ਕੋਲੰਬੋ ਹਾਈ ਕੋਰਟ ਨੇ ਬੁੱਧਵਾਰ ਨੂੰ ਸਾਬਕਾ ਰੱਖਿਆ ਸਕੱਤਰ ਹੇਮਾਸਿਰੀ ਫਰਨਾਂਡੋ ਤੇ ਮੁਅੱਤਲ ਪੁਲਿਸ ਮੁਖੀ ਪੁਜਿਤ ਜੈਸੁੰਦਰਾ ਦੀ ਮੁੜ ਗਿ੍ਫ਼ਤਾਰੀ ਦਾ ਆਦੇਸ਼ ਦਿੱਤਾ ਹੈ।
ਸ੍ਰੀਲੰਕਾ ਵਿਚ ਈਸਟਰ ਦੇ ਦਿਨ ਹੋਏ ਸਿਲਸਿਲੇਵਾਰ ਹਮਲਿਆਂ ਨੂੰ ਰੋਕਣ ਵਿਚ ਅਸਫਲ ਰਹਿਣ ਦੇ ਮਾਮਲੇ ਵਿਚ ਦੋਵਾਂ ਨੂੰ 23 ਅਕਤੂਬਰ ਤਕ ਰਿਮਾਂਡ ‘ਤੇ ਭੇਜਿਆ ਗਿਆ ਹੈ। ਤਿੰਨ ਮਹੀਨੇ ਪਹਿਲਾਂ ਇਕ ਸਥਾਨਕ ਕੋਰਟ ਨੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਸੀ।
ਜ਼ਿਕਰਯੋਗ ਹੈ ਕਿ 21 ਅਪ੍ਰਰੈਲ ਨੂੰ ਈਸਟਰ ਦੇ ਦਿਨ ਇਸਲਾਮਿਕ ਸਟੇਟ ਸਮਰਥਕ ਨੈਸ਼ਨਲ ਤੌਹੀਦ ਜਮਾਤ ਨੇ ਚਰਚ ਤੇ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਹਮਲੇ ਵਿਚ 258 ਲੋਕਾਂ ਦੀ ਜਾਨ ਗਈ ਸੀ। ਹਮਲੇ ਦੇ ਖ਼ਦਸ਼ੇ ਨੂੰ ਲੈ ਕੇ ਭਾਰਤ ਤੇ ਹੋਰ ਥਾਵਾਂ ਤੋਂ ਆਈ ਖ਼ੁਫ਼ੀਆ ਜਾਣਕਾਰੀ ‘ਤੇ ਕਥਿਤ ਤੌਰ ‘ਤੇ ਕੋਈ ਕਦਮ ਨਾ ਚੁੱਕਣ ਲਈ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨ ਨੇ ਜੈਸੁੰਦਰਾ ਤੇ ਫਰਨਾਂਡੋ ਨੂੰ ਮੁਅੱਤਲ ਕਰ ਦਿੱਤਾ ਸੀ। ਫਿਰ ਅਟਾਰਨੀ ਜਨਰਲ ਦਾਪੁਲਾ ਲਿਵੇਰਾ ਨੇ ਇਨ੍ਹਾਂ ‘ਤੇ ਮੁਕੱਦਮਾ ਚਲਾਉਣ ਨੂੰ ਲੈ ਕੇ ਪਟੀਸ਼ਨ ਦਿੱਤੀ ਸੀ, ਜਿਸ ਤੋਂ ਬਾਅਦ ਜੁਲਾਈ ਵਿਚ ਦੋਵੇਂ ਗਿ੍ਫ਼ਤਾਰ ਹੋਏ ਸਨ।
9 ਜੁਲਾਈ ਨੂੰ ਸਥਾਨਕ ਕੋਰਟ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਕਿ ਪੁਲਿਸ ਜਾਂ ਕਿਸੇ ਹੋਰ ਨੂੰ ਖ਼ੁਸ਼ ਕਰਨ ਲਈ ਕਿਸੇ ਨੂੰ ਜੇਲ੍ਹ ਵਿਚ ਨਹੀਂ ਰੱਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਹਮਲੇ ਦੇ ਖ਼ਦਸ਼ੇ ਦੀ ਅਣਦੇਖੀ ਦੀ ਜਾਂਚ ਲਈ ਰਾਸ਼ਟਰਪਤੀ ਨੇ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਸੀ। ਪੈਨਲ ਨੇ ਇਸ ਮਾਮਲੇ ਵਿਚ ਦੋਵਾਂ ਨਾਲ 9 ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਮੁਲਜ਼ਮ ਕਰਾਰ ਦਿੱਤਾ ਹੈ।