸਮਿਸ ਟਰੀ ਰੱਖ ਕੇ ਕ੍ਰਿਸਮਿਸ ਮਨਾਈ। ਉਸ ਦੇ ਹਾਰ ਸ਼ਿੰਗਾਰ ਲਈ ਸੇਬ, ਨਾਸ਼ਪਾਤੀਆਂ ਅਤੇ ਹੋਰ ਫਲ ਵਗੈਰਾ ਦੀ ਵਰਤੋਂ ਕੀਤੀ ਗਈ। ਬਾਅਦ ਵਿਚ ਹੋਰ ਕਈ ਕਿਸਮ ਦਾ ਚਮਕਦਾ ਦਮਕਦਾ ਹਾਰ ਸ਼ਿੰਗਾਰ ਬਾਜ਼ਾਰਾਂ ਵਿਚ ਆ ਗਿਆ। ਕਹਿੰਦੇ ਨੇ ਲੂਥਰ ਨਾਮ ਦਾ ਇਕ ਪਰੋਟੈਸਟੈਂਟ ਜਰਮਨ ਪਾਦਰੀ ਨੂੰ ਇਕ ਰਾਤ ਇਕ ਸਦਾਬਹਾਰ ਰਹਿਣ ਵਾਲੇ ਬੂਟੇ ਦੀਆਂ ਪਤੀਆਂ ਵਿਚ ਦੀ ਟਿਮਟਿਮਾਉਂਦੇ ਅਸਮਾਨੀ ਤਾਰੇ ਬੇਹਦ ਪਸੰਦ ਆਏ ਤਾਂ ਘਰ ਆ ਕੇ ਉਸ ਨੇ ਧਾਗੇ ਨਾਲ ਕ੍ਰਿਸਮਿਸ ਟਰੀ ਦੀਆਂ ਟਾਹਣੀਆਂ ਵਿਚ ਜਲਦੀਆਂ ਮੋਮਬੱਤੀਆਂ ਬੰਨ ਦਿੱਤੀਆਂ। ਅੱਜ ਬਿਜਲੀ ਦੇ ਰੰਗ ਬਰੰਗੇ ਬਲਬ ਸ਼ਿੰਗਾਰ ਦਾ ਇਕ ਜ਼ਰੂਰੀ ਹਿੱਸਾ ਬਣ ਗਏ ਹਨ। ਅਠਾਰਾਂ ਸੌ ਸੰਨਤਾਲੀ ਦੇ ਕ੍ਰਿਸਮਸ ਸੀਜ਼ਨ ਦੌਰਾਨ ਜਦ ਬ੍ਰਿਟਿਸ਼ ਲੋਕਾਂ ਨੇ ਆਪਣੀ ਹਰਦਿਲ ਅਜ਼ੀਜ਼ ਮਲਕਾ ਵਿਕਟੋਰੀਆ ਅਤੇ ਪ੍ਰਿੰਸ ਐਲਬਰਟ ਨੂੰ ਆਪਣੇ ਬੱਚਿਆਂ ਸਮੇਤ ਸ਼ਿੰਗਾਰੇ ਹੋਏ ਕ੍ਰਿਸਮਿਸ ਟਰੀ ਦੇ ਕੋਲ ਲੰਡਨ ਨਿਊਜ਼ ਵਿਚ ਛਪੀ ਤਸਵੀਰ ਵਿਚ ਦੇਖਿਆ ਤਾਂ ਸਾਰੇ ਇੰਗਲੈਂਡ ਵਿਚ ਕ੍ਰਿਸਮਿਸ ਟਰੀ ਕ੍ਰਿਸਮਿਸ ਤਿਉਹਾਰ ਦਾ ਇਕ ਜ਼ਰੂਰੀ ਅੰਗ ਬਣ ਗਿਆ। ਜਰਮਨ ਪਿਛੋਕੜ ਵਾਲੇ ਅਮਰੀਕਨ ਵਾਸੀਆਂ ਨੇ ਅਮਰੀਕਾ ਦੀ ਧਰਤੀ ਤੇ ਕੋਈ ਸਤਾਰਾਂ ਸੌ ਸੰਨਤਾਲੀ ਵਿਚ ਹੀ ਕ੍ਰਿਸਮਿਸ ਟਰੀ ਨੂੰ ਕ੍ਰਿਸਮਿਸ ਦਾ ਅੰਗ ਬਣਾ ਲਿਆ ਸੀ ਪਰ ਨਿਊ ਇੰਗਲੈਂਡ ਸਟੇਟ ਦੇ ਪਿਊਰੀਟਨ ਕ੍ਰਿਸਚੀਅਨ (ਕੈਥੋਲਿਕ, ਪਰੋਟੈਸਟੈਂਟ, ਪਿਉਰਟਨ, ਲੂਥਰਨ; ਕ੍ਰਿਸਚਿਐਨੇਟੀ ਦੇ ਵੱਖ ਵੱਖ ਫਿਰਕੇ) ਕ੍ਰਿਸਮਿਸ ਟਰੀ ਅਤੇ ਗਲੀਆਂ ਵਿਚ ਗੀਤ ਗਾਉਣ ਅਤੇ ਹੋਰ ਸਾਰੇ ਧੂਮ ਧੜੱਕੇ ਨੂੰ ਪੇਜਨਸ ਧਰਮ ਦਾ ਹਿੱਸਾ ਸਮਝਦੇ ਸਨ। ਇਹ ਸਭ ਰਸਮਾਂ ਕ੍ਰਾਈਸਟ ਤੋਂ ਪਹਿਲਾਂ ਜਰਮਨ ਵਾਲੇ ਸਰਦ ਰੁੱਤੇ ਜਦੋਂ ਹਰ ਪਾਸੇ ਸੋਕਾ ਹੀ ਸੋਕਾ ਨਜ਼ਰ ਆਉਣ ਲੱਗਾ ਤਾਂ ਦਾਨਵਾਂ ਤੋਂ ਆਪਣੇ ਘਰਾਂ ਨੂੰ ਬਚਾਉਣ ਲਈ ਆਪਣੇ ਘਰਾਂ ਅੱਗੇ ਸਦਾ ਬਹਾਰ ਦੀਆਂ ਟਾਹਣੀਆਂ ਟੰਗਦੇ ਸਨ। ਇਸੇ ਤਰ੍ਹਾਂ ਦੇ ਕੁਝ ਰਿਵਾਜ ਰੋਮ ਵਾਲਿਆਂ ਅਤੇ ਮਿਸਰ ਵਾਲਿਆਂ ਵਿਚ ਵੀ ਪ੍ਰਚਲਤ ਸਨ। ਰੋਮ ਵਾਲੇ ਤਾਂ ਸਾਡੀ ਲੋਹੜੀ ਦੇ ਤਿਉਹਾਰ ਵਾਂਗ ਗਲੀਆਂ ਵਿਚ ਗਾਉਂਦੇ ਫਿਰਦੇ ਹੁੰਦੇ ਸਨ। ਨਿਊ ਇੰਗਲੈਂਡ ਸਟੇਟ ਦੇ ਗਵਰਨਰ ਨੇ ਇਹਨਾਂ ਪੈਜਨਸ ਰਿਵਾਜ਼ਾਂ ‘ਤੇ ਪਾਬੰਦੀ ਲਗਾ ਦਿੱਤੀ। ਹੋਰ ਜਰਮਨ ਆਉਣ ਨਾਲ ਹੌਲੀ ਹੌਲੀ ਕੋਈ ਉੰਨੀਵੀਂ ਸਦੀ ਵਿਚ ਕ੍ਰਿਸਮਿਸ ਦੌਰਾਨ ਕ੍ਰਿਸਮਿਸ ਟਰੀ ਦੀ ਆਮ ਵਰਤੋਂ ਹੋਣ ਲੱਗੀ। ਅੱਜ ਅਮਰੀਕਾ ਇਕ ਧਰਮ ਨਿਰਪੱਖ ਦੇਸ ਹੋਣ ਦੇ ਬਾਵਜੂਦ ਕ੍ਰਿਸਮਿਸ ਮੌਕੇ ਸਰਕਾਰੀ ਤੌਰ ‘ਤੇ ਵਾਸ਼ਿੰਗਟਨ ਵਿਚ ਕੋਈ ਅੱਸੀ ਫੁੱਟ ਉੱਚਾ ਕ੍ਰਿਸਮਸ ਟਰੀ ਲਗਾਉਂਦਾ ਹੈ ਅਤੇ ਅਮਰੀਕਾ ਦਾ ਪ੍ਰਧਾਨ ਉਸ ‘ਤੇ ਲੱਗੀਆਂ ਬੱਤੀਆਂ ਜਗਾਉਣ ਲਈ ਸਵਿੱਚ ਆਨ ਕਰਦਾ ਹੈ।
ਸੈਂਟਾ ਕਲਾਸ ਦੀ ਆਮਦ ਕ੍ਰਿਸਮਿਸ ਵਿਚ ਸੈਂਟਾ ਕਲਾਸ ਲਿਆਉਣ ਦਾ ਸੁਪਨਾ ਨਿਊਯਾਰਕ ਦੇ ਇਕ ਲੇਖਕ ਕਲਮੀਨਟ ਕਲਾਰਕ ਮੂਰ ਨੇ ਸੰਨ 1823 ਵਿਚ ਲਿਆ। ਕਾਰਟੂਨਿਸਟ ਥੌਮਸ ਨਾਸਟ ਨੇ ਉਸ ਦੀ ਰੂਪ ਰੇਖਾ ਉਲੀਕੀ। ਲਾਲ ਕੋਟ ਵਿਚ ਲਪੇਟਿਆ ਹੋਇਆ ਢਿੱਲਾ ਜਿਹਾ ਵੱਡਾ ਸਾਰਾ ਢਿੱਡ, ਢਿੱਲੀ ਜਿਹੀ ਲਾਲ ਪੈਂਟ,ਸਫੇਦ ਲੰਮੀ ਦਾਹੜੀ,ਸਿਰ ਉੱਤੇ ਲਾਲ ਟੋਪੀ ਪਹਿਨ ਕੇ ਜਦੋਂ ਸੈਂਟਾ ਕਲਾਸ ਸਾਹਮਣੇ ਆਇਆ ਤਾਂ ਉਸਦੇ ਚੀਚ ਵਹੁਟੀ (ਬਰਸਾਤ ਰੁੱਤੇ ਨਿਕਲਣ ਵਾਲੀ ਮਖ਼ਮਲੀ ਲਾਲ ਰੰਗ ਦੀ ਭੂੰਡੀ) ਦੇ ਰੂਪ ਨੇ ਸਭਨਾਂ ਦਾ, ਖਾਸ ਕਰ ਬੱਚਿਆਂ ਦਾ ਮਨ ਮੋਹ ਲਿਆ। ਇਸਦਾ ਪਿਛੋਕੜ ਸੇਂਟ ਨਿਕਲਸ ਜਾਂ ਸੇਂਟ ਲੂਸੀ ਨਾਲ ਜੋੜਿਆ ਜਾਂਦਾ ਹੈ, ਜੋ ਪਰਉਪਕਾਰੀ ਸਨ ਅਤੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ। ਸੈਂਟਾ ਕਲਾਸ ਦੇ ਆਉਣ ਨਾਲ ਗਿਫਟ ਲੈਣ ਦੇਣ ਦੀ ਅਮਰੀਕਨ, ਡੱਚ ਅਤੇ ਇੰਗਲਿਸ਼ ਰਵਾਇਤ ਨੂੰ ਬੜਾ ਬੜ੍ਹਾਵਾ ਮਿਲਿਆ। ਸੈਂਟਾ ਕਲਾਸ ਦੇ ਆਉਣ ਤੋਂ ਪਹਿਲਾਂ ਬੱਚਿਆਂ ਦਾ ਕ੍ਰਿਸਮਿਸ ਨਾਲ ਕੋਈ ਸਬੰਧ ਨਹੀਂ ਸੀ। ਇਸਦੇ ਆਉਂਦਿਆਂ ਸਾਰ ਹੀ ਇਹ ਵਿਉਪਾਰੀਆਂ ਦਾ ਤਾਂ ਮਸੀਹਾ ਬਣ ਗਿਆ। ਮਾਪੇ ਆਪਣੇ ਬੱਚਿਆਂ ਨੂੰ ਸੈਂਟਾ ਕਲਾਸ ਦੀ ਗੋਦੀ ਵਿਚ ਬਿਠਾ ਕੇ ਤਸਵੀਰਾਂ ਖਿਚਵਾਉਂਦੇ ਹਨ। ਸਟੋਰ ਆਇਆ ਬੱਚਾ ਕੁਝ ਨਾ ਕੁਝ ਖਰੀਦਣ ਲਈ ਮਾਂ ਬਾਪ ਨੂੰ ਮਜਬੂਰ ਕਰ ਹੀ ਦਿੰਦਾ ਹੈ। ਵਿਉਪਾਰੀ ਤਬਕੇ ਵਲੋਂ ਗਿਫਟ ਦੀ ਅਖਬਾਰਾਂ ਰਾਹੀਂ ਗਿਫਟ ਲਿਸਟ ਅਠਾਰਵੀਂ ਸਦੀ ਵਿਚ ਸ਼ੁਰੂ ਹੋਈ, ਜੋ ਅੱਜ ਸਿਖਰਾਂ ‘ਤੇ ਹੈ। ਅੱਜ ਕਲ ਤਾਂ ਅਕਤੂਬਰ ਲੰਘਦਿਆਂ ਹੀ ਕ੍ਰਿਸਮਿਸ … ਕ੍ਰਿਸਮਿਸ … ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਖਿਡੌਣੇ ਅਤੇ ਹੋਰ ਘਰ ਵਿਚ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਨਾਲ ਸਾਰੇ ਸਟੋਰ ਨੱਕੋ ਨੱਕ ਭਰ ਦਿੱਤੇ ਜਾਂਦੇ ਹਨ। ਸਟੋਰਾਂ ਦਾ ਹਾਰ ਸ਼ਿੰਗਾਰ ਲੋਕਾਈ ਲਈ ਖਿੱਚ ਦਾ ਕਾਰਨ ਬਣਦਾ ਹੈ। ਕਈ ਲੋਕ ਤਾਂ ‘ਸਭ ਦਾ ਭਲਾ’ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਖਰਚਣ ਤੋਂ ਪਹਿਲਾਂ ਹੀ ਆਪਣੀ ਜੇਬ ਦਾ ਅੰਦਾਜ਼ਾ ਲਾ ਲੈਂਦੇ ਹਨ ਪਰ ਬਹੁਤ ਸਾਰੇ ਜੇਬ ਵਿਚ ਹੀ ਬਾਣੀਏ ਦਾ ‘ਬਹੀ ਖਾਤਾ’ ਕਰੈਡਿਟ ਕਾਰਡ ਦੇ ਰੂਪ ਵਿਚ ਲਈ ਫਿਰਦੇ ਹਨ। ਬਸ ‘ਸੱਭ ਦਾ ਭਲਾ’ ਦੇ ਲੜ ਲੱਗ ਕੇ ਕਈ ਇੰਨੇ ਵਿਤੋਂ ਬਾਹਰੇ ਹੋ ਵਗਦੇ ਹਨ ਕਿ ਉਹਨਾਂ ਨੂੰ ਕਰੈਡਟ ਕਾਰਡ ਦੇ ਕਰਜ਼ੇ ਥੱਲਿਓਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਜਿਸ ਪਾਸ ਕੋਈ ਗਿਫਟ ਦਾ ਬੌਕਸ ਖੋਲ੍ਹਣ ਨੂੰ ਨਹੀਂ, ਉਹ ਉਦਾਸ ਹੋ ਜਾਂਦਾ ਹੈ। ਆਰਥਕ ਪੱਖੋਂ ਕਮਜ਼ੋਰ ਬੱਚਿਆਂ ਲਈ ਕਈ ਸੰਸਥਾਵਾਂ ਗਿਫਟ ਦਿੰਂਦੀਆਂ ਹਨ। ਕ੍ਰਿਸਮਿਸ ਡਿਨਰ ਵੀ ਵਰਤਾਏ ਜਾਂਦੇ ਹਨ। ਹਰ ਕੋਈ ਇਕ ਦੂਸਰੇ ਦੀ ਖੁਸ਼ੀ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ।ਇਹੋ ਜਿਹੇ ਤਿਓਹਾਰ ਖੁਸ਼ੀਆਂ ਖੇੜਿਆਂ ਲਈ ਹੁੰਦੇ ਹਨ, ਚਾਹੇ ਉਹ ਕਿਸੇ ਫਿਰਕੇ ਜਾਂ ਕਿਸੇ ਵੀ ਧਰਮ ਨਾਲ ਸਬੰਧ ਕਿਉਂ ਨਾ ਰੱਖਦੇ ਹੋਵੇ। ਪਰ ਜਦ ਇਹੋ ਜਿਹੇ ਖੁਸ਼ੀ ਦੇ ਅਵਸਰ ਨੂੰ ਵੀ ਜੰਗਬਾਜ਼ ਆਪਣੀ ਹੈਂਕੜ ਪੁਗਾਉਣ ਲਈ ਬਾਰੂਦ ਦੇ ਧੂਏਂ ਨਾਲ ਧੁੰਦਲਾ ਕਰ ਦਿੰਦੇ ਹਨ ਤਾਂ ਅਪਾਹਜਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ। ਮਾਤਮ ਦੀਆਂ ਸਫਾਂ ਵਿੱਛ ਜਾਂਦੀਆਂ ਹਨ। ਧਰਮਾਂ ਅਤੇ ਸੱਭਿਅਤਾਵਾਂ ਦੇ ਵਧ ਰਹੇ ਵਿਰੋਧ ਕਾਰਨ ਕ੍ਰਿਸਮਿਸ ਹੀ ਨਹੀਂ, ਸੰਸਾਰ ਦਾ ਹਰ ਤਿਉਹਾਰ ਅੱਜ ਬੰਦੂਕਾਂ ਦੀ ਛਾਂ ਥੱਲੇ ਮਨਾਇਆ ਜਾ ਰਿਹਾ ਹੈ